ਮਦਨ ਭਾਰਦਵਾਜ, ਜਲੰਧਰ

ਭਾਵੇਂ ਸੋਮਵਾਰ ਤੋਂ ਰੇਲ ਸੇਵਾ ਬਹਾਲ ਜ਼ਰੂਰ ਹੋਈ ਹੈ ਪਰ ਉਹ ਲਗਪਗ ਨਾਮਾਤਰ ਹੀ ਰਹੀ ਤੇ ਸੋਮਵਾਰ ਨੂੰ ਜਨਸ਼ਤਾਬਦੀ ਅਤੇ ਫਲਾਇੰਗ ਮੇਲ ਖਾਲ੍ਹੀ ਹੀ ਗਈਆਂ ਅਤੇ ਉਨ੍ਹਾਂ ਵਿਚ ਸਿਰਫ਼ 96-96 ਯਾਤਰੀ ਹੀ ਰਵਾਨਾ ਹੋਏ ਜਦੋਂਕਿ ਸਰਕਾਰ ਵੱਲੋਂ ਚਲਾਈ ਗਈ ਸ਼੍ਮਿਕ ਐਕਸਪ੍ਰੱੈਸ ਵੀ ਖਾਲੀ ਹੀ ਗਈ ਅਤੇ ਉਸ ਵਿਚ ਸਿਰਫ਼ 470 ਪਰਵਾਸੀ ਹੀ ਰਵਾਨਾ ਹੋਏ। ਸਟੇਸ਼ਨ ਸੁਪਰਡੈਂਟ ਆਰਕੇ ਬਹਿਲ ਅਨੁਸਾਰ ਸੋਮਵਾਰ ਨੂੰ ਅੰਮਿ੍ਤਸਰ ਤੋਂ ਜਨਸ਼ਤਾਬਦੀ ਅਤੇ ਫਲਾਇੰਗ ਮੇਲ ਹੀ ਰਵਾਨਾ ਹੋਈਆਂ ਜਿਹੜੀਆਂ ਜਲੰਧਰ ਹੁੰਦੀਆਂ ਅੱਗੇ ਰਵਾਨਾ ਹੋ ਗਈਆਂ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੱਛਮੀ ਬੰਗਾਲ ਦੇ ਨਿਊ ਜਲਪਾਈਗੁੜੀ ਲਈ ਬੁਕ ਕਰਾਈ ਗਈ 24 ਬੋਗੀਆਂ ਦੀ ਗੱਡੀ ਖਾਲੀ ਹੀ ਗਈ ਅਤੇ ਉਸ 'ਚ ਕੇਵਲ 470 ਪਰਵਾਸੀ ਹੀ ਸਵਾਰ ਹੋ ਸਕੇ। ਸਟੇਸ਼ਨ ਸੁਪਰਡੈਂਟ ਅਨੁਸਾਰ ਮੰਗਲਵਾਰ ਨੂੰ ਵੀ ਜਨਸ਼ਤਾਬਦੀ ਅੰਮਿ੍ਤਸਰ ਤੋਂ ਹਰਦੁਆਰ ਲਈ ਅਤੇ ਫਲਾਇੰਗ ਮੇਲ ਅੰਮਿ੍ਤਸਰ ਤੋਂ ਜੈ ਨਗਰ ਲਈ ਰਵਾਨਾ ਹੋਵੇਗੀ। ਉਨ੍ਹਾਂ ਦੱਸਿਆ ਕਿ 3 ਜੂਨ ਤੋਂ ਅੰਮਿ੍ਤਸਰ ਤੋਂ ਬਕਾਇਦਾ ਤੌਰ 'ਤੇ ਐਲਾਨੀਆਂ ਗਈਆਂ 7 ਗੱਡੀਆਂ ਰਵਾਨਾ ਹੋਣਗੀਆਂ।

ਲਗਪਗ ਸਵਾ 2 ਮਹੀਨੇ ਬਾਅਦ ਰੇਲਵੇ ਵੱਲੋਂ ਅੱਜ ਸ਼ੁਰੂ ਕੀਤੀ ਗਈ ਰੇਲ ਸੇਵਾ ਦੌਰਾਨ ਜਿਹੜੀ ਰੇਲ ਸੇਵਾ ਸ਼ੁਰੂ ਕੀਤੀ ਗਈ ਹੈ, ਉਸ ਵਿਚ ਕੋਰੋਨਾ ਮਹਾਮਾਰੀ ਦੇ ਡਰ ਕਾਰਨ ਲੋਕ ਸਫਰ ਕਰਨ ਤੋਂ ਸੰਕੋਚ ਕਰ ਰਹੇ ਹਨ ਅਤੇ ਕੇਵਲ ਉਹ ਹੀ ਲੋਕ ਜਾ ਰਹੇ ਹਨ ਜਿਹੜੇ ਕਿ ਲਾਕਡਾਊਨ ਕਾਰਨ ਫਸੇ ਹੋਏ ਸਨ ਅਤੇ ਹੁਣ ਉਹ ਗੱਡੀਆਂ ਚੱਲਣ ਕਾਰਨ ਆਪਣੇ ਘਰਾਂ ਨੂੰ ਜਾਣ ਲਈ ਮਜਬੂਰਨ ਗੱਡੀਆਂ 'ਚ ਸਵਾਰ ਹੋਏ ਸਨ। ਇਸ ਦੀ ਮਿਸਾਲ ਅੱਜ ਜਨਸ਼ਤਾਬਦੀ ਅਤੇ ਫਲਾਇੰਗ ਮੇਲ ਤੋਂ ਮਿਲਦੀ ਹੈ ਅਤੇ ਇਨ੍ਹਾਂ ਗੱਡੀਆਂ ਵਿਚ ਅਕਸਰ ਹਜ਼ਾਰ ਤੋਂ ਡੇਢ ਹਜ਼ਾਰ ਯਾਤਰੀ ਸਵਾਰ ਹੁੰਦੇ ਸਨ।