ਕੂੜੇ ਦੀ ਢੁਆਈ ਨਾ ਹੋਣ ਕਾਰਨ ਡੰਪਾਂ ਤੋਂ ਨਹੀਂ ਚੁੱਕਿਆ ਗਿਆ ਕੁੂੜਾ, ਲਗਪਗ 91 ਲੱਖ ਦੀ ਹੈ ਪੰਪ ਦੀ ਦੇਣਦਾਰੀ

ਮਦਨ ਭਾਰਦਵਾਜ,ਜਲੰਧਰ : ਨਗਰ ਨਿਗਮ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਆਏ ਦਿਨ ਪੈਟਰੋਲ ਪੰਪ ਵਾਲੇ ਨੂੰ ਭੁਗਤਾਨ ਨਾ ਹੋਣ ਦੀ ਸ਼ਿਕਾਇਤ ਵੱਧ ਰਹੀ ਹੈ। ਜਿਸ ਕਾਰਨ ਨਗਰ ਨਿਗਮ ਦੀਆਂ ਗੱਡੀਆਂ ਨੂੰ ਤੇਲ ਦੀ ਸਪਲਾਈ ਨਾ ਹੋਣ ਕਾਰਨ ਕੂੜੇ ਦੀ ਢੁਆਈ ਨਾ ਹੋਣ ਕਾਰਨ ਜਿਥੇ ਸ਼ਹਿਰ ਦਾ ਵਾਤਾਵਰਨ ਦੂਸ਼ਿਤ ਹੂੰਦਾ ਜਾ ਰਿਹਾ ਹੈ ਉਥੇ ਕੂੜੇ ਕਾਰਨ ਮਹਾਮਾਰੀ ਫੈਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਨਗਰ ਨਿਗਮ ਦੀ ਹੈਲਥ ਬਰਾਂਚ ਵਲੋਂ ਸਵੇਰੇ ਕੂੜੇ ਦੀ ਢੁਆਈ ਤਾ ਹੀ ਸ਼ੁਰੂ ਹੁੰਦੀ ਹੈ ਜਦੋਂ ਉਸ ਦੀਆਂ ਗੱਡੀਆਂ ਨੂੰ ਤੇਲ ਦੀ ਸਪਲਾਈ ਹੁੰਦੀ ਹੈ ਤੇ ਨਗਰ ਨਿਗਮ ਪ੍ਰਸ਼ਾਸਨ ਨੂੰ ਵੀ ਪਤਾ ਹੁੰਦਾ ਹੈ ਕਿ ਤੇਲ ਦੀ ਸਪਲਾਈ ਲਈ ਪੰਪ ਮਾਲਕਾਂ ਨੂੰ ਭੁਗਤਾਨ ਵੀ ਕਰਨਾ ਹੈ, ਇਸ ਦੇ ਬਾਵਜੂਦ ਭੁਗਤਾਨ ਨਹੀਂ ਕੀਤਾ ਜਾਂਦਾ ਤੇ ਮਾਲਕ ਤੇਲ ਦੀ ਸਪਲਾਈ ਬੰਦ ਕਰਦੇ ਹਨ ਤੇ ਸ਼ਹਿਰ ਤੋਂ ਕੂੜੇ ਦੀ ਢੁਆਈ ਨਹੀਂ ਹੁੰਦੀ ਤਾਂ ਫਿਰ ਨਿਗਮ ਦੀਆਂ ਅੱਖਾਂ ਖੁੱਲ੍ਹਦੀਆਂ ਹਨ ਤੇ ਫਿਰ ਥੋੜ੍ਹਾ ਬਹੁਤਾ ਭੁਗਤਾਨ ਕਰਕੇ ਨਿਗਮ ਦੀਆਂ ਗੱਡੀਆਂ ਨੂੰ ਤੇਲ ਦੀ ਸਪਲਾਈ ਸ਼ੁਰੂ ਹੁੰਦੀ ਹੈ ਤਾਂ ਉਸ ਸਮੇਂ ਅੱਧਾ ਦਿਨ ਗੁਜ਼ਰ ਜਾਂਦਾ ਹੈ ਤਾਂ 500 ਟਨ ਕੂੜੇ ਦੀ ਢੁਆਈ ਮਾਮੁਲੀ ਹੁੰਦੀ ਹੈ ਤੇ ਦੂਜੇ ਦਿਨ ਫਿਰ ਉਤਨਾ ਹੀ ਕੂੜਾ ਇਕਠਾ ਹੋ ਜਾਂਦਾ ਹੈ। ਨਿਗਮ ਲਈ ਤੇਲ ਦੀ ਸਪਲਾਈ ਬੰਦ ਹੋਣਾ ਤੇ ਮਾਮੁਲੀ ਭੁਗਤਾਨ ਕਰਕੇ ਤੇਲ ਦੀ ਸਪਲਾਈ ਸ਼ੁਰੂ ਕਰਾਉਣਾ ਇਕ ਮਜ਼ਾਕ ਬਣ ਕੇ ਰਹਿ ਗਿਆ ਹੈ। ਨਗਰ ਨਿਗਮ ਦੇ ਮੌਜੂਦਾ ਕਮਿਸ਼ਨਰ ਦਵਿੰਦਰ ਸਿੰਘ ਦੇ ਸਮੇਂ ਹੀ ਇਕ ਮਹੀਨੇ 'ਚ 4 ਵਾਰ ਭੁਗਤਾਨ ਨਾ ਹੋਣ ਕਾਰਨ ਤੇਲ ਦੀ ਸਪਲਾਈ ਬੰਦ ਹੋਈ ਹੈ। ਜਦੋਂਕਿ ਅਜਿਹਾ ਕਿਸੇ ਵੀ ਕਮਿਸ਼ਨਰ ਸਮੇਂ ਨਹੀਂ ਹੋਇਆ ਸੀ। ਵੀਰਵਾਰ ਨੂੰ ਨਗਰ ਨਿਗਮ ਤੇ ਪੰਪ ਦਾ ਬਿਲ 91 ਲੱਖ ਦਾ ਹੋ ਗਿਆ ਸੀ ਜਿਸ ਕਾਰਨ ਪੰਪ ਨੇ ਸਪਲਾਈ ਬੰਦ ਕੀਤੀ। ਬਾਅਦ 'ਚ ਥੋੜਾ ਬਹੁਤ ਭੁਗਤਾਨ ਕਰਨ ਤੇ ਸਪਲਾਈ ਬਹਾਲ ਕਰਾਈ ਗਈ । ਵੀਰਵਾਰ ਨੂੰ ਸ਼ਹਿਰ ਦੇ ਡੰਪਾਂ ਤੇ ਭਾਰੀ ਮਾਤਰਾ 'ਚ ਕੂੜਾ ਇਕਠਾ ਹੋ ਗਿਆ ਜਿਸ ਕਾਰਨ ਸ਼ਹਿਰ ਦਾ ਵਾਤਾਵਰਨ ਦੂਸ਼ਿਤ ਹੋਇਆ।

