ਜਤਿੰਦਰ ਪੰਮੀ, ਜਲੰਧਰ : ਚੋਣਾਂ ਨੇਡ਼ੇ ਆਉਂਦਿਆਂ ਹੀ ਹਰ ਸਿਆਸੀ ਪਾਰਟੀ ਦੇ ਲੀਡਰ ਟਿਕਟ ਦਾ ਦਾਅਵਾ ਠੋਕ ਰਹੇ ਹਨ। ਟਿਕਟ ਦੇ ਦਾਅਵੇਦਾਰ ਪਾਰਟੀ ਹਾਈਕਮਾਨ ’ਚ ਬੈਠੇ ਆਪਣੇ ਆਕਾਵਾਂ ਤਕ ਪਹੁੰਚ ਬਣਾ ਰਹੇ ਹਨ ਤੇ ਟਿਕਟ ਦੇ ਦਾਅਵੇਦਾਰਾਂ ਦੀ ਇਸ ਵੇਲੇ ਪੂਰੀ ਦੌਡ਼ ਲੱਗੀ ਹੋਈ ਹੈ। ਹਰ ਦਾਅਵੇਦਾਰ ਆਪਣੀ ਟਿਕਟ ਪੱਕੀ ਹੋਣ ਦੇ ਦਾਅਵੇ ਕਰ ਰਿਹਾ ਹੈ ਹਾਲਾਂਕਿ ਇਸ ਬਾਰੇ ਆਉਣ ਵਾਲੇ ਦਿਨਾਂ ਵਿਚ ਹੀ ਪਤਾ ਲੱਗੇਗਾ ਕਿ ਸਿਆਸੀ ਪਾਰਟੀਆਂ, ਟਿਕਟ ਦੇ ਕਿਸ ਦਾਅਵੇਦਾਰ ’ਤੇ ਭਰੋਸਾ ਪ੍ਰਗਟਾਉਂਦੀਆ ਹਨ। ਜੇ ਜ਼ਿਲ੍ਹੇ ਦੇ ਸਿਆਸੀ ਭੂਗੋਲ ’ਤੇ ਨਜ਼ਰ ਮਾਰੀ ਜਾਵੇ ਤਾਂ ਕੁੱਲ 9 ਵਿਧਾਨ ਸਭਾ ਹਲਕੇ ਹਨ। ਇਨ੍ਹਾਂ ਵਿਚ 4 ਹਲਕੇ ਜਲੰਧਰ ਵੈਸਟ, ਕਰਤਾਰਪੁਰ, ਆਦਮਪੁਰ ਤੇ ਫਿਲੌਰ ਰਾਖਵੇਂ ਤੇ 5 ਹਲਕੇ ਜਲੰਧਰ ਨਾਰਥ, ਜਲੰਧਰ ਸੈਂਟਰਲ, ਜਲੰਧਰ ਕੈਂਟ, ਨਕੋਦਰ ਤੇ ਸ਼ਾਹਕੋਟ ਜਨਰਲ ਹਨ। ਮੌਜੂਦਾ ਸਮੇਂ ਤਿੰਨ ਹਲਕਿਆਂ ਵਿਚ ਆਦਮਪੁਰ, ਨਕੋਦਰ ਤੇ ਫਿਲੌਰ ਤੋਂ ਅਕਾਲੀ ਦਲ ਦੇ ਵਿਧਾਇਕ ਤੇ 6 ਹਲਕਿਆਂ ਜਲੰਧਰ ਸੈਂਟਰਲ, ਜਲੰਧਰ ਨਾਰਥ, ਜਲੰਧਰ ਵੈਸਟ, ਜਲੰਧਰ ਕੈਂਟ, ਕਰਤਾਰਪੁਰ ਤੇ ਸ਼ਾਹਕੋਟ ਵਿਚ ਕਾਂਗਰਸ ਦੇ ਵਿਧਾਇਕ ਹਨ।

