ਜਾਸੰ, ਜਲੰਧਰ : ਪੱਕੀ ਨੌਕਰੀ ਸਮੇਤ ਹੋਰਨਾ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼ ਦੇ ਠੇਕਾ ਕਾਮਿਆਂ ਨੇ ਪੀਏਪੀ ਚੌਕ 'ਚ ਧਰਨਾ ਲਗਾ ਦਿੱਤਾ ਹੈ। ਇਸ ਕਾਰਨ, ਸ਼ਹਿਰ ਦੇ ਅੰਦਰ ਤਕ ਲੰਬਾ ਟ੍ਰੈਫਿਕ ਜਾਮ ਲੱਗ ਗਿਆ ਹੈ। ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਆਊਟਸੋਰਸਿੰਗ ਦੇ ਆਧਾਰ 'ਤੇ ਭਰਤੀ ਦਾ ਸਖ਼ਤ ਵਿਰੋਧ ਕਰ ਰਹੇ ਹਨ।

ਲਾਜ਼ਮੀ ਆਊਟਸੋਰਸਿੰਗ ਆਧਾਰ ’ਤੇ ਭਰਤੀ ਦਾ ਸਖ਼ਤ ਵਿਰੋਧ ਕਰ ਰਹੇ ਹਨ ਜਦਕਿ ਪੰਜਾਬ ਰੋਡਵੇਜ਼ ਮੈਨੇਜਮੈਂਟ ਨੇ ਸਪੱਸ਼ਟ ਕੀਤਾ ਹੈ ਕਿ ਆਊਟਸੋਰਸਿੰਗ ਆਧਾਰ ’ਤੇ ਭਰਤੀ ਕਰਨ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀ ਧਰਨਾ ਦੇ ਰਹੇ ਮੁਲਾਜ਼ਮਾਂ ਨੂੰ ਉਥੋਂ ਜਾਣ ਲਈ ਮਨਾ ਰਹੇ ਹਨ। ਪੰਜਾਬ ਰੋਡਵੇਜ਼ ਹੈੱਡਕੁਆਰਟਰ ਵੱਲੋਂ 27, 28 ਤੇ 29 ਸਤੰਬਰ ਦੇ ਚੱਕਾ ਜਾਮ ਦੀ ਹੜਤਾਲ ਨੂੰ ਖ਼ਤਮ ਕਰਵਾ ਕੇ ਵਾਹ-ਵਾਹੀ ਲੁੱਟੀ ਜਾ ਰਹੀ ਸੀ।

ਪ੍ਰਬੰਧਨ ਵੱਲੋਂ ਆਸਵੰਦ ਕੀਤਾ ਗਿਆ ਸੀ ਕਿ ਆਊਟਸੋਰਸ ਦੇ ਆਧਾਰ 'ਤੇ ਭਰਤੀ ਨਹੀਂ ਕੀਤੀ ਜਾਵੇਗੀ। ਧਰਨੇ ਕਾਰਨ ਫਗਵਾੜਾ-ਹੁਸ਼ਿਆਰਪੁਰ ਹਾਈਵੇ ਤੇ ਜਲੰਧਰ ਛਾਉਣੀ ਨੂੰ ਜਾਂਦੀ ਸੜਕ ’ਤੇ ਭਾਰੀ ਜਾਮ ਲੱਗ ਗਿਆ ਹੈ। ਜਲੰਧਰ ਚੰਡੀਗੜ੍ਹ ਰੋਡ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਡਿਫੈਂਸ ਕਾਲੋਨੀ ਤੋਂ ਛਾਉਣੀ ਵੱਲ ਜਾਣ ਵਾਲੀ ਸੜਕ ’ਤੇ ਵੀ ਵਾਹਨ ਫਸੇ ਹੋਏ ਹਨ। ਸੂਰਿਆ ਐਨਕਲੇਵ ਨੇੜੇ ਹਾਈਵੇ ’ਤੇ ਪਠਾਨਕੋਟ ਤੇ ਅੰਮ੍ਰਿਤਸਰ ਤੋਂ ਜਲੰਧਰ ਵੱਲ ਆਉਣ ਵਾਲੀ ਆਵਾਜਾਈ ਨੂੰ ਵੀ ਰੋਕ ਦਿੱਤਾ ਗਿਆ ਹੈ।

ਦੂਜੇ ਪਾਸੇ, ਬੱਸ ਸਟੈਂਡ 'ਤੇ ਵੀ ਬੱਸਾਂ ਦੀ ਗਿਣਤੀ 'ਚ ਭਾਰੀ ਗਿਰਾਵਟ ਆਈ ਹੈ ਕਿਉਂਕਿ ਬੱਸਾਂ ਵੱਖ-ਵੱਖ ਥਾਵਾੰ 'ਤੇ ਲੱਗੇ ਜਾਮ 'ਚ ਫਸ ਗਈਆਂ ਹਨ।

Posted By: Seema Anand