ਜੇਐੱਨਐੱਨ, ਜਲੰਧਰ : ਸ਼ਹਿਰ ਦੇ ਸਾਬਕਾ ਕੌਂਸਲਰ ਸੁਖਮੀਤ ਡਿਪਟੀ ਕਤਲ ਕਾਂਡ ਦੀ ਸਾਜ਼ਿਸ਼ ਰਚਣ ਵਾਲੇ ਅਰਮੀਨੀਆ ਜੇਲ੍ਹ ਵਿਚ ਬੰਦ ਬਦਨਾਮ ਸਮੱਗਲਰ ਗੌਰਵ ਪਟਿਆਲ ਲੱਕੀ ਨੂੰ ਜਲੰਧਰ ਲਿਆਉਣ ਲਈ ਪੁਲਿਸ ਨੇ ਯਤਨ ਤੇਜ਼ ਕਰ ਦਿੱਤੇ ਹਨ। ਬੀਤੇ ਦਿਨੀਂ ਮੋਹਾਲੀ ਵਿਚ ਅਕਾਲੀ ਆਗੂ ਵਿੱਕੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ ਸਾਜ਼ਿਸ਼ ਪਟਿਆਲ ਨੇ ਰਚੀ ਸੀ। ਇਹ ਪ੍ਰਗਟਾਵਾ ਮੋਹਾਲੀ ਪੁਲਿਸ ਨੇ ਕੀਤਾ ਹੈ। ਅਜਿਹੇ ਵਿਚ ਹੁਣ ਪੁਲਿਸ ਇਹ ਮੰਨ ਕੇ ਚੱਲ ਰਹੀ ਹੈ ਕਿ ਪਟਿਆਲ ਨੇ ਕਈ ਹੋਰ ਜਣਿਆਂ ਦੇ ਕਤਲ ਦੀ ਸਾਜ਼ਿਸ਼ ਰਚੀ ਹੋ ਸਕਦੀ ਹੈ।

ਜਲੰਧਰ ਗੋਪਾਲ ਨਗਰ ਵਿਚ ਡਿਪਟੀ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚਣ ਪਿੱਛੋਂ ਪਟਿਆਲ ਨੇ ਗੁੜਗਾਓਂ ਦੇ ਗੈਂਗਸਟਰ ਵਿਕਾਸ ਮਾਲੇ ਤੇ ਜਲੰਧਰ ਦੇ ਬਦਨਾਮ ਗੈਂਗਸਟਰ ਪੁਨੀਤ ਸ਼ਰਮਾ ਸਮੇਤ ਪੰਜਾਬ ਦੇ ਇਕ ਹੋਰ ਗਿਰੋਹਬਾਜ਼ ਨੂੰ ਇਸ ਵਿਚ ਸ਼ਾਮਲ ਕਰ ਕੇ ਉਨ੍ਹਾਂ ਤੋਂ ਕਤਲ ਕਰਵਾਇਆ ਸੀ। ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਇਸ ਬਾਰੇ ਖ਼ੁਲਾਸਾ ਕੀਤਾ ਸੀ ਤੇ ਬਾਅਦ ਵਿਚ ਜਲੰਧਰ ਦੇ ਨਵੇਂ ਆਏ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਇਸ ਕੰਮ ਨੂੰ ਅੱਗੇ ਵਧਾਉਂਦੇ ਹੋਏ ਅਰਮੀਨੀਆ ਪੁਲਿਸ ਨਾਲ ਸੰਪਰਕ ਕੀਤਾ ਸੀ। ਜਲੰਧਰ ਪੁਲਿਸ ਨੇ ਉਥੋਂ ਦੀ ਪੁਲਿਸ ਨੂੰ ਚਿੱਠੀ ਲਿਖ ਕੇ ਹਵਾਲਗੀ ਲਈ ਬਿਨੈ ਕੀਤੀ ਸੀ। ਪੁਲਿਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਕਤਲ ਕਾਂਡ ਵਿਚ ਸ਼ਹਿਰ ਦਾ ਸਫ਼ੇਦਪੋਸ਼ ਸ਼ਾਮਲ ਹੈ। ਹੁਣ ਡਾ. ਸੁਖਚੈਨ ਸਿੰਘ ਗਿੱਲ ਦੇ ਵਿਭਾਗੀ ਤਬਾਦਲੇ ਮਗਰੋਂ ਨਵੇਂ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਲਈ ਵੀ ਇਹ ਕਤਲ ਕਾਂਡ ਚੁਣੌਤੀ ਸਾਬਿਤ ਹੋਵੇਗਾ। ਯਾਦ ਰਹੇ ਲੰਘੀ 21 ਜੂਨ ਨੂੰ ਸਾਬਕਾ ਕੌਂਸਲਰ ਡਿਪਟੀ ਨੂੰ ਗੋਪਾਲ ਨਗਰ ਦਾਣਾ ਮੰਡੀ ਦੇ ਬਾਹਰ ਮੰਦਰ ਸਾਹਮਣੇ ਗੋਲੀਆਂ ਨਾਲ ਭੁੰਨਿਆ ਗਿਆ ਸੀ ਤੇ ਉਹ ਥਾਈਂ ਦਮ ਤੋੜ ਗਿਆ ਸੀ।

Posted By: Jagjit Singh