ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਪੰਜਾਬ ਸਰਕਾਰ ਵੱਲੋਂ ਚਲਾਈ ਘਰ-ਘਰ ਰੁਜ਼ਗਾਰ ਮੁਹਿੰਮ ਅਧੀਨ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਜ਼ਿਲ੍ਹਾ ਉਦਯੋਗ ਕੇਂਦਰ, ਫੋਕਲ ਪੁਆਇੰਟ ਵਿਖੇ ਸ਼ੁੱਕਰਵਾਰ ਨੂੰ ਰੁਜ਼ਗਾਰ ਮੇਲਾ ਲਾਇਆ ਗਿਆ, ਜਿਸ 'ਚ ਕੁੱਲ 56 ਨੌਜਵਾਨਾਂ ਨੇ ਭਾਗ ਲਿਆ ਅਤੇ 39 ਨੌਜਵਾਨ ਰੁਜ਼ਗਾਰ ਲਈ ਚੁਣੇ ਗਏ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਰੁਜ਼ਗਾਰ ਮੇਲੇ 'ਚ 6 ਕੰਪਨੀਆਂ ਨੀਵੀਆ ਸਿੰਥੈਟਿਕ, ਏਸ਼ੀਅਨ ਟਾਇਰ ਫੈਕਟਰੀ, ਰਤਨ ਬ੍ਦਰਜ਼, ਐੱਨਵੀਆਰ ਫੋਰਜਿੰਗ, ਏਕੇ ਇੰਟਰਨੈਸ਼ਨਲ ਤੇ ਐੱਮਜੀ ਇੰਡਸਟਰੀ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਨ੍ਹਾਂ ਰੁਜ਼ਗਾਰ ਮੇਲਿਆਂ ਵਿੱਚ ਨੌਕਰੀਆਂ ਲਈ ਨੌਜਵਾਨਾਂ ਦੀ ਚੋਣ ਨਿਰਪੱਖ ਅਤੇ ਪਾਰਦਰਸ਼ੀ ਪ੍ਰਣਾਲੀ ਰਾਹੀਂ ਪੂਰੀ ਤਰ੍ਹਾਂ ਮੈਰਿਟ 'ਤੇ ਕੀਤੀ ਜਾ ਰਹੀ ਹੈ। 26 ਸਤੰਬਰ ਡੀਬੀਈਈ ਦੇ ਦਫਤਰ ਵਿਚ ਇਕ ਹੋਰ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ, ਜਿਸ ਵਿਚ ਨਾਮਵਰ ਕੰਪਨੀਆਂ ਭਾਗ ਲੈਣਗੀਆਂ ਅਤੇ ਬੇਰੋਜਗਾਰ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਗੀਆਂ। ਉਨ੍ਹਾਂ ਨੌਜਵਾਨਾਂ ਨੂੰ ਵਧੇਰੇ ਨੌਕਰੀਆਂ ਲਈ ਆਪਣਾ ਨਾਮ ਦਰਜ ਕਰਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਨੌਜਵਾਨ ਹੋਰ ਜਾਣਕਾਰੀ ਲਈ 90569-20100 'ਤੇ ਵੀ ਸੰਪਰਕ ਕਰ ਸਕਦੇ ਹਨ।