ਰਾਕੇਸ਼ ਗਾਂਧੀ, ਜਲੰਧਰ : ਸੀਆਈਏ ਦਿਹਾਤ ਅਤੇ ਥਾਣਾ ਨਕੋਦਰ ਦੀ ਪੁਲਿਸ ਨੇ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਅੱਠ ਮੈਂਬਰਾਂ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਜਦੋਂ ਉਹ ਨਕੋਦਰ ਪੁਲੀ ਲਾਗੇ ਇਕ ਖ਼ਾਲੀ ਪਲਾਟ 'ਚ ਬੈਠ ਕੇ ਇਕ ਬੈਂਕ ਲੁੱਟਣ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਨੇ ਇਨ੍ਹਾਂ ਕੋਲੋਂ ਤੇਜ਼ਧਾਰ ਹਥਿਆਰ, ਬਾਈਕ ਅਤੇ ਲੱਖਾਂ ਰੁਪਏ ਦੀ ਨਕਦੀ ਬਰਾਮਦ ਕੀਤੀ।

ਐੱਸਐੱਸਪੀ ਦਿਹਾਤ ਨਵਜੋਤ ਸਿੰਘ ਮਾਹਲ, ਐੱਸਪੀ ਰਾਜਬੀਰ ਸਿੰਘ, ਐੱਸਪੀ ਰਵਿੰਦਰ ਪਾਲ ਸਿੰਘ ਸੰਧੂ, ਡੀਐੱਸਪੀ ਵਤਸਲਾ ਗੁਪਤਾ, ਡੀਐੱਸਪੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ 16 ਜੂਨ ਰਾਤ 10 ਵਜੇ ਸਬ ਇੰਸਪੈਕਟਰ ਕੇਵਲ ਸਿੰਘ ਥਾਣਾ ਨਕੋਦਰ ਦੀ ਪੁਲਿਸ ਨਾਲ ਨਕੋਦਰ ਪੁਲੀ ਲਾਗੇ ਮੌਜੂਦ ਸਨ। ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਸ਼ਿਵ ਕੁਮਾਰ ਨੂੰ ਸੂਚਨਾ ਮਿਲੀ ਕਿ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਲੁੱਟਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ ਮੈਂਬਰ ਗੁਰੂ ਨਾਨਕ ਨੈਸ਼ਨਲ ਕਾਲਜ ਰੋਡ ਨਕੋਦਰ ਦੇ ਸੱਜੇ ਪਾਸੇ ਗਰਾਊਂਡ 'ਚ ਇਕ ਟੁੱਟੇ ਭੱਜੇ ਕਮਰੇ 'ਚ ਤੇਜ਼ਧਾਰ ਹਥਿਆਰਾਂ ਨਾਲ ਮੌਜੂਦ ਹਨ ਅਤੇ ਰਾਤ ਸਮੇਂ ਇਕ ਬੈਂਕ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਹਨ। ਥਾਣਾ ਨਕੋਦਰ 'ਚ ਮਾਮਲਾ ਦਰਜ ਕਰ ਕੇ ਪੁਲਿਸ ਪਾਰਟੀ ਨੇ ਉਕਤ ਪਲਾਟ 'ਚ ਛਾਪਾਮਾਰੀ ਕਰਕੇ ਗਿਰੋਹ ਮੈਂਬਰਾਂ ਰਵਿੰਦਰ ਕੁਮਾਰ ਉਰਫ ਰਵੀ ਪੁੱਤਰ ਜੈਪਾਲ ਵਾਸੀ ਬਲ ਹੁਕਮੀ, ਸੁੱਖ ਜੀਵਨ ਕੁਮਾਰ ਉਰਫ਼ ਜੀਵਨ ਪੁੱਤਰ ਦੇਸ ਰਾਜ ਵਾਸੀ ਪਿੰਡ ਮੀਰਪੁਰ, ਸ਼ਿਵਮ ਪੁੱਤਰ ਰਾਕੇਸ਼ ਕੁਮਾਰ ਵਾਸੀ ਮੁਹੱਲਾ ਟੰਡਨਾਂ ਨਕੋਦਰ, ਜਗਜੀਵਨ ਕੁਮਾਰ ਉਰਫ਼ ਜੀਵਨ ਪੁੱਤਰ ਜੌਨ ਮਸੀਹ ਵਾਸੀ ਪਿੰਡ ਮੀਰਪੁਰ, ਹਰੀਸ਼ ਕੁਮਾਰ ਉਰਫ਼ ਰਿੱਕੁ ਪੁੱਤਰ ਬ੍ਰਿਜ ਭੂਸ਼ਣ ਵਾਸੀ ਕ੍ਰਿਸ਼ਨ ਨਗਰ ਨਕੋਦਰ, ਜਤਿੰਦਰ ਉਰਫ ਸੰਜੂ ਪੁੱਤਰ ਗੁਰਨਾਮ ਥਾਪਰ ਵਾਸੀ ਪਿੰਡ ਮੰਡਿਆਲਾ ਥਾਣਾ ਮਹਿਤਪੁਰ, ਹਰਦੇਵ ਕੁਮਾਰ ਉਰਫ ਹੈਪੀ ਪੁੱਤਰ ਪ੍ਰੇਮ ਚੰਦ ਵਾਸੀ ਮੁਹੱਲਾ ਅਰਜਨ ਨਗਰ ਅਤੇ ਅਮਰਜੀਤ ਸਿੰਘ ਉਰਫ ਅਮਿਤ ਪੁੱਤਰ ਲਖਬੀਰ ਸਿੰਘ ਵਾਸੀ ਪਿੰਡ ਤਲਵੰਡੀ ਸਲੇਮ ਥਾਣਾ ਸਦਰ ਨਕੋਦਰ ਨੂੰ ਕਾਬੂ ਕੀਤਾ। ਉਨ੍ਹਾਂ ਦੇ ਕਬਜ਼ੇ 'ਚੋਂ 3 ਮੋਟਰਸਾਈਕਲ, 2 ਦਾਤਰ, 2 ਕਿਰਪਾਨਾਂ, 2 ਲੋਹੇ ਦੀਆਂ ਰਾਡਾਂ, 1 ਲੋਹੇ ਦੀ ਪਾਈਪ,1 ਕਮਾਨੀਦਾਰ ਚਾਕੂ ਅਤੇ ਇੱਕ ਲੱਖ ਸੱਤਰ ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ।

