ਜੇਐੱਨਐੱਨ, ਭੋਪਾਲ/ਜਲੰਧਰ : ਨੌਕਰੀ ਤੇ ਇੰਟਰਨੈਸ਼ਨਲ ਵੀਜ਼ਾ ਦਿਵਾਉਣ ਦੇ ਨਾਂ 'ਤੇ ਮੁੰਬਈ ਦੇ ਤਿੰਨ ਲੋਕਾਂ ਨਾਲ ਲੁੱਟ-ਖੋਹ ਤੇ ਇਕ ਅੌਰਤ ਨਾਲ ਲੁੱਟ ਤੇ ਜਬਰ-ਜਨਾਹ ਕਰਨ ਵਾਲੇ ਸ਼ਾਤਰ ਬਦਮਾਸ਼ ਸਿਮਰਨ ਸਿੰਘ ਨੂੰ ਕੋਰਟ ਨੇ ਮੰਗਲਵਾਰ ਨੂੰ ਪੰਜ ਦਿਨ ਦੇ ਰਿਮਾਂਡ 'ਤੇ ਪੁਲਿਸ ਨੂੰ ਸੌਂਪ ਦਿੱਤਾ ਹੈ। ਜਲੰਧਰ ਦੇ ਬਸਤੀ ਪੀਰਦਾਦ ਬਾਜਵਾ ਕਾਲੋਨੀ ਵਾਸੀ ਮੁਲਜ਼ਮ ਸਿਮਰਨ ਸਿੰਘ ਪੁੱਤਰ ਓਮਕਾਰ ਸਿੰਘ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਉਹ ਕਾਫੀ ਸ਼ਾਤਰ ਤੇ ਢੀਠ ਹੈ। ਉਹ ਇਕ ਪੀੜਤ ਦੇ ਖਾਤੇ 'ਚੋਂ ਪੈਸੇ ਕਢਵਾਉਣ ਲਈ ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਲੈ ਕੇ ਬੈਂਕ ਤਕ ਚਲਾ ਗਿਆ ਸੀ। ਪੁਲਿਸ ਨੇ ਉਸ ਕੋਲੋਂ ਕਾਮ ਉਤੇਜਨਾ ਵਧਾਉਣ ਵਾਲੀਆਂ ਦਵਾਈਆਂ ਤੇ ਇਤਰਾਜ਼ਯੋਗ ਸਮੱਗਰੀ ਵੀ ਜ਼ਬਤ ਕੀਤੀ ਹੈ। ਪੁਲਿਸ ਰਿਮਾਂਡ ਦੌਰਾਨ ਉਸ ਨੂੰ ਪੰਜਾਬ ਲੈ ਕੇ ਜਾਵੇਗੀ, ਜਿਥੇ ਉਸ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਜਾਵੇਗੀ।

ਮੁਲਜ਼ਮ ਨੇ ਮੁੰਬਈ ਦੇ ਰਾਜਿੰਦਰ ਗੁਣੇਕਰ, ਅਨਿਲ ਪਵਾਰ ਤੇ ਹੋਰ ਅੌਰਤਾਂ ਨੂੰ ਨੌਕਰੀ ਦਿਵਾਉਣ ਦੇ ਨਾਂ 'ਤੇ ਭੋਪਾਲ ਸੱਦਿਆ। ਰਾਜਹੰਸ ਤੇ ਕਮਲਾ ਰੈਜ਼ੀਡੈਂਸੀ ਹੋਟਲ 'ਚ ਠਹਿਰਾਇਆ ਤੇ ਉਨ੍ਹਾਂ ਨੂੰ ਨਸ਼ੀਲਾ ਪਦਾਰਥ ਖੁਆ ਕੇ ਬੇਸੁੱਧ ਕਰ ਕੇ ਲੁੱਟ ਲਿਆ ਸੀ। ਮੁਲਜ਼ਮ ਅੰਗਰੇਜ਼ ਤੇ ਹਿੰਦੀ ਅਖ਼ਬਾਰਾਂ 'ਚ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਨੌਕਰੀ ਤੇ ਇੰਟਰਨੈਸ਼ਨਲ ਵੀਜ਼ਾ ਦਿਵਾਉਣ ਦਾ ਝਾਂਸਾ ਦਿੰਦਾ ਸੀ। ਉਸ ਨੇ ਮੁੰਬਈ ਦੀਆਂ ਦੋ ਅੌਰਤਾਂ ਸਮੇਤ ਚਾਰ ਲੋਕਾਂ ਨੂੰ ਭੋਪਾਲ ਸੱਦਿਆ ਸੀ, ਜਿਨ੍ਹਾਂ 'ਚੋਂ ਇਕ ਅੌਰਤ ਨੂੰ ਨਸ਼ੀਲਾ ਪਦਾਰਥ ਖੁਆ ਕੇ ਉਸ ਨਾਲ ਦੋ ਦਿਨ ਤਕ ਜਬਰ-ਜਨਾਹ ਵੀ ਕੀਤਾ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ ਲਈ ਜਬਰ-ਜਨਾਹ ਤੇ ਠੱਗੀ ਦੀ ਪੀੜਤਾ ਨੂੰ ਹੀ ਫੋਨ ਕਰਵਾਇਆ, ਸੋਮਵਾਰ ਨੂੰ ਜਿਵੇਂ ਹੀ ਮੁਲਜ਼ਮ ਹੋਟਲ ਪੁੱਜਾ ਤਾਂ ਉਸ ਨੂੰ ਦਬੋਚ ਲਿਆ। ਮੁਲਜ਼ਮ ਕੋਲੋਂ ਫਰਜ਼ੀ ਆਧਾਰ ਕਾਰਡ ਤੇ ਵੋਟਰ ਕਾਰਡ ਵੀ ਬਰਾਮਦ ਹੋਏ ਹਨ। ਮੁਲਜ਼ਮ ਨੇ ਹਾਲੇ ਤਕ ਕਰੀਬ 15 ਵਾਰਦਾਤਾਂ ਕਬੂਲੀਆਂ ਹਨ।

