ਜਤਿੰਦਰ ਪੰਮੀ, ਜਲੰਧਰ : ਵੀਰਵਾਰ ਨੂੰ ਪੰਜ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਗਏ। ਇਨ੍ਹਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਟਿਸ ਜ਼ੋਰਾ ਸਿੰਘ, ਉਨ੍ਹਾਂ ਦੇ ਕਵਰਿੰਗ ਉਮੀਦਵਾਰ ਵਜੋਂ ਸਪੁੱਤਰ ਹਰਮਨਦੀਪ ਸਿੰਘ ਸਰੋਏ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ (ਅੰਬੇਡਕਰ) ਦੇ ਤਾਰਾ ਸਿੰਘ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕਰੇਟਿਕ) ਦੇ ਹਰੀ ਮਿੱਤਰ ਤੇ ਆਜ਼ਾਦ ਉਮੀਦਵਾਰ ਸੁਖਦੇਵ ਸਿੰਘ ਸ਼ਾਮਲ ਹਨ। ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸੇਵਾਮੁਕਤ ਜੱਜ ਜਸਟਿਸ ਜ਼ੋਰਾ ਸਿੰਘ ਦੇ ਮੁਕਾਬਲੇ ਉਨ੍ਹਾਂ ਦੀ ਪਤਨੀ ਜਿੰਦਰ ਕੌਰ ਜ਼ਿਆਦਾ ਅਮੀਰ ਹੈ। ਚੋਣ ਕਮਿਸ਼ਨ ਕੋਲ ਦਾਖ਼ਲ ਕੀਤੇ ਨਾਮਜ਼ਦਗੀ ਪੱਤਰਾਂ ਵਿਚ ਆਮਦਨ ਦੇ ਵਸੀਲਿਆਂ ਤੇ ਹੋਰ ਚੱਲ ਤੇ ਅਚੱਲ ਜਾਇਦਾਦ ਦੇ ਦਿੱਤੇ ਗਏ ਵੇਰਵਿਆਂ ਮੁਤਾਬਕ ਜਸਟਿਸ ਜ਼ੋਰਾ ਸਿੰਘ ਦੀ ਸਾਲਾਨਾ ਆਮਦਨ 16,47,909 ਰੁਪਏ ਹੈ, ਜਦੋਂਕਿ ਉਨ੍ਹਾਂ ਦੀ ਪਤਨੀ ਜਿੰਦਰ ਕੌਰ ਦੀ ਸਾਲਾਨਾ ਆਮਦਨ 4,24,462 ਰੁਪਏ ਹੈ। ਆਪ ਉਮੀਦਵਾਰ ਦਾ ਬੈਂਕ ਬੈਲੇਂਸ ਤੇ ਚੱਲ ਜਾਇਦਾਦ 69,78,842 ਰੁਪਏ, ਜਦੋਂਕਿ ਅਚੱਲ ਜਾਇਦਾਦ 1,85,15,000 ਰੁਪਏ ਹੈ। ਉਨ੍ਹਾਂ ਦੇ ਮੁਕਾਬਲੇ ਪਤਨੀ ਦਾ ਬੈਂਕ ਬੈਲੇਂਸ ਤੇ ਚੱਲ ਜਾਇਦਾਦ 79,89,351 ਰੁਪਏ, ਜਦੋਂਕਿ ਅੱਚਲ ਜਾਇਦਾਦ 2,11,00,000 ਰੁਪਏ ਹੈ। ਜਸਟਿਸ ਦੀ ਪਤਨੀ ਦੇ ਨਾਂ 'ਤੇ ਵੱਖ-ਵੱਖ ਬੈਂਕਾਂ 'ਚ ਐੱਫਡੀਆਰਜ਼ ਹਨ। ਦੋਵਾਂ ਕੋਲ ਅਚੱਲ ਜਾਇਦਾਦ 'ਚ ਖੇਤੀਬਾੜੀ ਵਾਲੀ ਜ਼ਮੀਨ ਤੋਂ ਇਲਾਵਾ ਗੈਰ-ਖੇਤੀ ਜ਼ਮੀਨ ਤੇ ਰਿਹਾਇਸ਼ੀ ਇਮਾਰਤਾਂ ਤੇ ਪਲਾਟ ਵੀ ਸ਼ਾਮਲ ਹਨ। ਜਸਟਿਸ ਕੋਲ ਲੈਂਡ ਰੋਵਰ ਕਾਰ ਹੈ, ਜਦੋਂਕਿ ਪਤਨੀ ਕੋਲ ਕੋਈ ਵਾਹਨ ਨਹੀਂ ਹੈ। ਸੋਨੇ ਦੇ ਗਹਿਣਿਆਂ ਦੇ ਮਾਮਲੇ 'ਚ ਵੀ ਪਤਨੀ ਜਿੰਦਰ ਕੌਰ ਕੋਲ ਪਤੀ ਦੇ ਮੁਕਾਬਲੇ ਜ਼ਿਆਦਾ ਗਹਿਣੇ ਹਨ। ਜ਼ੋਰਾ ਸਿੰਘ ਕੋਲ 60 ਗ੍ਰਾਮ ਸੋਨੇ ਦੇ ਗਹਿਣੇ ਹਨ, ਜਿਨ੍ਹਾਂ ਦੀ ਮੌਜੂਦਾ ਕੀਮਤ 1,92,000 ਰੁਪਏ ਹੈ ਤੇ ਜਿੰਦਰ ਕੌਰ ਕੋਲ 250 ਗ੍ਰਾਮ ਸੋਨੇ ਦੇ ਗਹਿਣੇ ਹਨ, ਜਿਨ੍ਹਾਂ ਦੀ ਬਾਜ਼ਾਰੀ ਕੀਮਤ 8 ਲੱਖ ਰੁਪਏ ਬਣਦੀ ਹੈ।

