ਜੇਐੱਨਐੱਨ, ਜਲੰਧਰ : ਪੰਜਾਬ ਸਰਕਾਰ ਵੱਲੋਂ ਕੋਰੋਨਾ ਇਨਫੈਕਸ਼ਨ ਦੀ ਰੋਕਥਾਮ ਲਈ ਦੁਕਾਨਾਂ ਬੰਦ ਕਰਨ ਦੇ ਨਿਰੇਦਸ਼ਾਂ ਤੋਂ ਬਾਅਦ ਵੀ ਲੋਕ ਦੁਕਾਨਾਂ ਖੋਲ੍ਹਣ ਤੋਂ ਬਾਜ਼ ਨਹੀਂ ਆ ਰਹੇ। ਥਾਣਾ ਬਸਤੀ ਬਾਵਾ ਖੇਲ ਇਲਾਕੇ ਦੇ ਜੇਪੀ ਨਗਰ ਵਿਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਲਾਕਡਾਊਨ ਦੌਰਾਨ ਸਵੇਰੇ ਕਰੀਬ 11 ਵਜੇ ਇਕ ਢਾਬਾ ਲੋਕਾਂ ਲਈ ਖੁੱਲ੍ਹਾ ਮਿਲਿਆ। ਕਾਰਵਾਈ ਕਰਦੇ ਹੋਏ ਪੁਲਿਸ ਨੇ ਢਾਬਾ ਮਾਲਕ ਨੂੰ ਹਿਰਾਸਤ ਵਿਚ ਲੈ ਲਿਆ ਤੇ ਉਸ ਦੇ ਖਿਲਾਫ ਧਾਰਾ 188 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਥਾਣਾ ਬਸਤੀ ਬਾਵਾ ਖੇਲ ਦੇ ਏਐੱਸਆਈ ਪ੍ਰੀਤਪਾਲ ਨੇ ਦੱਸਿਆ ਕਿ ਐਤਵਾਰ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੇਪੀ ਨਗਰ ਸਥਿਤ 'ਮਾਤਾ ਕਾ ਢਾਬਾ' ਲਾਕਡਾਊਨ ਦੌਰਾਨ ਵੀ ਖੁੱਲ੍ਹਿਆ ਹੋਇਆ ਹੈ। ਇਸ ਦੌਰਾਨ ਢਾਬੇ 'ਚ ਕਈ ਗਾਹਕ ਵੀ ਮੌਜੂਦ ਹਨ। ਘਟਨਾ ਦੀ ਸੂਚਨਾ ਮਿਲਣ 'ਤੇ ਜਦੋਂ ਪੁਲਿਸ ਦੀ ਟੀਮ ਮੌਕੇ 'ਤੇ ਪੁੱਜੀ ਤਾਂ ਢਾਬਾ ਖੁੱਲ੍ਹਾ ਹੋਇਆ ਸੀ ਤੇ ਅੰਦਰ ਕਈ ਗਾਹਕ ਮੌਜੂਦ ਸਨ। ਪੁਲਿਸ ਕਾਰਵਾਈ ਕਰਦੇ ਹੋਏ ਢਾਬਾ ਮਾਲਕ ਨੂੰ ਥਾਣੇ ਲੈ ਗਈ ਤੇ ਉਸ ਦੇ ਖਿਲਾਫ ਸੰਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। ਪੁਲਿਸ ਢਾਬਾ ਮਾਲਕ ਤੋਂ ਪੁੱਛਗਿੱਛ ਕਰ ਰਹੀ ਹੈ।

Posted By: Seema Anand