ਰਾਕੇਸ਼ ਗਾਂਧੀ, ਜਲੰਧਰ : ਥਾਣਾ ਭਾਰਗੋ ਕੈਂਪ ਦੀ ਹੱਦ 'ਚ ਪੈਂਦੇ ਦਸਮੇਸ਼ ਨਗਰ 'ਚ ਪੈਦਲ ਆਪਣੇ ਘਰ ਵੱਲ ਜਾ ਰਹੇ ਪਾਵਰਕਾਮ 'ਚ ਕੰਮ ਕਰਨ ਵਾਲੇ ਇਕ ਨੌਜਵਾਨ ਉੱਪਰ ਗਲ਼ੀ 'ਚ ਘੁੰਮ ਰਹੇ ਪਿਟਬੁੱਲ ਕੁੱਤੇ ਨੇ ਹਮਲਾ ਕਰ ਦਿੱਤਾ ਤੇ ਉਸ ਨੌਜਵਾਨ ਦਾ ਗੁਪਤ ਅੰਗ ਬੁਰੀ ਤਰ੍ਹਾਂ ਨੋਚ ਲਿਆ। ਲੋਕਾਂ ਨੇ ਬੜੀ ਮੁਸ਼ਕਿਲ ਨਾਲ ਉਸ ਨੂੰ ਛੁਡਵਾਇਆ ਤੇ ਇਲਾਜ ਲਈ ਹਸਪਤਾਲ ਵਿੱਚ ਦਾਖਿਲ ਕਰਵਾਇਆ।

ਈਐੱਸਆਈ ਹਸਪਤਾਲ 'ਚ ਜ਼ੇਰੇ ਇਲਾਜ ਆਸ਼ੂ ਚੰਦਰ ਕਾਂਤ ਵਾਸੀ ਈਸ਼ਵਰ ਕਾਲੋਨੀ ਨੇ ਦੱਸਿਆ ਕੀ ਉਹ ਪਾਵਰਕਾਮ 'ਚ ਕੰਮ ਕਰਦਾ ਹੈ ਤੇ ਸ਼ੁੱਕਰਵਾਰ ਸ਼ਾਮ ਉਹ ਡਿਊਟੀ ਤੋਂ ਵਿਹਲਾ ਹੋ ਕੇ ਪੈਦਲ ਦਸਮੇਸ਼ ਨਗਰ ਤੋਂ ਆਪਣੇ ਘਰ ਵੱਲ ਜਾ ਰਿਹਾ ਸੀ। ਉੱਥੇ ਘੁੰਮ ਰਹੇ ਇਕ ਪਿਟਬੁੱਲ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ ਤੇ ਉਸ ਦੇ ਗੁਪਤ ਅੰਗ ਨੂੰ ਬੁਰੀ ਤਰ੍ਹਾਂ ਨੋਚਿਆ। ਉਸ ਨੇ ਖ਼ੁਦ ਨੂੰ ਛੁਡਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਇਆ ਤਾਂ ਉਸ ਦੀਆਂ ਚੀਕਾਂ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਕੁੱਤੇ ਨੂੰ ਡੰਡਿਆਂ ਨਾਲ ਭਜਾਇਆ। ਲੋਕਾਂ ਨੇ ਹੀ ਜ਼ਖ਼ਮੀ ਹਾਲਤ ਵਿਚ ਉਸ ਨੂੰ ਹਸਪਤਾਲ ਪਹੁੰਚਾਇਆ। ਆਸ਼ੂ ਚੰਦਰਕਾਂਤ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਾਲਿਆਂ ਨੇ ਕੁੱਤੇ ਦੇ ਮਾਲਕਾਂ ਖ਼ਿਲਾਫ਼ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਜੋ ਮਾਮਲੇ ਦੀ ਜਾਂਚ ਕਰ ਰਹੇ ਹਨ।

Posted By: Seema Anand