ਜੇਐੱਨਐੱਨ, ਜਲੰਧਰ : ਕੌਂਸਲਰ ਦੇ ਰਿਸ਼ਤੇਦਾਰ ਕੋਰੋਨਾ ਮਰੀਜ਼ ਨੂੰ ਮਹਿੰਗੇ ਟੀਕੇ ਲਗਾਉਣ 'ਤੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ। ਮਾਮਲੇ ਸਬੰਧੀ ਸ਼ਿਕਾਇਤ ਡੀਸੀ ਨੂੰ ਦੇ ਦਿੱਤੀ ਗਈ ਹੈ। ਹਾਲਾਂਕਿ ਦੇਰ ਰਾਤ ਮਰੀਜ਼ ਦੀ ਮੌਤ ਹੋ ਗਈ। ਵਾਰਡ ਨੰਬਰ-18 ਦੇ ਕੌਂਸਲਰ ਬਲਜੀਤ ਸਿੰਘ ਪ੍ਰਿੰਸ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਬਲਬੀਰ ਸਿੰਘ ਨੂੰ ਤਿੰਨ ਮਈ ਨੂੰ ਛੋਟੀ ਬਾਰਾਦਰੀ ਸਥਿਤ ਸ਼ਮਸ਼ੇਰ ਆਨਕੋਲਾਜੀ ਅਤੇ ਮੈਡੀਕਲ ਸੈਂਟਰ 'ਚ ਦਾਖ਼ਲ ਕਰਵਾਇਆ ਸੀ। ਪਹਿਲਾਂ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਸੀ, ਪਰ ਬਾਅਦ ਵਿਚ ਪਾਜ਼ੇਟਿਵ ਹੋਣ 'ਤੇ ਉਨ੍ਹਾਂ ਦਾ ਇਲਾਜ ਕੀਤਾ ਗਿਆ।

ਉਨ੍ਹਾਂ ਹਸਪਤਾਲ ਪ੍ਰਬੰਧਨ 'ਤੇ ਰੈਮਡੇਸਿਵਿਰ ਦਾ ਟੀਕਾ 9,000 ਰੁਪਏ ਤੇ ਬ੍ਰੇਵੈਸਟ ਦਾ ਟੀਕਾ 70 ਹਜ਼ਾਰ ਰੁਪਏ 'ਚ ਲਗਾਉਣ ਦੇ ਦੋਸ਼ ਲਗਾਏ। ਵੀਰਵਾਰ ਰਾਤ ਨੂੰ ਜਦੋਂ ਡਾਕਟਰ ਵੱਲੋਂ ਮਹਿੰਗੇ ਟੀਕੇ ਲਗਾਉਣ ਦੀ ਗੱਲ ਕਹੀ ਤਾਂ ਉਨ੍ਹਾਂ ਮਰੀਜ਼ ਨੂੰ ਦੂਸਰੇ ਹਸਪਤਾਲ 'ਚ ਰੈਫਰ ਕਰ ਦਿੱਤਾ। ਮੌਕੇ 'ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਵੀ ਪੁੱਜੇ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਮੁਤਾਬਿਕ ਉਨ੍ਹਾਂ ਨੂੰ ਮਹਿੰਗੇ ਟੀਕੇ ਲਗਾਏ ਗਏ ਹਨ ਤੇ ਹੁਣ ਡਾਕਟਰ ਨੇ ਮਰੀਜ਼ ਨੂੰ ਦੂਸਰੇ ਹਸਪਤਾਲ 'ਚ ਸ਼ਿਫਟ ਕਰਨ ਦੀ ਗੱਲ ਕਹੀ ਹੈ। ਡੀਐੱਮਸੀ ਡਾ. ਜੋਤੀ ਸ਼ਰਮਾ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਹੈ। ਉੱਥੇ ਹੀ ਹਸਪਤਾਲ ਪ੍ਰਬੰਧਨ ਨੇ ਦੋਸ਼ਾਂ ਨੂੰ ਨਕਾਰਿਆ ਹੈ।

Posted By: Seema Anand