ਬਲਵਿੰਦਰ ਸਿੰਘ, ਜਲੰਧਰ

ਵਾਰਡ ਨੰ. 62 ਵਿੱਚ ਆਉਂਦੇ ਕੈਲਾਸ਼ ਨਗਰ, ਨਿਊ ਕੈਲਾਸ਼ ਨਗਰ, ਗੋਬਿੰਦ ਨਗਰ 'ਚ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਵਾਲਾ ਗੰਦਾ ਪਾਣੀ ਆਉਣ ਕਰਕੇ ਇਲਾਕੇ ਵਿੱਚ ਪੀਲੀਆ ਤੇ ਪੇਟ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ। ਕੈਲਾਸ਼ ਨਗਰ ਤੇ ਨਿਊ ਕੈਲਾਸ਼ ਨਗਰ ਵਾਸੀ ਵਿਕਾਸ ਭੰਡਾਰੀ, ਰੋਸ਼ਨ ਲਾਲ ਗੁਪਤਾ, ਸੁਰਿੰਦਰ ਕੁਮਾਰ ਗੁਪਤਾ, ਅਨੀਤਾ ਸਹਿਗਲ, ਮੁਕਤਾ ਭੰਡਾਰੀ, ਪ੍ਰਰੀਤੀ ਬਾਂਸਲ ਅਤੇ ਹੋਰ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਅੱਠ ਮਹੀਨਿਆਂ ਤੋਂ ਮੁੁਹੱਲੇ ਵਿੱਚ ਗੰਦਾ ਪਾਣੀ ਆ ਰਿਹਾ ਹੈ। ਜੇ ਕਦੇ ਸਾਫ ਪਾਣੀ ਵੀ ਆਉਂਦਾ ਹੈ ਤਾਂ ਉਸ ਵਿੱਚਂੋ ਬੜੀ ਬਦਬੂ ਹੁੰਦੀ ਹੈ ਜਿਸ ਕਰਕੇ ਪੀਣ ਵਾਲੇ ਪਾਣੀ ਦੀ ਬੜੀ ਮੁਸ਼ਕਲ ਬਣੀ ਹੋਈ ਹੈ। ਇਲਾਕੇ ਵਿੱਚ ਬੱਚਿਆਂ ਨੂੰ ਪੀਲੀਆ ਤੇ ਪੇਟ ਦੀਆਂ ਭਿਆਨਕ ਬਿਮਾਰੀਆਂ ਲੱਗ ਰਹੀਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਸਭ ਪੀਣ ਵਾਲੇ ਗੰਦੇ ਪਾਣੀ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਮੁਹੱਲੇ ਦੇ 25 ਘਰਾਂ ਨੇ ਪਾਣੀ ਦੀਆਂ ਪਾਈਪਾਂ ਬਦਲਵਾਈਆਂ ਸਨ ਪਰ ਫਿਰ ਵੀ ਗੰਦਾ ਪਾਣੀ ਆਉਣਾ ਬੰਦ ਨਹੀਂ ਹੋਇਆ। ਹੁਣ ਗਰਮੀਆਂ ਸ਼ੁਰੂ ਹੋਣ 'ਤੇ ਮੁਸ਼ਕਲ ਹੋਰ ਵਧ ਗਈ ਹੈ ਜਿਸ ਕਰਕੇ ਸਾਰੇ ਮੁਹੱਲਾ ਵਾਸੀਆਂ ਨੇ ਮਿਲ ਕੇ ਕੌਂਂਸਲਰ ਦੀਪਕ ਸ਼ਾਰਦਾ ਨੂੰ ਕਈ ਵਾਰ ਸ਼ਿਕਾਇਤ ਵੀ ਕੀਤੀ ਪਰ ਉਨ੍ਹਾਂ ਇਸ ਦਾ ਕੋਈ ਹੱਲ ਨਹੀਂ ਕੱਿਢਆ। ਹੁਣ ਉਨ੍ਹਾਂ ਸਾਰਿਆਂ ਨੇ ਮਿਲ ਕੇ ਇਲਾਕੇ ਵਿੱਚ 20-25 ਸਾਲਾਂ ਪਹਿਲਾਂ ਤੋਂ ਲੱਗਾ ਆਇਆ ਟਿਊਬਵੈੱਲ ਜੋ ਦੋ ਸਾਲਾਂ ਤੋਂ ਬੰਦ ਸੀ, ਦੀ ਮੁਰੰਮਤ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਕੰਮ ਵਿੱਚ ਨਾਲ ਦੇ ਵਾਰਡ ਦੇ ਕੌਂਸਲਰਪਤੀ ਮਾਈਕ ਖੋਸਲਾ ਉਨ੍ਹਾਂ ਦੀ ਮਦਦ ਕਰ ਰਹੇ ਹਨ।

ਇਸ ਮੌਕੇ ਮੁਹੱਲੇ ਦੇ ਹਿਤੇਸ਼ ਭੰਡਾਰੀ, ਰਮਨੀਕ ਗੁਪਤਾ, ਜਤਿੰਦਰ ਚੋਪੜਾ, ਵਿਸ਼ਾਲ ਬਾਂਸਲ, ਰਾਕੇਸ਼ ਸਹਿਗਲ, ਨਵੀਨ ਮਲਹੋਤਰਾ, ਰਾਜ ਕੁਮਾਰ ਭਲਵਾਨ, ਸੁਸ਼ੀਲ ਤਲਵਾੜ, ਮੰਜੂ ਤਲਵਾੜ, ਸ਼ਕਤੀ ਭੰਡਾਰੀ, ਬਲਵਿੰਦਰ ਕੌਰ ਅਤੇ ਹੋਰ ਬਹੁਤ ਸਾਰੇ ਮੁਹੱਲਾ ਵਾਸੀ ਹਾਜ਼ਰ ਸਨ।

ਜਦੋਂ ਇਸ ਬਾਰੇ ਵਾਰਡ ਨੰਬਰ 62 ਦੇ ਕੌਂਸਲਰ ਦੀਪਕ ਸ਼ਾਰਦਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਵੇਲੇ ਹਾਜ਼ਰ ਹਨ ਪਰ ਇਲਾਕੇ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਨਹੀਂ ਗਿਆ।

ਵਾਰਡ ਨੰਬਰ 61 ਦੇ ਕੌਂਸਲਰ ਪਤੀ ਮਾਈਕ ਖੋਸਲਾ ਦਾ ਕਹਿਣਾ ਹੈ ਕਿ ਇਹ ਇਲਾਕਾ ਪਹਿਲਾਂ ਉਨ੍ਹਾਂ ਦੇ ਵਾਰਡ ਵਿੱਚ ਆਉਂਦਾ ਸੀ ਅਤੇ ਇੱਥੇ ਉਨ੍ਹਾਂ ਦੇ ਸਾਰੇ ਜਾਣਕਾਰ ਪਰਿਵਾਰ ਰਹਿੰਦੇ ਹਨ ਅਤੇ ਉਨ੍ਹਾਂ ਸਾਰਿਆਂ ਕੌਂਸਲਰਾਂ ਨੂੰ ਉੱਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਦੀ ਸੇਵਾ ਦੇ ਕੰਮ ਕਰਵਾਉਣ ਦਾ ਆਦੇਸ਼ ਹੈ। ਇਸ ਮੁਹੱਲੇ ਦੇ ਲੋਕ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਗੰਦਾ ਪਾਣੀ ਆਉਣ ਕਰਕੇ ਬਿਮਾਰੀਆਂ ਫੈਲ ਰਹੀਆਂ ਸਨ। ਉਨ੍ਹਾਂ ਸਿਰਫ ਇਨ੍ਹਾਂ ਨਾਲ ਖੜ੍ਹੇ ਹੋ ਕੇ ਇਨ੍ਹਾਂ ਦੇ ਇਲਾਕੇ ਦੇ ਟਿਊਬਵੈੱਲ ਨੂੰ ਚਾਲੂ ਕਰਵਾਉਣ ਲਈ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੰਮ ਤਾਂ ਜਨਤਾ ਦੀ ਸੇਵਾ ਕਰਨਾ ਹੈ, ਚਾਹੇ ਇਹ ਉਨ੍ਹਾਂ ਦੇ ਨਾਲ ਦੇ ਵਾਰਡ ਦੇ ਲੋਕ ਹੀ ਕਿਉਂ ਨਾ ਹੋਣ ਕਿਉਂਕਿ ਗੰਦਾ ਪਾਣੀ ਆਉਣ ਕਰਕੇ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਉਹ ਚਾਹੁੰਦੇ ਹਨ ਕਿ ਇਸ ਦਾ ਜਲਦੀ ਸਥਾਈ ਹੱਲ ਹੋਵੇ।