ਜੇਐੱਨਐੱਨ, ਜਲੰਧਰ : ਆਜ਼ਾਦੀ ਦਿਵਸ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਜ਼ਿਲ੍ਹਾ ਪੱਧਰੀ ਸਮਾਗਮ 'ਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਤਿਰੰਗਾ ਲਹਿਰਾ ਕੇ ਪਰੇਡ ਦੀ ਸਲਾਮੀ ਲਈ। ਇਸ ਮੌਕੇ ਡੀਸੀ ਘਨਸ਼ਿਆਮ ਥੋਰੀ, ਪੁਲਿਸ ਕਮਿਸ਼ਨਰ ਜੀਪੀਐੱਸ ਭੁੱਲਰ ਸਮੇਤ ਪੁਲਿਸ ਪ੍ਰਸ਼ਾਸਨ ਦੇ ਤਮਾਮ ਅਧਿਕਾਰੀ ਮੌਜੂਦ ਸਨ। ਹਾਲਾਂਕਿ ਕੋਰੋਨਾ ਕਾਰਨ ਆਮ ਲੋਕਾਂ ਨੂੰ ਸਟੇਡੀਅਮ 'ਚ ਐਂਟਰੀ ਨਹੀਂ ਦਿੱਤੀ ਗਈ ਤੇ ਕੁਰਸੀਆਂ ਖ਼ਾਲੀ ਨਜ਼ਰ ਆਈਆਂ।

ਆਪਣੀ ਰੱਖਿਆ ਨਾਲ ਸਮਾਜ ਦੀ ਰੱਖਿਆ ਸੰਭਵ : ਰੰਧਾਵਾ

ਇਸ ਮੌਕੇ ਸੰਬੋਧਨ ਕਰਦਿਆਂ ਜੇਲ੍ਹ ਮੰਤਰੀ ਰੰਧਾਵਾ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਮੁਕਤੀ ਪਾਉਣ ਲਈ ਆਜ਼ਾਦੀ ਘੁਲਾਟੀਏ ਬਣ ਕੇ ਲੜਾਈ ਲੜਨੀ ਪਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ ਫ਼ਤਹਿ ਨੂੰ ਸਫ਼ਲ ਬਣਾਉਣ ਲਈ ਹਰੇਕ ਨਾਗਰਿਕ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ। ਮੰਤਰੀ ਨੇ ਕਿਹਾ ਕਿ ਖ਼ੁਦ ਦੀ ਰੱਖਿਆ ਨਾਲ ਹੀ ਸਮਾਜ ਦੀ ਰੱਖਿਆ ਸੰਭਵ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਰੋਨਾ ਵਾਇਰਸ 'ਤੇ ਫ਼ਤਹਿ ਪਾਉਣ ਲਈ ਕਈ ਯੋਜਨਾਵਾਂ ਚਲਾ ਰਹੀ ਹੈ।

ਮੰਤਰੀ ਨੇ ਕਿਹਾ ਕਿ ਜਨਮ ਅਸ਼ਟਮੀ ਵਾਲੇ ਦਿਨ 1.74 ਲੱਖ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਨੇ ਸਮਾਰਟ ਫੋਨ ਦੇ ਕੇ ਨਾ ਸਿਰਫ਼ ਆਪਣਾ ਵਾਅਦਾ ਪੂਰਾ ਕੀਤਾ ਹੈ ਬਲਕਿ ਵਿਦਿਆਰਥੀਆਂ ਦੀ ਜ਼ਰੂਰਤ ਵੀ ਪੂਰੀ ਕੀਤੀ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਬਾਵਜੂਦ ਕਣਕ ਦੀ ਫ਼ਸਲ ਦੀ ਨਿਰਵਿਘਨ ਖ਼ਰੀਦ ਦਾ ਕੰਮ ਪੂਰਾ ਕਰਨਾ ਵੀ ਸਰਕਾਰ ਦੀਆਂ ਵੱਡੀਆਂ ਉਪਲਬਧੀਆਂ 'ਚੋਂ ਇਕ ਹੈ।

Posted By: Seema Anand