ਦਿਹਾਤੀ ਪੁਲਿਸ ਜਲੰਧਰ ਦੀ ਟੀਮ ਨੇ ਸੁਨੀਲ ਨਾਟਾ ਅਤੇ ਵਿਦੇਸ਼ 'ਚ ਬੈਠੇ ਗੈਂਗਸਟਰ ਡੋਨੀ ਬੱਲ ਗਿਰੋਹ ਨਾਲ ਜੁੜੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ 'ਚੋਂ 100 ਗ੍ਰਾਮ ਹੈਰੋਇਨ, ਦੋ .32 ਬੋਰ ਪਿਸਤੌਲ, ਦੋ ਮੈਗਜ਼ੀਨ ਅਤੇ ਦੋ ਕਾਰਤੂਸ ਬਰਾਮਦ ਕੀਤੇ ਹਨ।

ਜਾਸ, ਜਲੰਧਰ : ਦਿਹਾਤੀ ਪੁਲਿਸ ਜਲੰਧਰ ਦੀ ਟੀਮ ਨੇ ਸੁਨੀਲ ਨਾਟਾ ਅਤੇ ਵਿਦੇਸ਼ 'ਚ ਬੈਠੇ ਗੈਂਗਸਟਰ ਡੋਨੀ ਬੱਲ ਗਿਰੋਹ ਨਾਲ ਜੁੜੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ 'ਚੋਂ 100 ਗ੍ਰਾਮ ਹੈਰੋਇਨ, ਦੋ .32 ਬੋਰ ਪਿਸਤੌਲ, ਦੋ ਮੈਗਜ਼ੀਨ ਅਤੇ ਦੋ ਕਾਰਤੂਸ ਬਰਾਮਦ ਕੀਤੇ ਹਨ।
ਇਸ ਸਬੰਧੀ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਪੁਸ਼ਪਬਾਲੀ ਦੀ ਟੀਮ ਨੇ ਕਾਰਵਾਈ ਨੂੰ ਅੰਜਾਮ ਦਿੱਤਾ। ਐੱਸਐੱਸਪੀ ਨੇ ਦੱਸਿਆ ਕਿ ਇੰਸਪੈਕਟਰ ਪੁਸ਼ਪ ਬਾਲੀ ਨੁੰ ਖੁਫ਼ੀਆ ਸੂਚਨਾ ਮਿਲੀ ਸੀ ਕਿ ਸੁੱਚਾ ਸਿੰਘ ਉਰਫ਼ ਸੰਨੀ ਨਾਂ ਦਾ ਨੌਜਵਾਨ ਲਾਂਬੜਾਂ ਇਲਾਕੇ 'ਚ ਮੌਜੂਦ ਹੈ ਅਤੇ ਵੱਡੇ ਪੱਧਰ 'ਤੇ ਹੈਰੋਇਨ ਦੀ ਤਸਕਰੀ ਕਰ ਰਿਹਾ ਹੈ। ਸੂਚਨਾ ਮਿਲਦੇ ਹੀ 23 ਮਈ 2026 ਨੁੰ ਐੱਸਆਈ ਕਸ਼ਮੀਰ ਸਿੰਘ ਦੀ ਅਗਵਾਈ 'ਚ ਸੀਆਈਏ ਸਟਾਫ਼ ਦੀ ਟੀਮ ਪਿੰਡ ਰਾਮਪੁਰ ਲੱਲੀਆਂ ਦੇ ਅੱਡੇ ਨੇੜੇ ਪਹੁੰਚੀ ਤਾਂ ਇੱਕ ਨੌਜਵਾਨ ਪੁਲਿਸ ਦੇ ਵਾਹਨ ਨੂੰ ਵੇਖ ਕੇ ਘਬਰਾ ਗਿਆ ਅਤੇ ਨਾਲ ਬਣੇ ਇੱਕ ਖੋਲੇ ਵੱਲ ਜਾਣ ਲੱਗਿਆ। ਸ਼ੱਕ ਹੋਣ 'ਤੇ ਪੁਲਿਸ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਦੇ ਕਾਲੇ ਰੰਗ ਦੇ ਸਾਈਡ ਬੈਗ 'ਚੋਂ 100 ਗ੍ਰਾਮ ਹੈਰੋਇਨ, ਦੋ .32 ਬੋਰ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ।
ਮੋਗਾ ਦਾ ਰਹਿਣ ਵਾਲਾ ਹੈ ਮੁਲਜ਼ਮ
