ਗੁਰਪ੍ਰੀਤ ਸਿੰਘ ਬਾਹੀਆ. ਜਲੰਧਰ ਛਾਉਣੀ : ਜਲੰਧਰ ਛਾਉਣੀ ਸਥਿਤ ਮੁਹੱਲਾ ਨੰਬਰ ਚਾਰ ਵਾਸੀ ਇਕ ਵਿਅਕਤੀ ਦੀ ਕਰੋਨਾ ਰਿਪੋਰਟ ਪਾਜ਼ਟਿਵ ਆਉਣ ਪਿੱਛੋਂ ਛਾਉਣੀ ਵਿੱਚ ਮਾਹੌਲ ਦਹਿਸ਼ਤ ਭਰਿਆ ਬਣਿਆ ਹੋਇਆ ਹੈ। ਪੁਲਸ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਵਾਰਡ ਨੰਬਰ ਇਕ, ਜੋ ਜਲੰਧਰ ਦੇ ਇਕ ਅਦਾਰੇ ਵਿਚ ਕੰਮ ਕਰਦਾ ਹੈ, ਦੇ ਬੀਤੀ ਦੇਰ ਸ਼ਾਮ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਅੱਜ ਸਵੇਰੇ ਪੁਲਿਸ ਅਤੇ ਹੈਲਥ ਵਿਭਾਗ ਦੀ ਟੀਮ ਉਸਦੇ ਘਰ ਪੁੱਜੀ। ਉਕਤ ਵਿਅਕਤੀ ਨੂੰ ਟੀਮ ਵਲੋਂ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ। ਏਸੀਪੀ ਮੇਜ਼ਰ ਸਿੰਘ ਨੇ ਦੱਸਿਆ ਕਿ ਮੁਹੱਲਾ ਨੰਬਰ 4 ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀਡ਼ਤ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਅਤੇ ਸੰਪਰਕ ਵਿੱਚ ਆਉਣ ਵਾਲੇ ਹੋਰ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ।ਜਿਨ੍ਹਾਂ ਦੇ ਸੈਂਪਲ ਜਾਂਚ ਲਈ ਭੇਜੇ ਜਾਣਗੇ।

ਇਸ ਦੇ ਨਾਲ ਹੀ ਦੱਸ ਦਈਏ ਕਿ ਪੀਡ਼ਤ ਵਿਅਕਤੀ ਕੋਰੋਨਾ ਪਾਜ਼ੇਟਿਵ ਆਉਣ ਤੋਂ ਪਹਿਲਾਂ ਲਗਾਤਾਰ ਕੰਮ ਲਈ ਦਫਤਰ ਜਾ ਰਿਹਾ ਸੀ। ਬੀਤੀ ਰਾਤ ਉਸਦੇ ਕੋਰੋਨਾ ਪੀਡ਼ਤ ਹੋਣ ਦੀ ਪੁਸ਼ਟੀ ਹੋ ਜਾਣ ਤੋਂ ਬਾਅਦ ਵੀ ਪੁਲਿਸ ਤੇ ਸਿਹਤ ਵਿਭਾਗ ਨੇ ਕੋਈ ਚੌਕਸੀ ਨਹੀਂ ਵਿਖਾਈ। ਸਵੇਰੇ 10 ਵਜੇ ਤਕ ਉਹ ਆਪਣੇ ਘਰ ਵਿਚ ਰਿਹਾ ਤੇ ਨੇਡ਼ਲੇ ਲੋਕਾਂ ਨੂੰ ਮਿਲਦਾ ਵੀ ਰਿਹਾ।ਉਥੇ ਹੀ ਮੁਹੱਲਾ ਨੰਬਰ 10 ਦੇ ਵਸਨੀਕ ਇਕ ਵਿਅਕਤੀ ਦੀ ਰਿਪੋਰਟ ਨੈਗੇਟਿਵ ਆਈ ਹੈ, ਜਿਸ ਨੂੰ ਇਹਤਿਆਤ ਵਜੋਂ ਸਿਹਤ ਵਿਭਾਗ ਦੀ ਟੀਮ ਵਲੋਂ ਏਕਾਂਤਵਾਸ ਵਿਚ ਭੇਜ ਦਿੱਤਾ ਹੈ।

Posted By: Sunil Thapa