ਰਾਜਿੰਦਰ ਨੂੰ ਬੈਂਕ ਲਿਜਾ ਕੇ ਕਢਵਾਏ ਸਨ ਦੋ ਲੱਖ

ਪੁਲਿਸ ਮੁਤਾਬਕ ਮੁਲਜ਼ਮ ਦੇ ਸ਼ਾਤਰ ਹੋਣ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਉਹ ਪੀੜਤ ਰਾਜਿੰਦਰ ਗੁਣੇਕਰ ਦੇ ਖਾਤੇ 'ਚੋਂ ਦੋ ਲੱਖ ਰੁਪਏ ਚੈੱਕ ਰਾਹੀਂ ਕਢਵਾਉਣ ਲਈ ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਲੈ ਕੇ ਐੱਮਪੀ ਨਗਰ ਸਥਿਤੀ ਕੋਟਕ ਮਹਿੰਦਰਾ ਬੈਂਕ ਪੁੱਜਾ ਸੀ। ਉਸ ਨੇ ਰਾਜਿੰਦਰ ਨੂੰ ਟੈਕਸੀ 'ਚ ਹੀ ਛੱਡ ਦਿੱਤਾ ਸੀ। ਸਿਮਰਨ ਬੈਂਕ 'ਚ ਪੁੱਜਾ ਤੇ ਦੋ ਲੱਖ ਦਾ ਚੈੱਕ ਕਲੀਅਰ ਕਰਵਾਉਣ ਲਈ ਕਿਹਾ। ਬੈਂਕ ਮੁਲਾਜ਼ਮਾਂ ਨੇ ਚੌਕਸੀ ਵਰਤੀ ਤੇ ਕਿਹਾ ਕਿ ਉਹ ਭੁਗਤਾਨ ਨਹੀਂ ਕਰ ਸਕਦੇ। ਸਿਮਰਨ ਨੇ ਬੈਂਕ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਕਿ ਰਾਜਿੰਦਰ ਬਾਹਰ ਟੈਕਸੀ 'ਚ ਹੈ, ਉਸ ਦੀ ਤਬੀਅਤ ਠੀਕ ਨਹੀਂ ਹੈ। ਮੁਲਾਜ਼ਮਾਂ ਨੇ ਰਾਜਿੰਦਰ ਨਾਲ ਗੱਲ ਕੀਤੀ ਤਾਂ ਉਸ ਨੇ ਭੁਗਤਾਨ ਕਰਨ ਦੀ ਹਾਮੀ ਵੀ ਭਰ ਦਿੱਤੀ ਸੀ। ਇਸ ਤੋਂ ਬਾਅਦ ਭੁਗਤਾਨ ਹੋ ਗਿਆ।

