ਜਤਿੰਦਰ ਪੰਮੀ, ਜਲੰਧਰ : ਕੇਂਦਰ ਸਰਕਾਰ ਵੱਲੋਂ ਸੰਸਦ ’ਚ ਪੇਸ਼ ਕੀਤੇ ਗਏ ਤਿੰਨ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਗਏ ਅਸਤੀਫ਼ੇ ਨੂੰ ਪੰਜਾਬ ਦੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਿਆਸੀ ਡਰਾਮਾ ਕਰਾਰ ਦਿੱਤਾ ਹੈ ਤੇ ਕਿਹਾ ਕਿ ਅਸੀਂ ਤਾਂ ਕਿਸਾਨਾਂ ਦੇ ਹਿੱਤਾਂ ਲਈ ਸਰਕਾਰ ਵੀ ਛੱਡਣ ਲਈ ਤਿਆਰ ਹਾਂ। ਮੰਤਰੀ ਰੰਧਾਵਾ ਨੇ ਕਿਹਾ ਕਿ ਜੇਕਰ ਅਕਾਲੀ ਦਲ ਬਾਦਲ ਵਾਕਿਆ ਹੀ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੁੱਧ ਤੇ ਪੰਜਾਬ ਦੀ ਕਿਸਾਨੀ ਦੇ ਹਿੱਤਾਂ ਲਈ ਖੜ੍ਹਾ ਹੋਇਆ ਹੈ ਤਾਂ ਉਸ ਨੂੰ ਫਿਰ ਭਾਜਪਾ ਨਾਲੋਂ ਨਾਤਾ ਤੋੜਨਾ ਚਾਹੀਦਾ ਹੈ ਨਾ ਕਿ ਕੇਂਦਰੀ ਮੰਤਰੀ ਦਾ ਅਹੁਦਾ ਛੱਡਣ ਕੇ ਸਿਆਸੀ ਡਰਾਮਾ ਕਰਨਾ ਚਾਹੀਦਾ ਸੀ।

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅੱਜ ਇੱਥੇ ਵਰਚੂਅਲ ਕਿਸਾਨ ਮੇਲੇ ’ਚ ਸ਼ਿਰਕਤ ਕਰਨ ਲਈ ਪੁੱਜੇ ਹੋਏ ਸਨ। ਮੇਲੇ ’ਚ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਮੂਲੀਅਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿੰਨੇ ਖੇਤੀ ਆਰਡੀਨੈਂਸ ਕਿਸਾਨੀ ਨੂੰ ਤਬਾਹ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹ ਪਿਆ ਪੰਜਾਬ ਦਾ ਕਿਸਾਨ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਦੇਣ ਨਾਲ ਪੂਰੀ ਤਰ੍ਹਾਂ ਉੱਜੜ ਜਾਵੇਗਾ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਪੰਜਾਬ ਪਹਿਲਾਂ ਹੀ ਕਰੀਬ 30 ਸਾਲ ਤਕ ਅੱਤਵਾਦ ਦੇ ਕਾਲੇ ਦੌਰ 'ਚੋਂ ਲੰਘਿਆ ਹੈ ਤੇ ਮਸਾਂ ਪੈਰਾਂ ਸਿਰ ਹੋਏ ਇਸ ਖੇਤੀ ਪ੍ਰਦਾਨ ਸੂਬੇ ਨੂੰ ਕੇਂਦਰ ਸਰਕਾਰ ਵੱਲੋਂ ਤਬਾਹ ਕੀਤੇ ਜਾਣ ਨਾਲ ਇਥੇ ਮੁੜ ਕਾਲੇ ਦੌਰ ਵਰਗੇ ਪਰਤ ਆਉਣਗੇ।

Posted By: Seema Anand