Jalandhar News : ਵੁੱਡਲੈਂਡ ਬਰਾਂਡ ਦੇ ਨਕਲੀ ਬੂਟ ਬਣਾਉਣ ਵਾਲੀ ਕੰਪਨੀ ’ਤੇ ਛਾਪੇਮਾਰੀ
ਉਨ੍ਹਾਂ ਦੱਸਿਆ ਕਿ ਉਕਤ ਕੰਪਨੀ ’ਚ ਹਰੇਕ ਮਹੀਨੇ ਤਕਰੀਬਨ 10 ਹਜ਼ਾਰ ਤੋਂ ਵੱਧ ਬੂਟ ਤਿਆਰ ਕੀਤੇ ਜਾਂਦੇ ਸਨ, ਜਿਸ ਉੱਪਰ ਵੁੱਡਲੈਂਡ ਕੰਪਨੀ ਦਾ ਮਾਰਕਾ ਲਾ ਕੇ ਇਸ ਨੂੰ ਬਾਜ਼ਾਰ ’ਚ ਵੇਚਿਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਹੀ ਕੰਮ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ।
Publish Date: Fri, 07 Nov 2025 12:06 AM (IST)
Updated Date: Fri, 07 Nov 2025 12:10 AM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਰਾਮਾ ਮੰਡੀ ਦੀ ਹੱਦ ’ਚ ਪੈਂਦੇ ਸੁੱਚੀ ਪਿੰਡ ’ਚ ਸਥਿਤ ਕੰਪਨੀ ’ਚ ਨਕਲੀ ਵੁੱਡਲੈਂਡ ਬੂਟ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਵੁੱਡਲੈਂਡ ਕੰਪਨੀ ਦੇ ਇਕ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਕੰਪਨੀ ਦੇ ਅਧਿਕਾਰੀਆਂ ਤੇ ਥਾਣਾ ਰਾਮਾ ਮੰਡੀ ਦੀ ਪੁਲਿਸ ਵੱਲੋਂ ਸਾਂਝੀ ਕਾਰਵਾਈ ਕਰਦੇ ਹੋਏ ਉਕਤ ਫੈਕਟਰੀ ’ਚ ਛਾਪਾਮਾਰੀ ਕਰ ਕੇ ਭਾਰੀ ਮਾਤਰਾ ’ਚ ਵੁੱਡਲੈਂਡ ਕੰਪਨੀ ਦੇ ਨਕਲੀ ਜੁੱਤੇ ਤੇ ਰਾਅ ਮਟੀਰੀਅਲ ਬਰਾਮਦ ਕੀਤਾ ਹੈ। ਪੁਲਿਸ ਨੇ ਕੰਪਨੀ ਦੇ ਮਾਲਕ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਵੁੱਡਲੈਂਡ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਉਨਾਂ ਨੂੰ ਮਾਰਕੀਟ ’ਚੋਂ ਲਗਾਤਾਰ ਇਹੀ ਸੂਚਨਾ ਮਿਲ ਰਹੀ ਸੀ ਕਿ ਵੁੱਡਲੈਂਡ ਕੰਪਨੀ ਦੇ ਨਕਲੀ ਜੁੱਤੇ ਕਈ ਸ਼ਹਿਰਾਂ ’ਚ ਸਪਲਾਈ ਹੋ ਰਹੇ ਹਨ।
ਇਸ ਤੋਂ ਬਾਅਦ ਕੰਪਨੀ ਵੱਲੋਂ ਆਪਣੀ ਤੌਰ ’ਤੇ ਜਾਂਚ ਕੀਤੀ ਗਈ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਜਲੰਧਰ ਦੇ ਸੁੱਚੀ ਪਿੰਡ ਸਪੀਡਵੇਜ਼ ਟਾਇਰ ਕੰਪਨੀ ’ਚ ਜੁੱਤੇ ਬਣਾਏ ਜਾ ਰਹੇ ਸਨ। ਇਸ ਤੋਂ ਬਾਅਦ ਕੰਪਨੀ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਰਿਪੋਰਟ ਰਾਮਾ ਮੰਡੀ ਪੁਲਿਸ ਸਟੇਸ਼ਨ ਦੀ ਪੁਲਿਸ ਨੂੰ ਦਿੱਤੀ ਗਈ। ਇਸ ਤੋਂ ਬਾਅਦ ਕੰਪਨੀ ਦੇ ਅਧਿਕਾਰੀ ਦੇ ਨਾਲ ਥਾਣਾ ਰਾਮਾ ਮੰਡੀ ਦੀ ਪੁਲਿਸ ਸੁੱਚੀ ਪਿੰਡ ’ਚ ਸਥਿਤ ਉਕਤ ਕੰਪਨੀ ’ਚ ਪਹੁੰਚੀ। ਪੁਲਿਸ ਤੇ ਕੰਪਨੀ ਨੂੰ ਮੌਕੇ ਤੋਂ ਤਕਰੀਬਨ 2500 ਦੇ ਕਰੀਬ ਤਿਆਰ ਨਕਲੀ ਵੁੱਡਲੈਂਡ ਕੰਪਨੀ ਦਾ ਮਾਰਕਾ ਲੱਗੇ ਜੁੱਤੇ, ਮੌਕੇ ’ਤੇ ਮਸ਼ੀਨਾਂ ਰਾਹੀਂ ਤਿਆਰ ਕੀਤੇ ਜਾ ਰਹੇ ਜੁੱਤਿਆਂ ਦੇ ਸੈਂਪਲ ਤੇ ਕੱਚਾ ਮਟੀਰੀਅਲ ਬਰਾਮਦ ਹੋਇਆ।
ਉਨ੍ਹਾਂ ਦੱਸਿਆ ਕਿ ਉਕਤ ਕੰਪਨੀ ’ਚ ਹਰੇਕ ਮਹੀਨੇ ਤਕਰੀਬਨ 10 ਹਜ਼ਾਰ ਤੋਂ ਵੱਧ ਬੂਟ ਤਿਆਰ ਕੀਤੇ ਜਾਂਦੇ ਸਨ, ਜਿਸ ਉੱਪਰ ਵੁੱਡਲੈਂਡ ਕੰਪਨੀ ਦਾ ਮਾਰਕਾ ਲਾ ਕੇ ਇਸ ਨੂੰ ਬਾਜ਼ਾਰ ’ਚ ਵੇਚਿਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਹੀ ਕੰਮ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਕੰਪਨੀ ਖਿਲਾਫ ਕਾਨੂੰਨੀ ਕਾਰਵਾਈ ਕਰਨ ਜਾ ਰਹੇ ਹਨ। ਇਸ ਤੋਂ ਇਲਾਵਾ ਪੁਲਿਸ ਵੱਲੋਂ ਵੀ ਕੰਪਨੀ ਦੇ ਮਾਲਕ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ।