Jalandhar Republic Day 2021 Celebration: ਜਲੰਧਰ 'ਚ ਅਰੁਣਾ ਚੌਧਰੀ ਨੇ ਲਹਿਰਾਇਆ ਤਿਰੰਗਾ,ਆਈ.ਟੀ.ਬੀ.ਪੀ. ਦੀ ਟੁਕੜੀ ਨੂੰ ਸਰਬਓਤਮ ਐਲਾਨਿਆ
Publish Date:Tue, 26 Jan 2021 01:20 PM (IST)
ਜਤਿੰਦਰ ਪੰਮੀ, ਜਲੰਧਰ : ਦੇਸ਼ ਦੇ 72ਵੇਂ ਗਣਤੰਤਰ ਦਿਵਸ ਮੌਕੇ ਜਲੰਧਰ ਵਿਚ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਝੰਡਾ ਲਹਿਰਾਉਣ ਤੋਂ ਬਾਅਦ ਮੁੱਖ ਮਹਿਮਾਨ ਨੇ ਪਰੇਡ ਦਾ ਮੁਆਇਨਾ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਮਾਰਚ ਪਾਸਟ ਦੀ ਅਗਵਾਈ ਆਈਪੀਐੱਸ ਜਿਓਤੀ ਯਾਦਵ ਵੱਲੋਂ ਕੀਤੀ ਗਈ। ਪੰਜਾਬ ਪੁਲਿਸ, ਪੰਜਾਬ ਆਰਮਡ ਪੁਲਿਸ, ਐੱਨਸੀਸੀ, ਐੱਨਐੱਸਐੱਸ ਤੋਂ ਇਲਾਵਾ ਨੀਮ ਫੌਜੀ ਬਲਾਂ ਦੇ ਜਵਾਨਾਂ ਨੇ ਸਲਾਮੀ ਦਿੱਤੀ।
ਗਣਤੰਤਰ ਦਿਵਸ ਸਮਾਰੋਹ ਦੇ ਜਸ਼ਨਾਂ ਦੌਰਾਨ ਇੰਡੋ ਤਿੱਬਤੀਅਨ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਦੀ ਟੁਕੜੀ ਨੂੰ ਪਰੇਡ ਦੀ ਸਰਬਓਤਮ ਟੁਕੜੀ ਐਲਾਨ ਕੀਤਾ ਗਿਆ । ਸਮਾਰੋਹ ਦੇ ਮੁੱਖ ਮਹਿਮਾਨ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ।
![]()
ਆਈ.ਟੀ.ਬੀ.ਪੀ. ਦੇ ਇੰਸਪੈਕਟਰ ਪ੍ਰਦੀਪ ਕੁਮਾਰ ਨੇ ਟੁਕੜੀ ਵੱਲੋਂ ਇਨਾਮ ਪ੍ਰਾਪਤ ਕੀਤਾ ਜਦਕਿ ਸਬ-ਇੰਸਪੈਕਟਰ ਭੂਸ਼ਣ ਕੁਮਾਰ ਦੀ ਅਗਵਾਈ ਹੇਠ ਪੰਜਾਬ ਪੁਲਿਸ (ਪੁਰਸ਼) ਦੀ ਟੁੱਕੜੀ ਨੇ ਦੂਜਾ ਇਨਾਮ ਹਾਸਲ ਕੀਤਾ ਅਤੇ ਸਬ-ਇੰਸਪੈਕਟਰ ਅਲੀ ਸ਼ੇਰ ਮਲਿਕ ਦੀ ਅਗਵਾਈ ਵਾਲੀ ਰੈਪਿਡ ਐਕਸ਼ਨ ਫੋਰਸ ਦੀ ਟੁੱਕੜੀ ਨੂੰ ਤੀਜਾ ਇਨਾਮ ਮਿਲਿਆ। ਇਸੇ ਤਰ੍ਹਾਂ ਪੰਜਾਬ ਪੁਲਿਸ (ਮਹਿਲਾ), ਪੰਜਾਬ ਹੋਮ ਗਾਰਡਜ਼, ਨੈਸ਼ਨਲ ਕੈਡੇਟ ਕੋਰ (ਐਨ.ਸੀ.ਸੀ.) ਲੜਕੇ ਅਤੇ ਐਨ.ਸੀ.ਸੀ. ਲੜਕੀਆਂ ਦੀਆਂ ਟੁੱਕੜੀਆਂ ਨੂੰ ਹੌਸਲਾ ਵਧਾਊ ਇਨਾਮ ਦਿੱਤੇ ਗਏ। ਕੈਬਨਿਟ ਮੰਤਰੀ ਨੇ ਇਸ ਮੌਕੇ ਪਰੇਡ ਕਮਾਂਡਰ ਆਈਪੀਐਸ ਜਯੋਤੀ ਯਾਦਵ ਨੂੰ ਵੀ ਸਨਮਾਨਿਤ ਕੀਤਾ, ਜਿਨ੍ਹਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਦੀ ਅਗਵਾਈ ਕੀਤੀ ਗਈ। ਮੁੱਖ ਮਹਿਮਾਨ ਨੇ ਗਣਤੰਤਰ ਦਿਵਸ ਸਮਾਰੋਹ ਦੇ ਸ਼ਾਨਦਾਰ ਆਯੋਜਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਧਾਈ ਵੀ ਦਿੱਤੀ।
Posted By: Tejinder Thind