11 ਵਜੇ ਢੁਆਈ ਸ਼ੁਰੂ ਹੋ ਗਈ ਸੀ : ਹੈਲਥ ਅਫਸਰ

ਇਸ ਦੌਰਾਨ ਨਗਰ ਨਿਗਮ ਦੇ ਹੈਲਥ ਅਫਸਰ ਡਾ: ਸ੍ਰੀ ਕ੍ਰਿਸ਼ਨ ਸ਼ਰਮਾ ਅਨਸਾਰ ਸਵੇਰੇ ਤੇਲ ਦੀ ਸਪਲਾਈ ਬਹਾਲ ਹੋਣ ਦੇ ਬਾਅਦ ਕੂੜੇ ਦੀ ਢੁਆਈ ਦਾ ਕੰਮ 11 ਵਜੇ ਸ਼ੁਰੂ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਵੈਸੇ ਤਾਂ ਕੂੜੇ ਦੀ ਪੂਰੀ ਤਰ੍ਹਾਂ ਢੁਆਈ ਹੋਈ ਹੈ, ਪਰ ਜੇ ਕਿਤੇ ਰਹਿ ਜਾਂਦਾ ਹੈ ਤਾਂ ਫਿਰ ਉਹ ਕੱਲ ਸ਼ੁੱਕਰਵਾਰ ਤਕ ਚੁੱਕਿਆ ਜਾਏਗਾ। ਜਦੋਂਕਿ ਸ਼ੁੱਕਰਵਾਰ ਨੂੰ ਡੰਪਾਂ ਤੇ ਹੋਰ 500 ਟਨ ਕੂੜਾ ਇਕੱਠਾ ਹੋ ਜਾਵੇਗਾ ਤੇ ਉਸ ਦੀ ਢੁਆਈ ਪ੍ਰਭਾਵਿਤ ਹੋ ਕੇ ਰਹਿ ਜਾਵੇਗੀ।