ਜਲੰਧਰ, ਜੇਐੱਨਐੱਨ : ਜੇ ਤਿੰਨ ਸਾਲ ਬਾਅਦ 2024 ’ਚ ਪੈਰਿਸ ’ਚ ਹੋਣ ਜਾ ਰਹੀਆਂ ਓਲੰਪਿਕ ਖੇਡਾਂ ਤਕ ਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ’ਚ ਬਣੇ ਰਹਿੰਦੇ ਹਨ ਤਾਂ ਓਲੰਪੀਅਨ ਊਧਮ ਸਿੰਘ ਤੋਂ ਬਾਅਦ ਚਾਰ ਓਲੰਪਿਕ ਖੇਡਾਂ ’ਚ ਹਿੱਸਾ ਲੈਣ ਵਾਲੇ ਦੂਜੇ ਪੰਜਾਬੀ ਤੇ ਦੇਸ਼ ਦੇ ਤੀਜੇ ਹਾਕੀ ਖਿਡਾਰੀ ਹੋਣਗੇ।

ਓਲੰਪੀਅਨ ਊਧਮ ਸਿੰਘ ਨੇ 1952 ’ਚ ਹੇਲਸਿੰਕੀ (ਗੋਲਡ), 1956 ’ਚ ਮੇਲਬੋਰਨ (ਗੋਲਡ), 1960 ’ਚ ਰੋਮ (ਸਿਲਵਰ) ਤੇ 1964 ’ਚ ਟੋਕੀਓ (ਗੋਲਡ) ਓਲੰਪਿਕ ਖੇਡਾਂ ’ਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ। ਓਲੰਪੀਅਨ ਊਧਮ ਸਿੰਘ ਹਾਕੀ ਦੇ ਮੱਕਾ ਦੇ ਨਾਂ ਤੋਂ ਮਸ਼ਹੂਰ ਸੰਸਾਰਪੁਰ ਪਿੰਡ (ਜ਼ਿਲ੍ਹਾ ਜਲੰਧਰ) ਦੇ ਵਾਸੀ ਸਨ।

ਭਾਰਤੀ ਹਾਕੀ ਟੀਮ ਦੇ ਮੌਜੂਦਾ ਕਪਤਾਨ ਪੰਜਾਬ ਪੁਲਿਸ ਦੇ ਡੀਐੱਸਪੀ ਮਨਪ੍ਰੀਤ ਸਿੰਘ ਉਰਫ਼ ਕੋਰੀਅਨ ਜ਼ਿਲ੍ਹਾ ਜਲੰਧਰ ਦੇ ਪਿੰਡ ਮਿੱਠਾਪੁਰ ਦੇ ਰਹਿਣ ਵਾਲੇ ਹਨ। ਉਹ 2012 ਦੀ ਲੰਡਨ ਓਲੰਪਿਕ, 2016 ਦੀ ਰਿਓ ਓਲੰਪਿਕ ਤੇ 2020 ਦੀ ਟੋਕੀਓ ਓਲੰਪਿਕ ’ਚ ਹਿੱਸਾ ਲੈ ਚੁੱਕੇ ਹਨ। ਟੋਕੀਓ ਓਲੰਪਿਕ ’ਚ ਮਨਪ੍ਰੀਤ ਸਿੰਘ ਦੀ ਕਪਤਾਨੀ ’ਚ ਦੇਸ਼ ਨੂੰ 41 ਸਾਲ ਬਾਅਦ ਹਾਕੀ ’ਚ ਕਈ ਪੁਰਸਕਾਰ ਜਿੱਤਿਆ ਹੈ। ਇਸ ਤੋਂ ਪਹਿਲਾਂ 1980 ’ਚ ਹੋਈ ਮਾਸਕੋ ਓਲੰਪਿਕ ’ਚ ਭਾਰਤੀ ਹਾਕੀ ਟੀਮ ਸੋਨੇ ਦਾ ਪੁਰਸਕਾਰ ਜਿੱਤਣ ’ਚ ਸਫ਼ਲ ਰਹੀ ਸੀ। ਓਲੰਪੀਅਨ ਊਧਮ ਸਿੰਘ ਦੇ ਬਾਅਦ ਧਨਰਾਜ ਪਿੱਲੇ ਅਜਿਹੇ ਦੂਜੇ ਭਾਰਤੀ ਹਾਕੀ ਖਿਡਾਰੀ ਸਨ, ਜਿਨ੍ਹਾਂ ਨੇ 1992 ਤੋਂ ਲੈ ਤੇ 2004 ਤਕ ਚਾਰ ਓਲੰਪਿਕ ਖੇਡਾਂ ’ਚ ਹਿੱਸਾ ਲਿਆ ਸੀ।

Posted By: Rajnish Kaur