ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਪੁਲਿਸ, ਟਰਾਂਸਪੋਰਟ, ਨਗਰ ਨਿਗਮ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪੀਏਪੀ ਫਲਾਈਓਵਰ ਨੂੰ ਚਾਲੂ ਕਰਨ ਲਈ ਕੌਮੀ ਹਾਈਵੇ ਅਥਾਰਟੀ ਨਾਲ ਲਗਾਤਾਰ ਰਾਬਤਾ ਰੱਖ ਕੇ ਰਣਨੀਤੀ ਉਲੀਕਣ ਤਾਂ ਜੋ ਇਸ ਨੂੰ ਸੁਰੱਖਿਅਤ ਤਰੀਕੇ ਨਾਲ ਆਵਾਜਾਈ ਲਈ ਖੋਲਿ੍ਹਆ ਜਾ ਸਕੇ।

ਮੰਗਲਵਾਰ ਇਥੇ ਰੋਡ ਸੇਫਟੀ ਕਮੇਟੀ ਦੀ ਮੀਿਟਿੰਗ ਦੌਰਾਨ ਡੀਸੀ ਨੇ ਕਿਹਾ ਕਿ ਸ਼ਹਿਰ 'ਚ ਸੁਚਾਰੂ ਆਵਾਜਾਈ ਲਈ ਪੀਏਪੀ ਫਲਾਈਓਵਰ ਨੂੰ ਚਾਲੂ ਕਰਨਾ ਬਹੁਤ ਅਹਿਮ ਹੈ ਕਿਉਂਕਿ ਇਸ ਨਾਲ ਅੰਮਿ੍ਤਸਰ ਤੇ ਪਠਾਨਕੋਟ ਜਾਣ ਵਾਲੇ ਲੋਕ ਆਸਾਨੀ ਨਾਲ ਜਾ ਸਕਣਗੇ। ਉਨ੍ਹਾਂ ਵੱਖ-ਵੱਖ ਵਿਭਾਗਾਂ ਨੂੰ ਕਿਹਾ ਕਿ ਉਹ ਕੌਮੀ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਕੇ ਇਸ ਪੁਲ ਨੂੰ ਛੇਤੀ ਚਾਲੂ ਕਰਨ ਬਾਰੇ ਵਡੇਰੇ ਯਤਨ ਕਰਨ। ਕੌਮੀ ਹਾਈਵੇ ਅਥਾਰਟੀ ਨੂੰ ਕੌਮੀ ਮਾਰਗ ਤਕ ਜਾਣ ਵਾਲੀ ਪਹੁੰਚ ਸੜਕ ਦੀ ਮੁਰੰਮਤ ਲਈ ਵੀ ਕਿਹਾ ਗਿਆ ਹੈ ਅਤੇ ਇਸ ਸਬੰਧੀ ਲੋੜੀਂਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।

ਡਿਪਟੀ ਕਮਿਸ਼ਨਰ ਨੇ ਖੇਤਰੀ ਟਰਾਂਸਪੋਰਟ ਅਥਾਰਟੀ ਦੀ ਸਕੱਤਰ ਤੇ ਟ੍ਰੈਫਿਕ ਪੁਲਿਸ ਨੂੰ ਹੁਕਮ ਦਿੱਤੇ ਕਿ ਉਹ ਓਵਰਲੋਡਿੰਗ ਵਾਲੇ ਵਾਹਨਾਂ ਵਿਰੁੱਧ ਸਖਤ ਕਾਰਵਾਈ ਕਰਨ ਤਾਂ ਜੋ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ। ਨਗਰ ਨਿਗਮ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸੜਕਾਂ ਨੇੜਲੀਆਂ ਥਾਵਾਂ 'ਤੇ ਸਾਰੇ ਨਾਜਾਇਜ਼ ਕਬਜ਼ਿਆਂ ਨੂੰ ਤੁਰੰਤ ਹਟਵਾਉਣ। ਇਸ ਮੌਕੇ ਸਕੱਤਰ ਆਰਟੀਏ ਡਾ. ਨਯਨ ਜੱਸਲ, ਡੀਸੀਪੀ ਨਰੇਸ਼ ਡੋਗਰਾ, ਏਡੀਸੀਪੀ ਗਗਨੇਸ਼ ਕੁਮਾਰ, ਐੱਸਡੀਐੱਮ ਰਾਜੇਸ਼ ਸ਼ਰਮਾ ਤੇ ਅਮਿਤ ਕੁਮਾਰ ਹਾਜ਼ਰ ਸਨ।