ਅਕਾਲੀ-ਬਸਪਾ ਗੱਠਜੋਡ਼

ਇਸ ਵਾਰ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋਡ਼ ਕੇ ਬਹੁਜਨ ਸਮਾਜ ਪਾਰਟੀ ਨਾਲ ਗੱਠਜੋਡ਼ ਬਣਾਇਆ ਹੈ ਅਤੇ ਜ਼ਿਲ੍ਹੇ ਦੇ 9 ਹਲਕਿਆ ਵਿੱਚੋਂ 3 ਬਸਪਾ ਦੇ ਹਿੱਸੇ ਆਏ ਹਨ ਜਦੋਂਕਿ 6 ਅਕਾਲੀ ਦਲ ਦੇ ਹਿੱਸੇ ’ਚ ਹਨ। ਅਕਾਲੀ ਦਲ ਨੇ ਆਪਣੇ ਹਿੱਸੇ ਦੇ 6 ਹਲਕਿਆ ’ਚੋਂ ਜਲੰਧਰ ਕੈਂਟ ਤੋਂ ਜਗਬੀਰ ਸਿੰਘ ਬਰਾਡ਼, ਜਲੰਧਰ ਸੈਂਟਰਲ ਤੋਂ ਚੰਦਨ ਗਰੇਵਾਲ ਤੇ ਸ਼ਾਹਕੋਟ ਤੋਂ ਬਚਿੱਤਰ ਸਿੰਘ ਕੋਹਾਡ਼ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਜਦੋਂਕਿ ਆਦਮਪੁਰ ਤੋਂ ਪਵਨ ਕੁਮਾਰ ਟੀਨੂੰ, ਨਕੋਦਰ ਤੋਂ ਗੁਰਪ੍ਰਤਾਪ ਸਿੰਘ ਵਡਾਲਾ ਤੇ ਫਿਲੌਰ ਤੋਂ ਬਲਦੇਵ ਸਿੰਘ ਖਹਿਰਾ ਮੌਜੂਦਾ ਵਿਧਾਇਕ ਹੋਣ ਕਰ ਕੇ ਹਾਲੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ। ਹਾਲਾਂਕਿ ਇਹ ਪੂਰੀ ਤਰ੍ਹਾਂ ਸਾਫ ਹੋ ਚੁੱਕਾ ਹੈ ਕਿ ਅਕਾਲੀ ਦਲ ਬਾਦਲ ਆਪਣੇ ਮੌਜੂਦਾ ਵਿਧਾਇਕਾਂ ਨੂੰ ਹੀ ਮੁਡ਼ ਟਿਕਟ ਦੇਵੇਗਾ। ਇਸ ਲਈ ਅਕਾਲੀ ਦਲ ਵੱਲੋਂ ਟਿਕਟ ਦੇ ਦਾਅਵੇਦਾਰ ਨਹੀਂ ਹਨ।

ਹਾਲਾਂਕਿ ਕੈਂਟ ਹਲਕੇ ਤੋਂ ਸਰਬਜੀਤ ਸਿੰਘ ਮੱਕਡ਼ ਤੇ ਸੈਂਟਰਲ ਹਲਕੇ ਤੋਂ ਕਮਲਜੀਤ ਸਿੰਘ ਭਾਟੀਆ ਨੇ ਪਾਰਟੀ ਵੱਲੋਂ ਟਿਕਟ ਨਾ ਦੇਣ ’ਤੇ ਨਾਰਾਜ਼ਗੀ ਪ੍ਰਗਟਾਈ ਸੀ, ਜਿਨ੍ਹਾਂ ਨੂੰ ਪਾਰਟੀ ਨੇ ਚੁੱਪ ਕਰਵਾ ਦਿੱਤਾ ਹੋਇਆ ਹੈ। ਚਰਚਾ ਹੈ ਕਿ ਇਸ ਦੇ ਬਾਵਜੂਦ ਸਰਬਜੀਤ ਸਿੰਘ ਮੱਕਡ਼ ਟਿਕਟ ਲੈਣ ਲਈ ਏਧਰ-ਓਧਰ ਹੱਥ-ਪੈਰ ਮਾਰ ਰਹੇ ਹਨ। ਓਧਰ ਬਸਪਾ ਵੱਲੋਂ ਹਾਲੇ ਸਿਰਫ ਕਰਤਾਰਪੁਰ ਤੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਅਤੇ ਜਲੰਧਰ ਨਾਰਥ ਤੋਂ ਕੋਈ ਵੱਡਾ ਦਾਅਵੇਦਾਰ ਨਾ ਹੋਣ ਕਰ ਕੇ ਇਸ ਹਲਕੇ ਨੂੰ ਅਕਾਲੀ-ਬਸਪਾ ਵੱਲੋਂ ਬਦਲਿਆ ਜਾ ਸਕਦਾ ਹੈ ਜਦੋਂਕਿ ਵੈਸਟ ਹਲਕੇ ਤੋਂ ਅਨਿਲ ਮਹੀਣੀਆ ਦਾਅਵੇਦਾਰ ਹਨ।

