ਜਲੰਧਰ, ਜੇਐਨਐਨ : ਸ਼ਹਿਰ 'ਚ ਮੰਗਲਵਾਰ ਨੂੰ ਹੋਈ ਬਾਰਿਸ਼ ਤੋਂ ਬਾਅਦ ਮੌਸਮ ਨੇ ਅਚਾਨਕ ਮਿਜਾਜ਼ ਬਦਲ ਲਿਆ ਹੈ। ਇਸ ਨਾਲ ਹੀ ਹੁਣ ਸਰਦੀ ਵੀ ਜਲਦ ਹੀ ਦਸਤਕ ਦੇਵੇਗੀ। ਤੇਜ਼ ਬਾਰਿਸ਼ ਦੇ ਚੱਲਦਿਆਂ ਕਈ ਇਲਾਕੇ ਜਲਥਲ ਹੋ ਗਏ। ਸਵੇਰ ਦਫ਼ਤਰ ਜਾਣ ਵਾਲੇ ਲੋਕਾਂ ਤੇ ਸਕੂਲੀ ਬੱਚਿਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਭਿਆਨਕ ਗਰਮੀ ਨੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ ਸੀ। ਮੌਸਮ ਵਿਭਾਗ ਦੀ ਮੰਨੀਏ ਤਾਂ ਹਫਤੇ ਭਰ ਬਾਰਿਸ਼ ਹੋਣ ਤੋਂ ਬਾਅਦ ਤਾਪਮਾਨ 'ਚ ਨਿਸ਼ਚਿਤ ਰੂਪ ਨਾਲ ਗਿਰਾਵਟ ਆ ਜਾਵੇਗੀ। ਆਉਣ ਵਾਲੇ ਦਿਨਾਂ 'ਚ ਵੀ ਬਾਰਿਸ਼ ਦੇ ਆਸਾਰ ਹਨ।

ਝੋਨੇ ਦੀ ਫਸਲ ਲਈ ਬਾਰਿਸ਼ ਫਾਇਦੇਮੰਦ

ਦੂਜੇ ਪਾਸੇ ਮੌਨਸੂਨ ਦੇ ਸਰਗਰਮ ਹੋਣ ਦਾ ਲਾਭ ਝੋਨੇ ਦੀ ਫਸਲ ਨੂੰ ਵੀ ਮਿਲ ਰਿਹਾ ਹੈ। ਇਸ ਬਾਰੇ ਖੇਤੀ ਮਾਹਿਰ ਡਾ. ਨਰੇਸ਼ ਗੁਲਾਟੀ ਦੱਸਦੇ ਹਨ ਕਿ ਬਿਨਾਂ ਤੇਜ਼ ਹਵਾਵਾਂ ਚੱਲੇ ਜੇਕਰ ਬਾਰਿਸ਼ ਹੁੰਦੀ ਹੈ ਤਾਂ ਇਹ ਝੋਨੇ ਦੀ ਫਸਲ ਲਈ ਲਾਭਕਾਰੀ ਹੈ। ਇਸ ਤਰ੍ਹਾਂ ਮੌਸਮ ਵਿਭਾਗ ਮਾਹਿਰ ਡਾ. ਵਿਨਿਤ ਸ਼ਰਮਾ ਦੱਸਦੇ ਹਨ ਕਿ 24 ਸਤੰਬਰ ਤਕ ਰੋਜ਼ਾਨਾ ਬਾਰਿਸ਼ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮੌਸਮ ਸਾਫ ਰਹੇਗਾ। ਇਸ ਦੌਰਾਨ ਤਾਪਮਾਨ 'ਚ ਗਿਰਾਵਟ ਦਾ ਦੌਰ ਵੀ ਜਾਰੀ ਰਹੇਗਾ।

Posted By: Ravneet Kaur