ਅਮਰਜੀਤ ਸਿੰਘ ਵੇਹਗਲ, ਜਲੰਧਰ : ਥਾਣਾ 1 ਤਹਿਤ ਆਉਂਦੇ ਵੇਰਕਾ ਮਿਲਕ ਪਲਾਂਟ ਦੇ ਨਾਲ ਲੱਗਦੇ ਨਿਊ ਅੰਮ੍ਰਿਤ ਵਿਹਾਰ ਵਿੱਚ ਦਿਨ-ਦਿਹਾੜੇ ਸ਼ਰੇਆਮ ਗੋਲ਼ੀਆਂ ਚਲਾ ਕੇ ਵਿਅਕਤੀ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਮੌਕੇ ਤੋਂ ਪੁਲਿਸ ਨੂੰ ਗੋਲ਼ੀਆਂ ਦੇ ਚਾਰ ਖੋਲ ਬਰਾਮਦ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਕਰਨ ਵਾਲੇ ਨੌਜਵਾਨਾਂ ਜਾਂਦੇ ਸਮੇਂ ਇਕ ਵਿਦਿਆਰਥੀ ਦਾ ਮੋਟਰਸਾਈਕਲ ਵੀ ਖੋਹ ਕੇ ਲੈ ਗਏ ਜਦ ਕਿ ਆਪਣਾ ਮੋਟਰਸਾਈਕਲ ਉਥੇ ਹੀ ਛੱਡ ਗਏ। ਜਿਸ ਨੂੰ ਪੁਲਿਸ ਵੱਲੋਂ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ।

ਇਸ ਸਬੰਧੀ ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਅੰਮ੍ਰਿਤ ਵਿਹਾਰ 'ਚ ਦੋ ਧਿਰਾਂ ਵਿਚਾਲੇ ਵਾਹਨਾਂ ਦੀ ਦੀ ਟੱਕਰ ਦੌਰਾਨ ਦੋ ਧਿਰਾਂ 'ਚ ਝਗੜਾ ਹੋਇਆ ਸੀ ਜਿਸ ਦੌਰਾਨ ਲੋਕ ਇਕੱਠੇ ਹੋ ਗਏ। ਇਸੇ ਦੌਰਾਨ ਹਮਲਾਵਰਾਂ ਨੇ ਫ਼ਰਾਰ ਹੋਣ ਲਈ ਗੋਲ਼ੀਆਂ ਚਲਾ ਦਿੱਤੀਆਂ। ਲੋਕਾਂ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੇ ਵਿਵਾਦ ਦੌਰਾਨ ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਵੀ ਹੋਈ। ਵੇਰਕਾ ਮਿਲਕ ਪਲਾਂਟ ਦੇ ਪਿਛਲੇ ਪਾਸੇ ਸਕੂਲ ਵਿੱਚ ਪੜ੍ਹਦੇ ਵਿਦਿਆਰਥੀ ਜਸਕਰਨ ਸਿੰਘ ਤੇ ਰਾਜਬੀਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਜਦ ਉਹ ਸਕੂਲ ਤੋਂ ਛੁੱਟੀ ਬਾਅਦ ਵਾਪਸ ਪਰਤ ਰਿਹਾ ਸੀ ਤਾਂ ਉਨ੍ਹਾਂ ਦੇ ਅੱਗੇ ਜਾ ਰਹੀ ਬੱਸ 'ਤੇ ਪੱਥਰਬਾਜ਼ੀ ਹੁੰਦੀ ਦੇਖ ਕੇ ਜਿਵੇਂ ਹੀ ਉਹ ਰੁਕੇ ਤਾਂ ਦੋ ਮੋਟਰਸਾਈਕਲ ਸਵਾਰ ਹਮਲਾਵਰ ਉਨ੍ਹਾਂ ਵੱਲ ਭੱਜੇ ਕੇ ਆਏ ਅਤੇ ਉਨ੍ਹਾਂ ਦਾ ਮੋਟਰਸਾਈਕਲ ਖੋਹ ਕੇ ਲੈ ਗਏ। ਜਿਨ੍ਹਾਂ ਵੱਲੋਂ ਭੱਜਦੇ ਹੋਏ ਕਰੀਬ 3-4 ਵਾਰ ਫਾਇਰ ਕੀਤੇ।