ਐੱਸਐੱਸਪੀ ਮਾਹਲ ਨੇ ਦੱਸਿਆ ਕਿ ਇਸ ਗਰੋਹ ਦੇ ਮੈਂਬਰਾਂ ਨੇ 10 ਜੂਨ ਨੂੰ ਨਕੋਦਰ ਵਿਖੇ ਖੁਸ਼ੀ ਸਕੈਨ ਸੈਂਟਰ ਦੇ ਮੁਲਾਜ਼ਮ ਅਭੀ ਦੇ ਸਿਰ ਵਿਚ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਸੀ ਅਤੇ ਉਸ ਕੋਲੋਂ ਢਾਈ ਲੱਖ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ ਸਨ। ਇਸ ਤੋਂ ਬਾਅਦ 16 ਜੂਨ ਨੂੰ ਹੀ ਪ੍ਰੇਮ ਕੋਹਲੀ ਉੱਪਰ ਹਮਲਾ ਕਰਕੇ ਉਸ ਕੋਲੋਂ 45 ਹਜ਼ਾਰ ਰੁਪਏ ਦੀ ਨਕਦੀ ਅਤੇ ਐਕਟਿਵਾ ਖੋਹ ਕੇ ਲੈ ਗਏ ਸਨ।

Posted By: Seema Anand