ਕਾਮ ਉਤੇਜਨਾ ਵਧਾਉਣ ਵਾਲੀਆਂ ਦਵਾਈਆਂ ਬਰਾਮਦ

ਮੁਲਜ਼ਮ ਦੇ ਸਾਮਾਨ ਦੀ ਤਲਾਸ਼ੀ ਲੈਣ ਦੌਰਾਨ ਪੁਲਿਸ ਨੂੰ ਕਾਮ ਉਤੇਜਨਾ ਵਧਾਉਣ ਵਾਲੀਆਂ ਦਵਾਈਆਂ ਵੱਡੀ ਮਾਤਰਾ 'ਚ ਮਿਲੀਆਂ ਹਨ। ਨਸ਼ੇ ਦੀਆਂ ਗੋਲੀਆਂ ਵੀ ਬਰਾਮਦ ਹੋਈਆਂ ਹਨ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਆਪਣੇ ਸ਼ਿਕਾਰ ਦਾ ਸਾਮਾਨ ਲੁੱਟਣ ਤੋਂ ਬਾਅਦ ਉਸ ਨਾਲ ਜਿਨਸੀ ਹਿੰਸਾ ਵੀ ਕਰਦਾ ਹੋਵੇਗਾ। ਇਸ ਦੇ ਲੱਛਣ ਵੀ ਡਾਕਟਰ ਨੂੰ ਨਜ਼ਰ ਆ ਰਹੇ ਹਨ। ਮੁਲਜ਼ਮ ਨੇ ਕੋਰਟ 'ਚ ਪੇਸ਼ੀ ਤੋਂ ਪਹਿਲਾਂ ਮੈਡੀਕਲ ਜਾਂਚ ਕਰਵਾਉਣ 'ਚ ਵੀ ਸਹਿਯੋਗ ਨਹੀਂ ਕੀਤਾ। ਸ਼ੁਰੂਆਤੀ ਜਾਂਚ 'ਚ ਡਾਕਟਰਾਂ ਨੂੰ ਖਦਸ਼ਾ ਹੈ ਕਿ ਮੁਲਜ਼ਮ ਯੌਨ ਰੋਗੀ ਹੋ ਸਕਦਾ ਹੈ।

ਪੁਲਿਸ ਤੇ ਅਦਾਲਤ 'ਚ ਅੰਗਰੇਜ਼ੀ 'ਚ ਕੀਤੀ ਗੱਲ

ਸਿਮਰਨ ਨੂੰ ਆਪਣੇ ਕੀਤੇ 'ਤੇ ਕੋਈ ਪਛਤਾਵਾ ਨਹੀਂ ਹੈ। ਉਸ ਨੇ ਪੁਲਿਸ ਪੁੱਛਗਿੱਛ 'ਚ ਦੱਸਿਆ ਕਿ ਲੋਕਾਂ ਨੂੰ ਠੱਗਣ ਲਈ ਉਹ ਇਸ਼ਤਿਹਾਰ ਦਿੰਦਾ ਸੀ। ਲੋਕ ਉਸ ਨੂੰ ਫੋਨ ਕਰਦੇ ਸਨ। ਉਹ ਉਸ ਨੂੰ ਕੋਲ ਕਿਉਂ ਆਉਂਦੇ ਸਨ? ਮੁਲਜ਼ਮ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਚੌਕਸੀ ਵਰਤਣੀ ਚਾਹੀਦੀ ਹੈ ਕਿ ਏਨੀ ਦੂਰ ਅੌਰਤਾਂ ਕਿਉਂ ਆਉਂਦੀਆਂ ਹਨ? ਮੁਲਜ਼ਮ ਨੇ ਅਦਾਲਤ 'ਚ ਪੁੱਜ ਕੇ ਜੱਜ ਦੇ ਸਾਹਮਣੇ ਅੰਗਰੇਜ਼ੀ 'ਚ ਹੀ ਗੱਲ ਕੀਤੀ।

ਚਾਰ ਸੂਬਿਆਂ 'ਚ 15 ਵਾਰਦਾਤਾਂ ਕਬੂਲੀਆਂ

ਐੱਸਪੀ ਸਾਹੂ ਨੇ ਦੱਸਿਆ ਕਿ ਮੁਲਜ਼ਮ ਸਿਮਰਨ ਸਿੰਘ ਬੇਹੱਦ ਸ਼ਾਤਰ ਹੈ। ਉਸ ਇਸ ਤੋਂ ਪਹਿਲਾਂ ਕਦੇ ਫੜਿਆ ਨਹੀਂ ਗਿਆ। ਭੋਪਾਲ 'ਚ ਪੰਜ ਵਾਰ ਆ ਚੁੱਕਾ ਹੈ। ਇਸ 'ਚ ਹਨੂੰਮਾਨਗੰਜ ਤੇ ਹੁਣ ਐੱਮਪੀ ਨਗਰ 'ਚ ਇਸ ਵੱਲੋਂ ਠੱਗੇ ਲੋਕ ਸਾਹਮਣੇ ਆ ਰਹੇ ਹਨ। ਮੁਲਜ਼ਮ ਨੇ ਗਵਾਲੀਅਰ, ਉਜੈਨ, ਭੋਪਾਲ (ਮੱਧ ਪ੍ਰਦੇਸ਼), ਸੋਨੀਪਤ, ਕਰਨਾਲ (ਹਰਿਆਣਾ) ਤੇ ਦੇਹਰਾਦੂਨ (ਉਤਰਾਖੰਡ), ਬਾਰਾਬੰਕੀ, ਹਰਦੋਈ (ਉੱਤਰ ਪ੍ਰਦੇਸ਼) 'ਚ ਵਾਰਦਾਤਾਂ ਕਬੂਲੀਆਂ ਹਨ। ਮੁਲਜ਼ਮ ਕੋਲੋਂ ਪੰਜ ਆਧਾਰ ਕਾਰਡ, ਫਰਜ਼ੀ ਵੋਟਰ ਕਾਰਡ ਬਰਾਮਦ ਕੀਤੇ ਗਏ ਹਨ।