ਕਾਂਗਰਸ ਦੀ ਸਥਿਤੀ

ਕਾਂਗਰਸ ਨੇ ਹਾਲੇ ਤਕ ਕਿਸੇ ਵੀ ਹਲਕੇ ਤੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਤੇ ਟਿਕਟ ਲੈਣ ਲਈ ਕਈ ਨੇਤਾ ਦਾਅਵਾ ਕਰ ਰਹੇ ਹਨ। ਜਲੰਧਰ ਨਾਰਥ ਹਲਕੇ ਤੋਂ ਮੌਜੂਦਾ ਵਿਧਾਇਕ ਅਵਤਾਰ ਸਿੰਘ ਬਾਵਾ ਹੈਨਰੀ ਤੋਂ ਇਲਾਵਾ ਦਿਨੇਸ਼ ਢੱਲ, ਜਲੰਧਰ ਸੈਂਟਰਲ ਤੋਂ ਵੀ ਮੌਜੂਦਾ ਵਿਧਾਇਕ ਰਜਿੰਦਰ ਬੇਰੀ ਤੋਂ ਇਲਾਵਾ ਡਾ. ਜਸਲੀਨ ਸੇਠੀ, ਜਲੰਧਰ ਕੈਂਟ ਤੋਂ ਕੈਬਨਿਟ ਮੰਤਰੀ ਪਰਗਟ ਸਿੰਘ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਕਰਤਾਰਪੁਰ ਦੇ ਸਾਬਕਾ ਚੇਅਰਮੈਨ ਰਾਣਾ ਰੰਧਾਵਾ, ਕਰਤਾਰਪੁਰ ਤੋਂ ਮੌਜੂਦਾ ਵਿਧਾਇਕ ਸੁਰਿੰਦਰ ਸਿੰਘ ਚੌਧਰੀ ਤੋਂ ਇਲਾਵਾ ਉਨ੍ਹਾਂ ਦੇ ਚਾਚੇ ਦੇ ਪੁੱਤਰ ਵਿਕਰਮਜੀਤ ਸਿੰਘ ਚੌਧਰੀ, ਵੈਸਟ ਹਲਕੇ ਤੋਂ ਮੌਜੂਦਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਤੋਂ ਇਲਾਵਾ ਮੋਹਿੰਦਰ ਸਿੰਘ ਕੇਪੀ, ਆਦਮਪੁਰ ਤੋਂ ਮੋਹਿੰਦਰ ਸਿੰਘ ਕੇਪੀ ਤੋਂ ਇਲਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉਮੀਦਵਾਰ ਬਣਨ ਦੀ ਵੀ ਚਰਚਾ ਹੈ। ਫਿਲੌਰ ਹਲਕੇ ਤੋਂ ਸਰਵਣ ਸਿੰਘ ਫਿਲੌਰ ਤੇ ਐੱਮਪੀ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ, ਨਕੋਦਰ ਤੋਂ ਅਮਰਜੀਤ ਸਿੰਘ ਸਮਰਾ, ਹੈਪੀ ਸੰਧੂ ਡਾ. ਨਵਜੋਤ ਦਹੀਆ ਤੇ ਅਸ਼ਵਿਨ ਭੱਲਾ, ਸ਼ਹਾਕੋਟ ਤੋਂ ਮੌਜੂਦਾ ਵਿਧਾਇਕ ਲਾਡੀ ਸ਼ੇਰੋਵਾਲੀਆ ਹੀ ਮੁੱਖ ਦਾਅਵੇਦਾਰ ਹਨ।

