ਜੇਐੱਨਐੱਨ, ਜਲੰਧਰ : ਫੋਕਲ ਪੁਆਇੰਟ 'ਚ ਬਣ ਰਹੇ 66ਕੇਵੀ ਸਬ ਸਟੇਸ਼ਨ ਦੇ ਨਿਰਮਾਣ ਨੂੰ ਲੈ ਕੇ ਨਾਲ ਲੱਗਦਿਆਂ ਕਈ ਇਲਾਕਿਆਂ 'ਚ ਸ਼ਨਿਚਰਵਾਰ 12.00 ਵਜੇ ਤੋਂ ਐਤਵਾਰ ਰਾਤ 7.00 ਵਜੇ ਤਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਇਨ੍ਹਾਂ ਇਲਾਕਿਆਂ ਤੇ ਇੰਡਸਟ੍ਰੀਜ਼ 'ਚ 31 ਘੰਟਿਆਂ ਦਾ ਕੱਟ ਰਹੇਗਾ। ਫੋਕਲ ਪੁਆਇੰਟ 'ਚ ਬਿਜਲੀ ਦੇ ਟਾਵਰ ਲਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। 5 ਹਫ਼ਤਿਆਂ ਦੇ ਅੰਦਰ ਹਰ ਸ਼ਨਿਚਰਵਾਰ ਤੇ ਐਤਵਾਰ ਨੂੰ ਪਾਵਰ ਕੱਟ ਲੱਗੇਗਾ।

ਇਸ ਦੌਰਾਨ ਫੋਕਲ ਪੁਆਇੰਟ (Focal Point) 'ਚ ਸਥਿਤ 450 ਇੰਡਸਟ੍ਰੀਜ਼ 'ਚ ਕੰਮ ਨਹੀਂ ਹੋਵੇਗਾ। ਪੂਰੇ ਫੋਕਲ ਪੁਆਇੰਟ 'ਚ ਸ਼ਨਿਚਰਵਾਰ ਰਾਤ ਬਲੈਕਆਊਟ ਰਹੇਗਾ। ਇੰਡਸਟਰੀ ਨੇ ਏਸੀਪੀ ਨਾਰਥ ਨੂੰ ਮੰਗ ਕੀਤੀ ਹੈ ਕਿ ਰਾਤ ਦੇ ਸਮੇਂ 'ਚ ਫੋਕਲ ਪੁਆਇੰਟ ਦੇ ਹਰ ਚੌਕ 'ਤੇ ਪੁਲਿਸ ਦਾ ਨਾਕਾ ਲਾਇਆ ਜਾਵੇ। ਪਿਛਲੇ ਹਫ਼ਤੇ ਲੱਗੇ ਪਾਵਰ ਕੱਟ ਦੌਰਾਨ ਹਰ ਚੌਕ 'ਤੇ ਪੁਲਿਸ ਦੇਖੀ ਗਈ ਸੀ ਤੇ ਗਸ਼ਤ ਕਰ ਰਹੀ ਸੀ।

ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਹਰਜਿੰਦਰ ਸਿੰਘ ਬੰਸਲ ਨੇ ਕਿਹਾ ਕਿ ਫੋਕਲ ਪੁਆਇੰਟ 'ਚ 66ਕੇਵੀ ਸਬ ਸਟੇਸ਼ਨ ਦਾ ਨਿਰਮਾਣ ਚੱਲ ਰਿਹਾ ਹੈ ਤੇ ਜਿਸ ਦੇ ਚੱਲਦਿਆਂ ਇਹ ਪਾਵਰ ਕੱਟ ਲਾਇਆ ਜਾ ਰਿਹਾ ਹੈ। ਫੋਕਲ ਪੁਆਇੰਟ ਨਾਲ-ਨਾਲ ਲੱਗਦਿਆਂ ਇਲਾਕੇ ਸੈਨੀ ਕਾਲੋਨੀ, ਸਵਰਨ ਪਾਰਕ, ਦਾਦਾ ਕਾਲੋਨੀ, ਸੰਜੈ ਗਾਧੀ ਨਗਰ, ਟਰਾਂਸਪੋਰਟ ਨਗਰ, ਗਦਈਪੁਰ, ਸਈਪੁਰ ਇਲਾਕਿਆਂ 'ਚ ਬਿਜਲੀ ਬੰਦ ਰਹੇਗੀ।

Posted By: Amita Verma