ਸੰਸਦ ਮੈਂਬਰ ਚੌਧਰੀ ਨੇ ਮੇਅਰ ਤੇ ਸੰਯੁਕਤ ਕਮਿਸ਼ਨਰ ਸਮੇਤ ਕੌਂਸਲਰਾਂ ਨਾਲ ਕੀਤੀ ਬੈਠਕ

ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਸ਼ਹਿਰ ਨੂੰ ਕੂੜਾ ਤੇ ਗੰਦਗੀ ਮੁਕਤ ਕਰਨ ਲਈ ਵਿਧਾਨ ਸਭਾ ਦਾ ਸੈਸ਼ਨ ਖ਼ਤਮ ਹੋਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਥਾਨਕ ਸਰਕਾਰਾਂ ਮੰਤਰੀ ਇੰਦਰਬੀਰ ਸਿੰਘ ਨਿੱਜਰ ਨਾਲ ਮੁਲਾਕਾਤ ਕੀਤੀ ਜਾਵੇਗੀ। ਇਹ ਗੱਲ ਵੀਰਵਾਰ ਨੂੰ ਲੋਕਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਮੇਅਰ ਦਫ਼ਤਰ ਵਿਖੇ ਮੇਅਰ ਜਗਦੀਸ਼ ਰਾਜਾ ਤੇ ਕੌਂਸਲਰਾਂ ਨਾਲ ਮੀਟਿੰਗ ਦੇ ਬਾਅਦ ਪੱਤਰਕਾਰਾਂ ਨਾਲ ਕੀਤੀ। ਮੀਟਿੰਗ 'ਚ ਸੰਯੁਕਤ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਵੀ ਸ਼ਾਮਲ ਹੋਏ। ਸੰਸਦ ਮੈਂਬਰ ਨੇ ਕਿਹਾ ਕਿ ਸ਼ਹਿਰ ਦੀ ਸਫਾਈ ਨਾ ਹੋਣਾ ਇਕ ਗੰਭੀਰ ਸਮੱਸਿਆ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਸਹਿਨ ਨਹੀਂ ਕੀਤਾ ਜਾ ਸਕਦਾ ਤੇ ਇਸ ਲਈ ਨਿਗਮ ਪ੍ਰਸ਼ਾਸਨ ਨੂੰ ਸਫਾਈ ਲਈ ਗੰਭੀਰ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਫਾਈ ਇਕ ਮਹੱਤਵਪੂਰਨ ਮੁੱਦਾ ਹੈ ਜਿਸ ਦਾ ਹੱਲ ਹਰ ਕੀਮਤ 'ਤੇ ਹੋਣਾ ਲਾਜ਼ਮੀ ਹੈ ਤੇ ਉਨ੍ਹਾ ਨੇ ਇਸ ਸਬੰਧ 'ਚ ਕਮਿਸ਼ਨਰ ਨੂੰ ਬੁਲਾਇਆ ਸੀ ਤੇ ਉਹ ਕਿਸੇ ਮੀਟਿੰਗ 'ਚ ਹੋਣ ਕਰ ਕੇ ਸਾਡੀ ਮੀਟਿੰਗ 'ਚ ਨਹੀਂ ਆ ਸਕੇ ਤੇ ਉਨ੍ਹਾਂ ਨੇ ਸੰਯੁਕਤ ਕਮਿਸ਼ਨਰ ਰੰਧਾਵਾ ਨੂੰ ਭੇਜ ਦਿੱਤਾ ਸੀ ਤੇ ਉਨ੍ਹਾਂ ਨੇ ਕਿਹਾ ਸੀ ਕਿ ਉਹ ਖੁਦ ਆ ਕੇ ਮਿਲਣਗੇ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਸਾਫ਼-ਸੁਥਰਾ ਰੱਖਣ ਦੀ ਜ਼ਿੰਮੇਦਾਰੀ ਨਗਰ ਨਿਗਮ ਦੀ ਬਣਦੀ ਹੈ ਤੇ ਸ਼ਹਿਰ ਦੀ ਮੁੱਖ ਸਮੱਸਿਆ ਕੂੜਾ ਤੇ ਸੀਵਰੇਜ ਦੀ ਹੈ। ਜਿਸ ਦਾ ਹੱਲ ਹਰ ਕੀਮਤ 'ਤੇ ਹੋਣਾ ਚਾਹੀਦਾ ਹੈ। ਉਨਾਂ੍ਹ ਕਿਹਾ ਕਿ ਉਹ ਮੇਅਰ ਜਗਦੀਸ਼ ਰਾਜਾ ਨੂੰ ਨਾਲ ਲੈ ਕੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨੂੰ ਮਿਲ ਕੇ ਸ਼ਹਿਰ ਦੀ ਸਫਾਈਦੀ ਸਮੱਸਿਆ ਦਾ ਹੱਲ ਕਰਨ ਦੀ ਮੰਗ ਕਰਨਗੇ।

