ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਪੱਤਰਕਾਰਤਾ ਨਾਲ ਜੁੜੇ ਤੇ ਕੌਮਾਂਤਰੀ ਪੱਧਰ ਦੀ ਸ਼ਖਸੀਅਤ ਵਿਕਾਸ-ਕਮ-ਸਮਾਜ ਸੇਵੀ ਸੰਸਥਾ ਜੇਸੀਆਈ ਦੇ ਜ਼ੋਨ ਪ੍ਰਧਾਨ ਵਜੋਂ ਸੇਵਾਵਾਂ ਦੇਣ ਦੇ ਨਾਲ-ਨਾਲ ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਗੁਰਕ੍ਰਿਪਾਲ ਸਿੰਘ ਦਾ ਸੋਮਵਾਰ ਦੇਰ ਰਾਤ ਸੜਕ ਹਾਦਸੇ 'ਚ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਪੱਤਰਕਾਰਤਾ ਨਾਲ ਜੁੜੀ ਪਤਨੀ ਨਵਜੋਤ ਕੌਰ, ਪੁੱਤਰ ਗੁਰਨਵਤੇਜ ਸਿੰਘ (10 ਸਾਲ) ਤੇ ਧੀ ਗੁਰਲੀਨ (3) ਸਾਲ ਛੱਡ ਗਏ ਹਨ। ਜੀਪੀ ਦੇ ਨਾਂ ਨਾਲ ਜਾਣੇ ਜਾਂਦੇ ਗੁਰਕ੍ਰਿਪਾਲ ਸਿੰਘ ਬੀਤੇ ਹਫਤੇ ਦੁਬਈ ਤੋਂ ਪਰਤੇ ਸਨ, ਜੋ ਸੋਮਵਾਰ ਨੂੰ ਚੰਡੀਗੜ੍ਹ ਰਹਿੰਦੇ ਆਪਣੇ ਭਰਾ ਹੀਰਾ ਸਿੰਘ ਦੇ ਘਰੋਂ ਜਲੰਧਰ ਆ ਰਹੇ ਸਨ। ਡਸਟਰ ਕਾਰ 'ਚ ਆ ਰਹੇ ਜੀਪੀ ਸਿੰਘ ਦਾ ਨਵਾਂਸ਼ਹਿਰ 'ਚ ਟਰਾਲੇ ਨਾਲ ਟੱਕਰ ਦੌਰਾਨ ਦੇਹਾਂਤ ਹੋ ਗਿਆ। ਉਹ ਮੂਲ ਤੌਰ 'ਤੇ ਮਹਿਤਪੁਰ ਊਨਾ (ਹਿਮਾਚਲ ਪ੍ਰਦੇਸ਼) ਦੇ ਰਹਿਣ ਵਾਲੇ ਸਨ। ਜੀਪੀ ਦਾ ਅੰਤਮ ਸੰਸਕਾਰ ਉਥੇ ਹੀ ਕੀਤਾ ਗਿਆ।

---

ਹਮੇਸ਼ਾ ਹੱਸਦੇ ਰਹਿਣ ਵਾਲੇ ਕਈਆਂ ਨੂੰ ਕਰ ਗਏ ਗਮਗੀਨ

ਜੀਸੀਆਈ ਜਲੰਧਰ ਸਿਟੀ ਦੇ ਪ੍ਰਧਾਨ ਤੋਂ ਲੈ ਕੇ ਜ਼ੋਨ ਪੱਧਰ ਤਕ ਸੇਵਾਵਾਂ ਦੇ ਰਹੇ ਜੀਪੀ ਸਿੰਘ ਹਮੇਸ਼ਾ ਮੁਸਕਾਉਂਦੇ ਰਹਿੰਦੇ ਸਨ। ਉਨ੍ਹਾਂ ਦੇ ਨੇੜੇ ਰਹੇ ਮੌਜੂਦਾ ਪ੍ਰਧਾਨ ਰਿੱਕੀ ਚੋਪੜਾ, ਤਰਵਿੰਦਰ ਕੌਰ ਤੇ ਦੀਪ ਸਲੂਜਾ ਦੱਸਦੇ ਹਨ ਕਿ ਜੀਪੀ ਦੀ ਮੌਤ ਬਾਰੇ ਯਕੀਨ ਨਹੀਂ ਹੋ ਰਿਹਾ ਹੈ। ਉਨ੍ਹਾਂ ਦੇ ਦੇਹਾਂਤ ਨਾਲ ਸਮਾਜ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ।

---

ਪੁੱਤਰ ਵੱਲੋਂ ਜ਼ਿੱਦ ਕਰਨ ਦੇ ਬਾਵਜੂਦ ਨਾਲ ਨਹੀਂ ਲਿਆਦਾ

ਜੀਪੀ ਦਾ ਪੁੱਤਰ ਗੁਰਨਵਤੇਜ ਸਿੰਘ ਚੰਡੀਗੜ੍ਹ 'ਚ ਹੀ ਸੀ। ਇਸ ਦੌਰਾਨ ਉਸ ਨੇ ਵੀ ਜੀਪੀ ਨਾਲ ਜਲੰਧਰ ਆਉਣ ਦੀ ਜ਼ਿੱਦ ਕੀਤੀ ਸੀ ਪਰ ਜੀਪੀ ਨਹੀਂ ਮੰਨੇ। ਉਨ੍ਹਾਂ ਕਿਹਾ ਕਿ ਜਲੰਧਰ ਤੋਂ ਪਤਨੀ ਤੇ ਧੀ ਗੁਰਲੀਨ ਨੂੰ ਲੈ ਕੇ ਚੰਡੀਗੜ੍ਹ ਆ ਜਾਣਗੇ। ਫਿਰ ਗਰਮੀਆਂ ਦੀ ਛੁੱਟੀਆਂ ਇਥੇ ਹੀ ਕੱਟਣਗੇ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।