ਸੂਚਨਾ ਮਿਲਦੇ ਹੀ ਮੌਕੇ 'ਤੇ ਏਡੀਸੀਪੀ ਬਲਵਿੰਦਰ ਸਿੰਘ ਰੰਧਾਵਾ ਅਤੇ ਥਾਣਾ 1 ਮੁਖੀ ਜਤਿੰਦਰ ਕੁਮਾਰ, ਐਡੀਸ਼ਨਲ ਥਾਣਾ ਮੁਖੀ ਰਾਕੇਸ਼ ਕੁਮਾਰ, ਪੁਲੀਸ ਟੀਮ, ਥਾਣਾ 8 ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ, ਸੀਆਈਏ ਸਟਾਫ਼ ਦੇ ਇੰਚਾਰਜ ਅਸ਼ੋਕ ਕੁਮਾਰ, ਐਂਟੀ ਨਾਰਕੋਟਿਕਸ ਸੈੱਲ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਮੌਕੇ ’ਤੇ ਪੁੱਜੇ।ਜਿਨ੍ਹਾਂ ਵਲੋਂ ਜਾਂਚ ਸ਼ੁਰੂ ਕੀਤੀ। ਥਾਣਾ ਮੁਖੀ ਜਤਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕਬਜ਼ੇ ਵਿੱਚ ਲਏ ਗਏ ਮੋਟਰ-ਸਾਈਕਲ ਦੇ ਨੰਬਰ ਤੋਂ ਮੋਟਰਸਾਈਕਲ ਸਵਾਰ ਗੋਲੀਆਂ ਚਲਾਉਣ ਵਾਲੇ ਲੁਟੇਰਿਆਂ ਦੀ ਪਛਾਣ ਕੀਤੀ ਜਾ ਰਹੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਲੁਟੇਰਿਆਂ ਵੱਲੋਂ ਮੌਕੇ 'ਤੇ ਛੱਡਿਆ ਮੋਟਰਸਾਈਕਲ ਰਾਜ ਨਗਰ ਦੇ ਰਹਿਣ ਵਾਲੇ ਨੌਜਵਾਨ ਦਾ ਨਿਕਲਿਆ ਹੈ। ਜਿਸ ਦੀ ਜਾਂਚ ਕਮਿਸ਼ਨਰੇਟ ਪੁਲਿਸ ਥਾਣਾ 1 ਅਤੇ ਥਾਣਾ 8, ਸੀਆਈਏ ਸਟਾਫ਼, ਐਂਟੀ ਨਾਰਕੋਟਿਕਸ ਸੈੱਲ ਦੀਆਂ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਹੱਥ ਸੀਸੀਟੀਵੀ ਫੁਟੇਜ ਵੀ ਲੱਗੀ ਹੈ।

ਸਕੂਲ ਦੇ ਵਿਦਿਆਰਥੀ ਜਸਕਰਨ ਨੇ ਦੱਸਿਆ ਕਿ ਦੁਪਹਿਰੇ ਸਕੂਲ ਤੋਂ ਛੁੱਟੀ ਉਪਰੰਤ ਉਹ ਆਪਣੇ ਸਕੂਲ ਦੇ ਬਾਹਰ ਖੜ੍ਹਾ ਸੀ ਤਾਂ ਉਸ ਦੇ ਕੋਲ ਆ ਕੇ ਦੋ ਨੌਜਵਾਨਾਂ ਨੇ ਪਿਸਤੌਲ ਦੀ ਨੋਕ 'ਤੇ ਉਸ ਦਾ ਪੈਸ਼ਨ ਮੋਟਰਸਾਈਕਲ ਖੋਹ ਲਿਆ। ਵਿਦਿਆਰਥੀ ਜਸਕਰਨ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਹ ਇੰਨਾ ਡਰ ਗਿਆ ਸੀ ਕਿ ਉਸ ਨੂੰ ਕੁਝ ਸਮੇਂ ਹੋਸ਼ ਵੀ ਨਹੀਂ ਆਈ । ਲੋਕਾਂ ਨੇ ਦੱਸਿਆ ਕਿ ਇਹ ਨੌਜਵਾਨ ਗੋਲੀਆਂ ਚਲਾ ਕੇ ਅੰਮ੍ਰਿਤ ਵਿਹਾਰ ਵਲੋਂ ਆਏ ਸੀ।