ਭਾਰਤੀ ਜਨਤਾ ਪਾਰਟੀ

ਕਿਸਾਨੀ ਸੰਘਰਸ਼ ਕਾਰਨ ਬੇਸ਼ੱਕ ਭਾਰਤੀ ਜਨਤਾ ਪਾਰਟੀ ਦੇ ਆਗੂ ਖੁੱਲ੍ਹ ਕੇ ਜਨਤਕ ਤੌਰ ’ਤੇ ਦਾਅਵਾ ਨਹੀਂ ਕਰ ਰਹੇ ਪਰ ਤਕਰੀਬਨ ਸਾਰਿਆ ਹਲਕਿਆ ਤੋਂ ਹੀ ਟਿਕਟ ਲਈ ਆਗੂ ਦਾਅਵਾ ਪ੍ਰਗਟਾ ਰਹੇ ਹਨ। ਜਲੰਧਰ ਸੈਂਟਰਲ ਤੋਂ ਮਨੋਰੰਜਨ ਕਾਲੀਆ ਤੇ ਸਾਬਕਾ ਭਾਜਯੁਮੋ ਪ੍ਰਧਾਨ ਸੰਨੀ ਸ਼ਰਮਾ, ਜਲੰਧਰ ਨਾਰਥ ਤੋਂ ਰਾਕੇਸ਼ ਰਾਠੌਰ, ਕੇਡੀ ਭੰਡਾਰੀ ਤੇ ਸੁਨੀਲ ਜਯੋਤੀ, ਜਲੰਧਰ ਕੈਂਟ ਤੋਂ ਅਮਰਜੀਤ ਸਿੰਘ ਅਮਰੀ, ਕਰਤਾਰਪੁਰ ਤੋਂ ਸੁਰਿੰਦਰ ਮਹੇ ਤੋਂ ਇਲਾਵਾ ਅਵਿਨਾਸ਼ ਚੰਦਰ ਕਲੇਰ ਦੇ ਵੀ ਪਾਰਟੀ ’ਚ ਸ਼ਾਮਲ ਹੋਣ ਤੇ ਦਾਅਵੇਦਾਰੀ ਪ੍ਰਗਟਾਉਣ ਦੇ ਚਰਚੇ ਹਨ। ਵੈਸਟ ਹਲਕੇ ਤੋਂ ਮੋਹਿੰਦਰ ਪਾਲ ਭਗਤ ਤੇ ਰੋਬਿਨ ਸਾਂਪਲਾ, ਆਦਮਪੁਰ ਤੋਂ ਗਿਰਧਾਰੀ ਲਾਲ, ਸ਼ਾਹਕੋਟ ਤੋਂ ਸੁਦਰਸ਼ਨ ਸੋਬਤੀ, ਫਿਲੌਰ ਤੋਂ ਰਣਜੀਤ ਪਵਾਰ ਦਾਅਵੇਦਾਰ ਹਨ ਜਦੋਂਕਿ ਨਕੋਦਰ ਹਲਕੇ ਹਾਲੇ ਤਕ ਕੋਈ ਵੀ ਦਾਅਵੇਦਾਰ ਸਾਹਮਣੇ ਨਹੀਂ ਆਇਆ ਹੈ।

ਆਮ ਆਦਮੀ ਪਾਰਟੀ

ਆਮ ਆਦਮੀ ਪਾਰਟੀ ਵੱਲੋਂ ਹਾਲੇ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਇਸ ਲਈ ਟਿਕਟ ਲੈਣ ਦੇ ਚਾਹਵਾਨ ਦਾਅਵੇ ਪੇਸ਼ ਕਰ ਰਹੇ ਹਨ। ਇਨ੍ਹਾਂ ਵਿਚ ਜਲੰਧਰ ਨਾਰਥ ਤੋਂ ਜੋਗਿੰਦਰਪਾਲ ਸ਼ਰਮਾ ਤੇ ਰਮਣੀਕ ਰੰਧਾਵਾ, ਸੈਂਟਰਲ ਹਲਕੇ ਤੋਂ ਡਾ. ਸੰਜੀਵ ਸ਼ਰਮਾ, ਇਕਬਾਲ ਸਿੰਘ ਢੀਂਡਸਾ ਤੇ ਦੀਪਕ ਬਾਲੀ, ਵੈਸਟ ਹਲਕੇ ਤੋਂ ਡਾ. ਸ਼ਿਵਦਿਆਲ ਮਾਲੀ, ਅੰਮ੍ਰਿਤਪਾਲ ਸਿੰਘ ਤੇ ਦਰਸ਼ਨ ਭਗਤ, ਜਲੰਧਰ ਕੈਂਟ ਤੋਂ ਸੁਰਿੰਦਰ ਸਿੰਘ ਸੋਢੀ, ਕਰਤਾਰਪੁਰ ਤੋਂ ਸੇਵਾਮੁਕਤ ਪੁਲਿਸ ਅਧਿਕਾਰੀ ਬਲਕਾਰ ਸਿੰਘ ਤੇ ਡਾ. ਜਸਵੀਰ ਸਿੰਘ ਜੱਸੀ, ਆਦਮਪੁਰ ਤੋਂ ਅਸ਼ੋਕ ਕੁਮਾਰ ਤੇ ਜੀਤ ਰਾਮ ਭੱਟੀ, ਫਿਲੌਰ ਤੋਂ ਪ੍ਰਿੰਸੀਪਲ ਪ੍ਰੇਮ ਕੁਮਾਰ, ਨਕੋਦਰ ਤੋਂ ਹਲਕਾ ਇੰਚਾਰਜ ਇੰਦਰਜੀਤ ਕੌਰ ਮਾਨ ਅਤੇ ਸ਼ਹਾਕੋਟ ਤੋਂ ਰਤਨ ਸਿੰਘ ਕਾਕਡ਼ ਕਲਾਂ ਸ਼ਾਮਲ ਹਨ।

Posted By: Tejinder Thind