ਜਤਿੰਦਰ ਪੰਮੀ, ਜਲੰਧਰ

ਕੌਮੀ ਮਾਰਗ ਲਾਪਰਵਾਹੀ, ਗਲਤ ਡਿਜ਼ਾਈਨਿੰਗ ਤੇ ਵੱਖ-ਵੱਖ ਕਾਰਨਾਂ ਨਾਲ ਮੌਤ ਦੇ ਹਾਈਵੇ ਬਣ ਰਹੇ ਹਨ। ਰੋਜ਼ਾਨਾ ਹਾਈਵੇ 'ਤੇ ਵਾਪਰ ਰਹੇ ਹਾਦਸੇ ਇਸ ਦਾ ਸਬੂਤ ਹਨ। 'ਪੰਜਾਬੀ ਜਾਗਰਣ' ਨੇ ਸੜਕ ਸੁਰੱਖਿਆ ਮੁਹਿੰਮ ਤਹਿਤ ਕੌਮੀ ਮਾਰਗ-ਰਾਜ ਮਾਰਗਾਂ ਦੀਆਂ ਖਾਮੀਆਂ ਉਜਾਗਰ ਕਰਨ ਦਾ ਯਤਨ ਕੀਤਾ ਹੈ। ਜਿਹੜੀਆਂ ਖਾਮੀਆ ਸਾਹਮਣੇ ਆਈਆਂ ਹਨ, ਉਹ ਦੂਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ, ਸੰਸਦ ਮੈਂਬਰ ਤੇ ਸਬੰਧਤ ਅਥਾਰਟੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਕੌਮੀ ਮਾਰਗ ਦਾ ਮੁੱਦਾ ਸਿੱਧੇ ਤੌਰ 'ਤੇ ਕੇਂਦਰ ਨਾਲ ਜੁੜਿਆ ਹੈ ਤੇ ਸੰਸਦ 'ਚ ਜਲੰਧਰ ਲੋਕ ਸਭਾ ਹਲਕੇ ਦੀ ਪ੍ਰਤੀਨਿਧਤਾ ਕਰ ਰਹੇ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਨਾਲ ਇਨ੍ਹਾਂ ਮੁੱਦਿਆਂ 'ਤੇ ਚਰਚਾ ਕੀਤੀ ਗਈ। ਉਹ ਮੰਨਦੇ ਹਨ ਕਿ ਕੌਮੀ ਮਾਰਗਾਂ 'ਤੇ ਕਈ ਖਾਮੀਆਂ ਹਨ ਤੇ ਇਨ੍ਹਾਂ ਨੂੰ ਦੂਰ ਕਰਨ ਲਈ ਸਖਤ ਕਦਮ ਚੁੱਕੇ ਜਾਣ ਦੀ ਲੋੜ ਹੈ। ਐੱਮਪੀ ਚੌਧਰੀ ਇਸ 'ਚ ਸਰਕਾਰ, ਕੌਮੀ ਹਾਈਵੇ ਅਥਾਰਟੀ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਬਰਾਬਰ ਦਾ ਜ਼ਿੰਮੇਵਾਰ ਮੰਨਦੇ ਹਨ। ਹਾਈਵੇ 'ਤੇ ਹੋਣ ਵਾਲੀਆਂ ਮੌਤਾਂ 'ਤੇ ਅੰਕੜਿਆਂ ਸਮੇਤ ਗੱਲ ਕਰਦੇ ਹਨ ਤੇ ਕਹਿੰਦੇ ਹਨ ਕਿ ਸੰਸਦ 'ਚ ਲਗਾਤਾਰ ਇਹ ਮੁੱਦਾ ਚੁੱਕਿਆ ਹੈ। ਕੇਂਦਰੀ ਮੰਤਰੀ ਨਾਲ ਆਹਮੋ-ਸਾਹਮਣੇ ਬੈਠ ਕੇ ਮੁਲਾਕਾਤ ਕਰਕੇ ਸਾਰੇ ਮੁੱਦਿਆਂ 'ਤੇ ਚਰਚਾ ਹੋਈ ਹੈ ਤੇ ਕਈ ਥਾਂ ਸੁਧਾਰ ਵੀ ਹੋਏ ਹਨ। ਹੁਣ ਇਕ ਵਾਰ ਪੂਰੇ ਜ਼ੋਰ ਨਾਲ ਕੰਮ ਕਰਨਾ ਹੈ ਤੇ 'ਪੰਜਾਬੀ ਜਾਗਰਣ' ਮੁਹਿੰਮ ਨੂੰ ਜਨਤਾ ਦੀ ਮੁਹਿੰਮ ਬਣਾਉਣਾ ਹੈ। ਜਨਤਾ ਵੀ ਤੈਅ ਨਿਯਮਾਂ ਦੀ ਪਾਲਣਾ ਕਰਨ 'ਚ ਕੋਈ ਕਸਰ ਨਾ ਛੱਡੇ ਕਿਉਂਕਿ ਇਸ ਨਾਲ ਦੂਜਿਆਂ ਦੀ ਸੁਰੱਖਿਆ ਕਰ ਸਕਦੇ ਹਾਂ। ਜਲੰਧਰ ਨਾਲ ਜੁੜੇ ਕੌਮੀ ਮਾਰਗਾਂ 'ਚ ਖਾਮੀਆਂ, ਜ਼ਿਲ੍ਹਾ ਪ੍ਰਸ਼ਾਸਨ ਤੇ ਕੇਂਦਰ ਸਰਕਾਰ ਦੀ ਭੂਮਿਕਾ, ਕਾਰਜ ਪ੍ਰਣਾਲੀ ਨੂੰ ਲੈ ਕੇ 'ਪੰਜਾਬੀ ਜਾਗਰਣ' ਵੱਲੋਂ ਲੋਕ ਸਭਾ ਮੈਂਬਰ ਸੰਤੋਖ ਚੌਧਰੀ ਨਾਲ ਸਿੱਧੀ ਗੱਲਬਾਤ ਕੀਤੀ ਗਈ।