ਸੇਵਾਮੁਕਤ ਜੱਜ ਨੇ ਆਪਣੀ ਰਿਹਾਇਸ਼ ਦਾ ਪਤਾ ਹਾਊਸ ਨੰਬਰ 147, ਸੈਕਟਰ-16ਏ, ਚੰਡੀਗੜ੍ਹ ਦਾ ਦਿੱਤਾ ਹੈ ਜਦੋਂਕਿ ਉਨ੍ਹਾਂ ਨੇ ਆਪਣਾ ਜੱਦੀ ਪਿੰਡ ਢੁੱਡੀਕੇ, ਜ਼ਿਲ੍ਹਾ ਫਿਰੋਜ਼ਪੁਰ ਲਿਖਿਆ ਹੈ। ਉਨ੍ਹਾਂ ਨੇ ਬੈਚੂਲਰ ਆਫ ਸਾਇੰਸ ਦੀ ਡਿਗਰੀ 1971 ਵਿਚ ਐੱਲਆਰਸੀ ਕਾਲਜ ਢੁੱਡੀਕੇ ਤੋਂ ਤੇ ਬੈਚੂਲਰ ਆਫ ਲਾਅ ਪ੍ਰਰੋਫੈਸ਼ਨਲ ਦੀ ਡਿਗਰੀ 1974 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹਾਸਲ ਕੀਤੀ ਹੋਈ ਹੈ। ਜਸਟਿਸ ਜ਼ੋਰਾ ਸਿੰਘ ਹਾਈ ਕੋਰਟ ਦੇ ਸੇਵਾਮੁਕਤ ਜੱਜ ਹਨ, ਜਦੋਂਕਿ ਉਨ੍ਹਾਂ ਦੀ ਪਤਨੀ ਸਰਕਾਰੀ ਸੈਕੰਡਰੀ ਸਕੂਲ ਵਿਚੋਂ ਪਿ੍ਰੰਸੀਪਲ ਸੇਵਾਮੁਕਤ ਹੋਏ ਹਨ।

ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕਰਵਾਉਣ ਵਾਲੇ ਹਰਮਨਦੀਪ ਸਿੰਘ ਸਰੋਏ ਦੀ ਸਾਲਾਨਾ ਆਮਦਨ 5,51,680 ਰੁਪਏ ਹੈ, ਜਦੋਂਕਿ ਉਸ ਦੀ ਪਤਨੀ ਪਰਦੀਪ ਕੌਰ ਦੀ ਕੋਈ ਆਮਦਨ ਨਹੀਂ ਹੈ। ਹਰਮਨਦੀਪ ਕੋਲ 50,000 ਦੀ ਨਕਦੀ ਹੈ, ਜਦੋਂਕਿ ਪਰਦੀਪ ਕੌਰ ਕੋਲ 25,000 ਰੁਪਏ ਦੀ ਨਕਦੀ ਹੈ। ਪਤੀ ਕੋਲ 100 ਗ੍ਰਾਮ ਤੇ ਪਤਨੀ ਕੋਲ 200 ਗ੍ਰਾਮ ਸੋਨੇ ਦੇ ਗਹਿਣੇ ਹਨ। ਕਵਰਿੰਗ ਉਮੀਦਵਾਰ ਕੋਲ 32 ਬੋਰ ਦਾ ਪਿਸਤੌਲ ਵੀ ਹੈ। ਪਤੀ-ਪਤਨੀ ਕੋਲ ਕ੍ਰਮਵਾਰ ਚੱਲ ਜਾਇਦਾਦ 74,75,516 ਰੁਪਏ ਤੇ 9,37,943 ਰੁਪਏ ਹੈ, ਜਦੋਂਕਿ ਅੱਚਲ ਜਾਇਦਾਦ 1.97 ਕਰੋੜ ਹੈ ਪਰ ਪਤਨੀ ਦੇ ਨਾਂ 'ਤੇ ਕੋਈ ਅਚੱਲ ਜਾਇਦਾਦ ਨਹੀਂ ਹੈ।

ਬਹੁਜਨ ਸਮਾਜ ਪਾਰਟੀ (ਅੰਬੇਡਕਰ) ਦੇ ਤਾਰਾ ਸਿੰਘ ਵਾਸੀ ਪਿੰਡ ਤੇ ਡਾਕਖਾਨ ਗਿੱਲ ਤਹਿਸੀਲ ਨਕੋਦਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 14,64,777 ਰੁਪਏ ਹੈ ਤੇ ਉਹ ਖੇਤੀਬਾੜੀ ਕਰਦੇ ਹਨ। ਉਨ੍ਹਾਂ ਕੋਲ ਖੇਤੀਬਾੜੀ ਲਈ 20 ਏਕੜ ਜ਼ਮੀਨ ਹੈ, ਜੋ ਕਿ ਠੇਕੇ ਉਪਰ ਲਈ ਹੋਈ ਹੈ। ਉਹ ਪੰਜਵੀਂ ਪਾਸ ਹਨ।

ਇਸੇ ਤਰ੍ਹਾਂ ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕਰੇਟਿਕ) ਦੇ ਹਰੀ ਮਿੱਤਰ ਵਾਸੀ ਹਾਊਸ ਨੰਬਰ 388, ਨੂਰਪੁਰ ਜਲੰਧਰ ਕੋਲ ਆਪਣਾ 289 ਵਰਗ ਫੁੱਟ ਦੇ ਰਕਬੇ ਵਿਚ ਘਰ ਹੈ, ਜਿਸ ਦੀ ਮੌਜੂਦਾ ਕੀਮਤ 8 ਲੱਖ ਰੁਪਏ ਬਣਦੀ ਹੈ। ਹਰੀ ਮਿੱਤਰ ਤੇ ਉਸ ਦੀ ਪਤਨੀ ਰਾਜ ਰਾਣੀ ਕੋਲ ਸਿਰਫ਼ 500-500 ਰੁਪਏ ਦੀ ਨਕਦੀ ਹੈ। ਹਰੀ ਮਿੱਤਰ 7ਵੀਂ ਪਾਸ ਹੈ।

ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਸੁਖਦੇਵ ਸਿੰਘ ਪੁੱਤਰ ਗੁਰਦਾਸ ਰਾਮ ਵਾਸੀ ਸੰਘ ਢੇਸੀਆਂ ਕੋਲ 50,000 ਦੀ ਨਕਦੀ ਜਦੋਂਕਿ ਉਨ੍ਹਾਂ ਦੀ ਪਤਨੀ ਜੋਤੀ ਬਾਲਾ ਕੋਲ 25,000 ਦੀ ਨਕਦੀ ਹੈ। ਸੁਖਦੇਵ ਦਾ ਬੈਂਕ ਬੈਲੇਂਸ 20,000 ਰੁਪਏ, ਜਦੋਂਕਿ ਉਨ੍ਹਾਂ ਕੋਲ ਪਿੰਡ ਵਿਚ ਪੰਜ ਮਰਲੇ ਦਾ ਘਰ ਹੈ, ਜਿਸ ਦੀ ਮੌਜੂਦਾ ਕੀਮਤ ਤਿੰਨ ਲੱਖ ਰੁਪਏ ਬਣਦੀ ਹੈ।