ਓਐਂਡਐਮ ਦਾ ਐੱਸਈ ਨਹੀਂ

ਉਨ੍ਹਾਂ ਕਿਹਾ ਕਿ ਨਗਰ ਨਿਗਮ 'ਚ ਅਧਿਕਾਰੀਆਂ ਦੀ ਘਾਟ ਕਾਰਨ ਤਾਣਾਬਾਣਾ ਵਿਗੜ ਚੁੱਕਾ ਹੈ ਤੇ ਨਗਰ ਦੀ ਓਐਂਡਐਮ ਬਰਾਂਚ ਬਿਨਾ ਐੱਸਈ ਦੇ ਹੈ ਤੇ ਉਸ ਨੂੰ ਇਕ ਐਕਸੀਅਨ ਦੇ ਸਿਰ ਛੱਡਿਆ ਹੋਇਆ ਹੈ। ਜਿਸ ਕਾਰਨ ਸ਼ਹਿਰ 'ਚ ਸੀਵਰੇਜ ਦੀ ਸਮੱਸਿਆ ਪੈਦਾ ਹੋਈ ਹੈ ਤੇ ਸ਼ਹਿਰ ਦਾ ਕੋਈ ਹਿੱਸਾ ਅਜਿਹਾ ਨਹੀਂ ਹੈ ਜਿਥੇ ਸੀਵਰੇਜ ਬੰਦ ਹੋਣ ਦੀ ਸ਼ਿਕਾਇਤ ਨਹੀਂ ਆ ਰਹੀ। ਇਸ ਲਈ ਉਕਤ ਬਰਾਂਚ 'ਚ ਐਸਈ ਦੀ ਨਿਯੁਕਤੀ ਹੋਣੀ ਲਾਜ਼ਮੀ ਹੈ।

ਸਮਾਰਟ ਸਿਟੀ ਦਾ ਵੱਖ ਸੀਈਓ ਹੋਣਾ ਚਾਹੀਦਾ ਹੈ

ਇਸ ਦੌਰਾਨ ਸੰਸਦ ਮੈਂਬਰ ਨੇ ਕਿਹਾ ਕਿ ਸਮਾਰਟ ਸਿਟੀ ਦਾ ਇਕ ਸੀਈਓ ਹੋਣਾ ਚਾਹੀਦਾ ਹੈ ਤਾਂ ਜੋ ਕੇਵਲ ਪ੍ਰਰਾਜੈਕਟਾਂ ਦਾ ਕੰਮ ਦੇਖ ਸਕੇ । ਇਕ ਅਧਿਕਾਰੀ ਨੂੰ ਜਦੋਂ ਦੋਹਰੇ ਵਿਭਾਗ ਦਿੱਤੇ ਜਾਂਦੇ ਹਨ ਤਾਂ ਉਸ ਲਈ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਸਮਾਰਟ ਸਿਟੀ ਕੰਪਨੀ ਦਾ ਸੀਈਓ ਵੱਖ ਸੀ ਤਾਂ ਕੰਮ ਠੀਕ ਹਲ ਰਿਹਾ ਸੀ ਤੇ ਜਦੋਂ ਇਕ ਹੀ ਅਧਿਕਾਰੀ ਨੂੰ ਨਗਰ ਨਿਗਮ ਤੇ ਸਮਾਰਟ ਸਿਟੀ ਦੇ ਕੰਮ ਸੌਪੇਂ ਜਾਂਦੇ ਹਨ ਤਾਂ ਉਸ ਨਾਲ ਦੋਵੇਂ ਕੰਮ ਪ੍ਰਭਾਵਿਤ ਹੋ ਕੇ ਰਹਿ ਜਾਂਦੇ ਹਨ ਤੇ ਕੰਮ ਦੀ ਰਫ਼ਤਾਰ 'ਤੇ ਵੀ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਸਲੇ ਤੇ ਵੀ ਮੁੱਖ ਮੰਤਰੀ ਨੂੰ ਵਿਚਾਰ ਕਰਨ ਲਈ ਕਹਿਣਗੇ।