ਜੇਐੱਨਐੱਨ, ਜਲੰਧਰ : ਬਿਜਲੀ ਦਾ ਬਿੱਲ ਨਾ ਭਰਨਾ ਜਲੰਧਰ ਵਾਲਿਆਂ ਨੂੰ ਮਹਿੰਗਾ ਪੈ ਸਕਦਾ ਹੈ। ਪਾਵਰਕਾਮ ਨੇ ਅਜਿਹੇ 1.20 ਲੱਖ ਖਪਤਕਾਰਾਂ ਦੀ ਲਿਸਟ ਤਿਆਰ ਕੀਤੀ ਹੈ। ਜੇਕਰ ਜਲਦ ਉਨ੍ਹਾਂ ਬਿੱਲ ਦੀ ਅਦਾਇਗੀ ਨਾ ਕੀਤੀ ਤਾਂ ਉਨ੍ਹਾਂ ਦਾ ਕੁਨੈਕਸ਼ਨ ਕੱਟਣ ਦੀ ਸ਼ੁਰੂਆਤ ਕੀਤੀ ਜਾਵੇਗੀ।

ਕੋਵਿਡ-19 ਵਾਇਰਸ ਦੀ ਗੰਭੀਰਤਾ ਕਾਰਨ ਕੋਰੋਨਾ ਕਾਲ 'ਚ ਕਈ ਖਪਤਕਾਰਾਂ ਨੇ ਬਿਜਲੀ ਬਿੱਲ ਜਮ੍ਹਾਂ ਨਹੀਂ ਕਰਵਾਇਆ ਸੀ। ਸ਼ਹਿਰ ਦੇ ਡੇਢ ਲੱਖ ਤੋਂ ਜ਼ਿਆਦਾ ਖਪਤਕਾਰਾਂ ਨੇ ਅਜਿਹਾ ਕੀਤਾ ਸੀ। ਹੁਣ ਪਾਵਰਕਾਮ ਨੇ ਬਿਜਲੀ ਬਿੱਲ ਜਮ੍ਹਾਂ ਨਾ ਕਰਵਾਉਣ ਵਾਲੇ ਖਪਤਕਾਰਾਂ ਦੇ ਕੁਨੈਕਸ਼ਨ ਕੱਟਣ ਦੀ ਤਿਆਰੀ ਕਰ ਲਈ ਹੈ।

ਪਾਵਰਕਾਮ ਦਾ 100 ਕਰੋੜ ਰੁਪਏ ਬਕਾਇਆ

ਵਿੱਤੀ ਵਰ੍ਹਾ ਖ਼ਤਮ ਹੋਣ ਨੂੰ ਹੈ ਤੇ ਬਿਜਲੀ ਖਪਤਕਾਰਾਂ 'ਤੇ ਪਾਵਰਕਾਮ ਦਾ ਕਰੀਬ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਬਕਾਇਆ ਖੜ੍ਹੀ ਹੈ। ਹੁਣ ਵਿਭਾਗ ਬਕਾਇਆ ਰਕਮ ਜਮ੍ਹਾਂ ਨਾ ਕਰਵਾਉਣ ਵਾਲੇ ਖਪਤਕਾਰਾਂ ਖ਼ਿਲਾਫ਼ ਸ਼ਿਕੰਜਾ ਕੱਸਣ ਜਾ ਰਿਹਾ ਹੈ। ਬਿੱਲ ਨਾ ਚੁਕਾਉਣ ਵਾਲੇ ਖਪਤਕਾਰਾਂ ਦੀ ਲਿਸਟ ਬਣਾ ਕੇ ਡਵੀਜ਼ਨ ਨੂੰ ਦੇ ਦਿੱਤੀ ਗਈ ਹੈ। 31 ਮਾਰਚ ਤੋਂ ਪਹਿਲਾਂ ਡਿਫਾਲਟਰ ਬਿੱਲ ਜਮ੍ਹਾਂ ਕਰਵਾਉਣਾ ਪਵੇਗਾ। ਨਹੀਂ ਤਾਂ ਬਾਅਦ ਵਿਚ ਪੂਰਾ ਬਿੱਲ ਜਮ੍ਹਾਂ ਕਰਵਾਉਣਾ ਪਵੇਗਾ। ਜਲੰਧਰ ਸਰਕਲ 'ਚ ਪੰਜ ਲੱਖ ਤੋਂ ਜ਼ਿਆਦਾ ਖਪਤਕਾਰ ਹਨ ਜਿਨ੍ਹਾਂ ਵਿਚੋਂ 1.20 ਲੱਖ ਖਪਤਕਾਰਾਂ ਦੀ ਲਿਸਟ ਤਿਆਰ ਕੀਤੀ ਹੈ।

ਮਾਡਲ ਟਾਊਨ ਡਵੀਜ਼ਨ 'ਚ ਜ਼ਿਆਦਾ ਡਿਫਾਲਟਰ

ਮਾਡਲ ਡਾਊਨ ਡਵੀਜ਼ਨ 'ਚ ਜ਼ਿਆਦਾ ਡਿਫਾਲਟਰ ਹਨ। ਇਨ੍ਹਾਂ ਤੋਂ 46 ਕਰੋੜ ਰੁਪਏ ਵਸੂਲ ਕੀਤੇ ਜਾਣੇ ਹਨ। ਈਸਟ ਡਵੀਜ਼ਨ ਦੇ ਖਪਤਕਾਰ ਤੋਂ 12 ਕਰੋੜ, ਕੈਂਟ ਡਵੀਜ਼ਨ ਤੋਂ 46 ਕਰੋੜ, ਵੈਸਟ ਡਵੀਜ਼ਨ ਤੋਂ 27 ਕਰੋੜ ਤੇ ਫਗਵਾੜਾ ਡਵੀਜ਼ਨ ਤੋਂ 27.5 ਕਰੋੜ ਰੁਪਏ ਵਸੂਲ ਕੀਤੇ ਜਾਣੇ ਹਨ।

ਬਿਜਲੀ ਬਿੱਲ ਨਾ ਜਮ੍ਹਾਂ ਕਰਵਾਉਣ ਵਾਲਿਆਂ 'ਤੇ ਹੋਵੇਗੀ ਕਾਰਵਾਈ : ਡਿਪਟੀ ਚੀਫ ਇੰਜੀਨੀਅਰ

ਪਾਵਰਕਾਮ ਦੇ ਡਿਪਟੀ ਇੰਜੀਨੀਅਰ ਹਰਜਿੰਦਰ ਸਿੰਘ ਬਾਂਸਲ ਨੇ ਕਿਹਾ ਕਿ ਕੋਰੋਨਾ ਕਾਲ 'ਚ ਜਿਨ੍ਹਾਂ ਖਪਤਕਾਰਾਂ ਨੇ ਬਿੱਲ ਜਮ੍ਹਾਂ ਨਹੀਂ ਕਰਵਾਇਆ ਸੀ, ਉਨ੍ਹਾਂ ਦੀ ਲਿਸਟ ਬਣ ਕੇ ਤਿਆਰ ਹੈ। ਇਹ ਡਵੀਜ਼ਨ ਦਫ਼ਤਰ ਭੇਜੀ ਜਾ ਚੁੱਕੀ ਹੈ। ਬਿੱਲ ਦੀ ਅਦਾਇਗੀ ਨਾ ਕਰਨ ਵਾਲੇ ਖਪਤਕਾਰਾਂ ਦੇ ਕੁਨੈਕਸ਼ਨ ਕੱਟੇ ਜਾਣਗੇ।

Posted By: Seema Anand