ਪੁੱਛਗਿੱਛ ਦੌਰਾਨ ਮੁਲਜ਼ਮ ਦੀ ਪਛਾਣ ਸੁੱਚਾ ਸਿੰਘ ਉਰਫ਼ ਸੰਨੀ ਪੁੱਤਰ ਸੁਰਜੀਤ ਸਿੰਘ ਨਿਵਾਸੀ ਪਿੰਡ ਫਤਹਿਗੜ੍ਹ ਪੰਜਤੂਰ, ਜ਼ਿਲ੍ਹਾ ਮੋਗਾ ਦੇ ਰੂਪ 'ਚ ਹੋਈ। ਪੁਲਿਸ ਨੇ ਉਸ ਦੇ ਖਿ਼ਲਾਫ਼ ਥਾਣਾ ਲਾਂਬੜਾਂ 'ਚ 23 ਮਈ 2026 ਨੂੰ ਐੱਨਡੀਪੀਐੱਸ ਐਕਟ ਅਤੇ ਆਰਮਜ਼ ਐਕਟ ਸਣੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਲਿਆ।
ਪਹਿਲਾਂ ਵੀ ਕਈ ਮਾਮਲਿਆਂ 'ਚ ਲੋੜੀਂਦਾ ਮੁਲਜ਼ਮ
ਜਾਂਚ 'ਚ ਸਾਹਮਣੇ ਆਇਆ ਕਿ ਸੁੱਚਾ ਸਿੰਘ ਪਹਿਲਾਂ ਵੀ ਹੱਤਿਆ, ਨਾਜਾਇਜ਼ ਹਥਿਆਰ ਅਤੇ ਨਸ਼ਾ ਤਸਕਰੀ ਵਰਗੇ ਗੰਭੀਰ ਮਾਮਲਿਆਂ 'ਚ ਸ਼ਾਮਲ ਰਿਹਾ ਹੈ। ਉਹ ਵੱਖ-ਵੱਖ ਜੇਲ੍ਹਾਂ 'ਚ ਬੰਦ ਰਹਿ ਚੁੱਕਾ ਹੈ ਅਤੇ 7 ਮਾਰਚ 2026 ਨੂੰ ਫਰੀਦਕੋਟ ਜੇਲ੍ਹ ਤੋਂ ਜ਼ਮਾਨਤ 'ਤੇ ਬਾਹਰ ਆਇਆ ਸੀ। ਪੁਲਿਸ ਰਿਕਾਰਡ ਅਨੁਸਾਰ ਮੁਲਜ਼ਮ 'ਤੇ ਪਹਿਲਾਂ ਤੋਂ ਕਈ ਮਾਮਲੇ ਦਰਜ ਹਨ। ਇਨ੍ਹਾਂ 'ਚ ਲੁੱਟਖੋਹ, ਹਥਿਆਰ ਰੱਖਣ, ਐੱਨਡੀਪੀਐੱਸ ਐਕਟ ਅਤੇ ਗੈਂਗ ਗਤੀਵਿਧੀਆਂ ਨਾਲ ਜੁੜੇ ਮਾਮਲੇ ਸ਼ਾਮਲ ਹਨ। ਪੁਲਿਸ ਦਾ ਕਹਿਣਾ ਹੈ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੇ ਫਿਰ ਤੋਂ ਨਸ਼ਾ ਤਸਕਰੀ ਸ਼ੁਰੂ ਕਰ ਦਿੱਤੀ ਸੀ।
ਡੋਨੀ ਬੱਲ ਗਿਰੋਹ ਨਾਲ ਜੁੜੇ ਤਾਰ
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਅਭੀ ਨਾਂ ਦੇ ਇੱਕ ਵਿਅਕਤੀ ਨਾਲ ਮਿਲ ਕੇ ਫਿਰ ਤੋਂ ਹੈਰੋਇਨ ਦੀ ਸਪਲਾਈ ਕਰਨ ਲੱਗਿਆ ਸੀ। ਉਸੇ ਅਭੀ ਨੇ ਉਸ ਨੂੰ ਬਰਾਮਦ ਹੈਰੋਇਨ ਅਤੇ ਹਥਿਆਰ ਮੁਹੱਈਆ ਕਰਵਾਏ ਸਨ। ਪੁਲਿਸ ਅਨੁਸਾਰ, ਅਭੀ ਵਿਦੇਸ਼ 'ਚ ਬੈਠੇ ਗੈਂਗਸਟਰ ਡੋਨੀ ਬੱਲ ਦੇ ਸੰਪਰਕ 'ਚ ਹੈ ਤੇ ਫਿਲਹਾਲ ਫ਼ਰਾਰ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਵੀ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਲੁਕ ਕੇ ਰਹਿ ਰਿਹਾ ਹੈ। ਪੁਲਿਸ ਹੁਣ ਅਭੀ ਦੀ ਤਲਾਸ਼ 'ਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਨੈੱਟਵਰਕ 'ਚ ਹੋਰ ਕੌਣ-ਕੌਣ ਲੋਕ ਸ਼ਾਮਲ ਹਨ ਅਤੇ ਨਸ਼ਾ ਤਸਕਰੀ ਦੇ ਜ਼ਰੀਏ ਕਿੰਨੀ ਸੰਪਤੀ ਬਣਾਈ ਗਈ ਹੈ।