ਅੰਮ੍ਰਿਤ ਵਿਹਾਰ ਨਿਵਾਸੀਆਂ ਨੇ ਦੱਸਿਆ ਕਿ ਦੋ ਨੌਜਵਾਨ ਸਲੇਮਪੁਰ ਤੋਂ ਮੋਟਰਸਾਈਕਲ 'ਤੇ ਅੰਮ੍ਰਿਤ ਵਿਹਾਰ ਵੱਲ ਆ ਰਹੇ ਸਨ, ਇਸ ਦੌਰਾਨ ਉਨ੍ਹਾਂ ਦੇ ਮੋਟਰਸਾਈਕਲ ਦੀ ਇਕ ਹੋਰ ਮੋਟਰਸਾਈਕਲ ਸਵਾਰ ਨੌਜਵਾਨ ਨਾਲ ਟੱਕਰ ਹੋ ਗਈ। ਜਿਸ ਕਾਰਨ ਉਨ੍ਹਾਂ ਦੋਵਾਂ ਦੇ ਮੋਟਰਸਾਈਕਲ ਨੁਕਸਾਨੇ ਗਏ ਅਤੇ ਗੋਲ਼ੀਬਾਰੀ ਕਰਨ ਵਾਲਿਆਂ ਦੇ ਮੋਟਰਸਾਈਕਲ 'ਚੋਂ ਤੇਲ ਡੁੱਲਣ ਲੱਗਾ। ਜਿਸ ਉਪਰੰਤ ਦੋਵਾਂ ਮੋਟਰਸਾਈਕਲ ਨੌਜਵਾਨਾਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪੋ ਆਪਣੇ ਹੋਏ ਨੁਕਸਾਨ ਦਾ ਹਰਜਾਨਾ ਮੰਗਣ ਲੱਗੇ। ਦੇਖਦੇ ਹੀ ਦੇਖਦੇ ਦੋਵਾਂ ਧਿਰਾਂ ਨੇ ਇਕ-ਦੂਜੇ 'ਤੇ ਪਥਰਾਅ ਸ਼ੁਰੂ ਕਰ ਦਿੱਤਾ।ਇਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਦਹਿਸ਼ਤ ਫੈਲਾਉਣ ਲਈ ਪਿਸਤੌਲ ਕੱਢ ਕੇ ਤਕਰੀਬਨ 8 ਹਵਾਈ ਫਾਇਰ ਕੀਤੇ।ਇਸ ਤੋਂ ਪਹਿਲਾਂ ਕਿ ਗੋਲ਼ੀਆਂ ਚਲਾਉਣ ਵਾਲੇ ਨੌਜਵਾਨ ਦੂਜੇ ਮੋਟਰਸਾਈਕਲ ਸਵਾਰ ਨੌਜਵਾਨਾਂ ਦਾ ਕੋਈ ਨੁਕਸਾਨ ਕਰਦੇ ਤਦ ਤਕ ਗੋਲ਼ੀਆਂ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ ਜਿਸ ਕਰਕੇ ਗੋਲ਼ੀ ਚਲਾਉਣ ਵਾਲੇ ਨੌਜਵਾਨ ਨਿਊ ਅੰਮ੍ਰਿਤ ਵਿਹਾਰ ਵੱਲ ਭੱਜ ਗਏ।

Posted By: Jagjit Singh