ਗੁਰਪ੍ਰਰੀਤ ਸਿੰਘ ਬਾਹੀਆ, ਜਲੰਧਰ ਛਾਉਣੀ : ਕੋਰੋਨਾ ਵਾਇਰਸ ਦੇ ਚਲਦਿਆਂ ਜਲੰਧਰ ਛਾਉਣੀ ਸਥਿਤ ਜਵਾਹਰ ਪਾਰਕ ਵਿਚ ਕਰੀਬਨ ਸਾਰੇ ਦਰੱਖਤਾਂ 'ਤੇ ਚਮਗਾਦੜਾਂ ਦਾ ਸਾਮਰਾਜ ਸਥਾਪਤ ਹੋਣ ਕਰ ਕੇ ਪਾਰਕ ਵਿਚ ਸਵੇਰੇ-ਸ਼ਾਮ ਆਉਂਦੇ ਸੈਂਕੜੇ ਲੋਕ ਦਹਿਸ਼ਤ ਦੇ ਮਾਹੌਲ ਵਿਚ ਸੈਰ ਕਰਨ ਲਈ ਮਜਬੂਰ ਹਨ। ਜਾਣਕਾਰੀ ਅਨੁਸਾਰ ਪਾਰਕ ਦੇ ਦਰੱਖਤਾਂ 'ਤੇ ਹਜ਼ਾਰਾਂ ਦੀ ਤਦਾਤ ਵਿਚ ਲਟਕਦੇ ਚਮਗਿਦੜਾਂ ਦੇ ਮਲ-ਮੂਤਰ ਨਾਲ ਸਾਰੇ ਰਸਤੇ ਭਰੇ ਪਏ ਹਨ ਜਿਸ ਕਾਰਨ ਪਾਰਕ ਵਿਚ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਹੈ। ਸੈਰ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿਚ ਚਮਗਿਦੜੇ ਦੇ ਹੋਣ ਕਾਰਨ ਕਿਸੇ ਵੱਡੀ ਬਿਮਾਰੀ ਦੇ ਫ਼ੈਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦਸਿਆ ਕਿ ਇਹ ਸਮੱਸਿਆ ਬੋਰਡ ਪ੍ਰਸ਼ਾਸਨ ਦੇ ਧਿਆਨ ਵਿਚ ਵੀ ਲਿਆਂਦੀ ਗਈ ਸੀ ਪਰ ਫਿਰ ਵੀ ਕੋਈ ਹੱਲ ਨਹੀਂ ਨਿਕਲਿਆ। ਬੋਰਡ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਛਾਉਣੀ ਵਾਸੀਆਂ 'ਤੇ ਕਿਸੇ ਭਿਆਨਕ ਬਿਮਾਰੀ ਫ਼ੈਲਣ ਦਾ ਖ਼ਤਰਾ ਮੰਡਰਾਉਣ ਲੱਗ ਪਿਆ ਹੈ। ਲੋਕਾਂ ਨੇ ਦੱਸਿਆ ਕਿ ਪਾਰਕ ਵਿਚ 10 ਸਾਲਾਂ ਤੋਂ ਘੱਟ ਉਮਰ ਦੇ ਸਕੂਲਾਂ ਦੇ ਬੱਚੇ ਖੇਡਣ ਲਈ ਤੇ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਸੈਰ ਕਰਨ ਲਈ ਆਉਂਦੇ ਹਨ। ਪਾਰਕ ਵਿਚ ਬੋਰਡ ਵੱਲੋਂ ਲਗਾਏ ਓਪਨ ਜਿੰਮ 'ਚ ਕਸਰਤ ਕਰਨ ਵਾਲਿਆਂ ਦਾ ਤਾਂਤਾਂ ਲੱਗਾ ਰਹਿੰਦਾ ਹੈ। ਲੋਕਾਂ ਨੇ ਬੋਰਡ ਪ੍ਰਸ਼ਾਸਨ ਤੇ ਸਿਹਤ ਵਿਭਾਗ ਨੂੰ ਅਪੀਲ ਕੀਤੀ ਕਿ ਜਵਾਹਰ ਪਾਰਕ 'ਚੋਂ ਚਮਗਿਦੜ ਨੂੰ ਭਜਾ ਕੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਿਆ ਜਾਵੇ। ਜਾਣਕਾਰੀ ਅਨੁਸਾਰ ਚਮਗਿਦੜ ਵਿਚ ਕਈ ਭਿਆਨਕ ਬਿਮਾਰੀਆਂ ਨੂੰ ਜਨਮ ਦੇਣ ਵਾਲੇ ਵਾਇਰਸ ਪਾਏ ਜਾਂਦੇ ਹਨ। ਚਮਗਿਦੜ ਦਾ ਮਲ ਮੂਤਰ ਹੀ ਵਾਇਰਸ ਫ਼ੈਲਣ ਦਾ ਕਾਰਨ ਬਣਦਾ ਹੈ। ਜ਼ਿਲ੍ਹਾ ਸਿਹਤ ਅਫਸਰ ਡਾ. ਸੁਰਿੰਦਰ ਨਾਂਗਲ ਦਾ ਕਹਿਣਾ ਹੈ ਕਿ ਸੈਰ ਕਰਨ ਵਾਲੀਆਂ ਪਾਰਕਾਂ ਦੀ ਸਫ਼ਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਈ ਜੀਵ-ਜੰਤੂਆਂ ਤੋਂ ਇਨਸਾਨ ਨੂੰ ਇਨਫੈਕਸ਼ਨ ਹੋਣ ਦਾ ਡਰ ਬਣਿਆ ਰਹਿੰਦਾ ਹੈ।

-----------

ਬੋਰਡ ਜਲਦੀ ਲਵੇਗਾ ਐਕਸ਼ਨ : ਪੀਆਰਓ

ਬੋਰਡ ਦੇ ਪੀਆਰਓ ਰਾਜੇਸ਼ ਅਟਵਾਲ ਦਾ ਕਹਿਣਾ ਹੈ ਕਿ ਬੋਰਡ ਚਮਗਿਦੜ ਨੂੰ ਭਜਾਉਣ ਲਈ ਜਲਦੀ ਹੀ ਐਕਸ਼ਨ ਲਵੇਗਾ। ਬੋਰਡ ਵੱਲੋਂ ਪਾਰਕਾਂ ਵਿਚ ਲੱਗੇ ਜਿੰਮ 31 ਮਾਰਚ ਤਕ ਬੰਦ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪਾਰਕਾਂ ਵਿਚ ਸੈਰ ਕਰਨ ਸਮੇਂ ਹੋ ਰਹੇ ਇਕੱਠ ਨੂੰ ਘੱਟ ਕਰਨ ਲਈ ਕਦਮ ਜਲਦੀ ਚੁੱਕੇ ਜਾਣਗੇ।