ਸੰਵਾਦ ਸਹਿਯੋਗੀ, ਜਲੰਧਰ : ਪੰਜਾਬ ਦੀ ਮਸ਼ਹੂਰ ਗਾਇਕਾ ਜੋਤੀ ਨੂਰਾਂ (Jyoti Nooran) ਤੇ ਉਸ ਦੇ ਪਤੀ ਕੁਨਾਲ ਪਾਸੀ (Kunal Passi) ਵਿਚਕਾਰ ਚੱਲ ਰਿਹਾ ਵਿਵਾਦ ਸੁਲਝ ਗਿਆ ਹੈ। ਸ਼ਨਿੱਚਰਵਾਰ ਨੂੰ ਦੋਵਾਂ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਉਨ੍ਹਾਂ ਦਾ ਆਪਸ 'ਚ ਕੋਈ ਵਿਵਾਦ ਨਹੀਂ ਰਿਹਾ, ਦੋਵੇਂ ਹੁਣ ਇਕ ਹਨ। ਜੋਤੀ ਨੂਰਾਂ ਨੇ ਦੱਸਿਆ ਕਿ ਲੋਕਾਂ ਦੀਆਂ ਦੁਆਵਾਂ ਸਦਕਾ ਉਸ ਦੇ ਤੇ ਉਸ ਦੇ ਪਤੀ ਵਿਚਕਾਰ ਚੱਲ ਰਿਹਾ ਵਿਵਾਦ ਸੁਲਝਾ ਲਿਆ ਗਿਆ ਹੈ। ਉਸ ਦੇ ਪਤੀ ਨੇ ਉਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।

ਉੱਥੇ ਹੀ ਕੁਨਾਲ ਪਾਸੀ ਨੇ ਕਿਹਾ ਕਿ ਕੁਝ ਲੋਕਾਂ ਨੇ ਉਨ੍ਹਾਂ ਵਿਚਕਾਰ ਦੂਰੀਆਂ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਅਜਿਹੇ ਲੋਕਾਂ ਦੀ ਸਾਜ਼ਿਸ਼ ਕਾਮਯਾਬ ਨਹੀਂ ਹੋ ਸਕੀ ਕਿਉਂਕਿ ਉਨ੍ਹਾਂ ਦੇ ਚਾਹੁਣ ਵਾਲਿਆਂ ਦੀਆਂ ਦੁਆਵਾਂ ਨਾਲ ਹਨ। ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਿਚਕਾਰ ਦੁਬਾਰਾ ਅਜਿਹਾ ਕੋਈ ਝਗੜਾ ਨਹੀਂ ਹੋਵੇਗਾ। ਉੱਥੇ ਹੀ ਜੋਤੀ ਨੂਰਾਂ ਦੇ ਵਕੀਲ ਕਮਲ ਨੇ ਦੱਸਿਆ ਕਿ ਦੋਵੇਂ ਤਲਾਕ ਦਾ ਕੇਸ ਵਾਪਸ ਲੈਣ ਜਾ ਰਹੇ ਹਨ।

ਦੱਸ ਦੇਈਏ ਕਿ ਬੀਤੇ ਦਿਨੀਂ ਗਾਇਕਾ ਜੋਤੀ ਨੂਰਾਂ ਨੇ ਆਪਣੇ ਪਤੀ ਕੁਨਾਲ ਦੇ ਪਤੀ 'ਤੇ ਨਸ਼ਾ ਕਰਨ ਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਸੀ। ਇਸ ਕਾਰਨ ਉਸ ਨੇ ਕਿਹਾ ਸੀ ਕਿ ਉਸ ਦੇ ਪਤੀ ਨੇ ਕਰੋੜਾਂ ਰੁਪਏ ਦਾ ਗਬਨ ਕੀਤਾ ਹੈ। ਜੋਤੀ ਨੂਰਾਂ ਨੇ ਆਪਣੇ ਪਤੀ ਖਿਲਾਫ ਤਲਾਕ ਦਾ ਕੇਸ ਦਰਜ ਕਰਵਾਇਆ ਸੀ। ਕੁਨਾਲ ਨੇ ਵੀ ਜੋਤੀ ਨੂਰਾਂ 'ਤੇ ਕਈ ਦੋਸ਼ ਲਾਏ ਸਨ।

Posted By: Seema Anand