ਜਤਿੰਦਰ ਪੰਮੀ, ਜਲੰਧਰ : ਕੋਰੋਨਾ ਵਾਇਰਸ ਮਹਾਮਾਰੀ ਤੋਂ ਨਿਜਾਤ ਪਾਉਣ ਲਈ ਸ਼ੁਰੂ ਕੀਤੀ ਟੀਕਾਕਰਨ ਮੁਹਿੰਮ ਪਿਛਲੇ ਦਿਨਾਂ ਦੌਰਾਨ ਵੈਕਸੀਨ ਦੀ ਘਾਟ ਕਾਰਨ ਹਿਚਕੋਲੇ ਖਾ ਕੇ ਚੱਲ ਰਹੀ ਸੀ, ਅੱਜ ਵੈਕਸੀਨ ਖ਼ਤਮ ਹੋਣ ਕਾਰਨ ਪੂਰੀ ਤਰ੍ਹਾਂ ਬੰਦ ਹੋ ਗਈ। ਇਸ ਕਰਕੇ ਵੀਰਵਾਰ ਸਿਹਤ ਕੇਂਦਰਾਂ ਵਿਚ ਬਣਾਏ ਗਏ ਕੋਰੋਨਾ ਵੈਕਸੀਨ ਕੇਂਦਰਾਂ ਨੂੰ ਤਾਲੇ ਲਾ ਦਿੱਤੇ। ਇਕ ਪਾਸੇ ਸਰਕਾਰ ਹਰੇਕ ਵਿਅਕਤੀ ਨੂੰ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਲਵਾਉਣ ਲਈ ਪ੍ਰੇਰਿਤ ਕਰ ਰਹੀ ਜਦਕਿ ਦੂਜੇ ਪਾਸੇ ਵੈਕਸੀਨ ਦਾ ਸਟਾਕ ਨਾ ਆਉਣ ਕਾਰਨ ਲੋਕਾਂ ਦੇ ਪੱਲੇ ਨਿਰਾਸ਼ਾ ਪੈ ਰਹੀ ਹੈ।

ਵੀਰਵਾਰ ਨੂੰ ਸਿਵਲ ਹਸਪਤਾਲ ਦੇ ਕੋਰੋਨਾ ਵੈਕਸੀਨ ਸੈਂਟਰ 'ਚ ਵੈਕਸੀਨ ਖ਼ਤਮ ਹੋ ਜਾਣ ਕਾਰਨ ਇਥੋਂ ਦੇ ਵੈਕਸੀਨੇਸ਼ਨ ਕੇਂਦਰ ਨੂੰ ਵੀ ਤਾਲਾ ਲਾ ਦਿੱਤਾ। ਸਿਹਤ ਵਿਭਾਗ ਵੱਲੋਂ ਕੇਂਦਰ 'ਤੇ ਸੂਚਨਾ ਲਾ ਦਿੱਤੀ ਗਈ ਹੈ ਕਿ ਵੈਕਸੀਨ ਖ਼ਤਮ ਹੋ ਜਾਣ ਕਾਰਨ ਵੈਕਸੀਨ ਲਾਉਣ ਦਾ ਕੰਮ ਬੰਦ ਰਹੇਗਾ। ਵੈਕਸੀਨ ਲਵਾਉਣ ਲਈ ਆਏ ਲੋਕਾਂ ਵਿਚ ਇਸ ਕਰਕੇ ਕਾਫ਼ੀ ਰੋਸ ਪਾਇਆ ਗਿਆ। ਵੈਕਸੀਨ ਲਵਾਉਣ ਲਈ ਆਏ ਲੋਕਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਬਾਰੇ ਪਹਿਲਾਂ ਸੂਚਿਤ ਕਰਨਾ ਚਾਹੀਦਾ ਸੀ ਕਿ ਅੱਜ ਵੈਕਸੀਨ ਨਹੀਂ ਲੱਗੇਗੀ ਤਾਂ ਕਿ ਲੋਕਾਂ ਨੂੰ ਕੋਰੋਨਾ ਦੌਰਾਨ ਘਰੋਂ ਨਾ ਨਿਕਲਣਾ ਪੈਂਦਾ।

Posted By: Amita Verma