ਸਵਾਲ-ਲੋਕ ਸਭਾ ਹਲਕਾ ਜਲੰਧਰ ਅਧੀਨ ਪੈਂਦੇ ਕੌਮੀ ਮਾਰਗ 'ਤੇ ਬਲੈਕ ਸਪਾਟ ਤੇ ਨਾਜਾਇਜ਼ ਕੱਟ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਬਤੌਰ ਐੱਮਪੀ ਹਾਈਵੇ ਦੀਆਂ ਇਹ ਬੇਨਿਯਮੀਆਂ ਦੂਰ ਕਰਨ ਲਈ ਤੁਹਾਡੀ ਕੀ ਯੋਜਨਾ ਹੈ?

ਜਵਾਬ-ਬਲੈਕ ਸਪਾਟ ਤੇ ਨਾਜਾਇਜ਼ ਕੱਟ ਸਬੰਧੀ ਪਹਿਲਾਂ ਵੀ ਕੌਮੀ ਹਾਈਵੇ ਅਥਾਰਟੀ ਦੇ ਅਫਸਰਾਂ ਨਾਲ ਗੱਲ ਕੀਤੀ ਹੈ। ਕੇਂਦਰੀ ਮੰਤਰੀ ਸਾਹਮਣੇ ਨਿੱਜੀ ਤੌਰ 'ਤੇ ਇਹ ਮੁੱਦਾ ਚੁੱਕਿਆ ਹੈ। ਇਹ ਸਾਰੇ ਦੇਸ਼ ਦੀ ਹੀ ਸਮੱਸਿਆ ਹੈ ਤੇ ਇਸ ਕਾਰਨ ਹਾਦਸੇ ਵਾਪਰ ਰਹੇ ਹਨ। ਇਸ 'ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਫਿਰ ਮੁਲਾਕਾਤ ਕਰਾਂਗਾ। ਕੌਮੀ ਹਾਈਵੇ ਅਥਾਰਟੀ ਇਸ ਨੂੰ ਗੰਭੀਰਤਾ ਨਾਲ ਲਵੇ। ਹਰ ਮਹੀਨੇ ਸਮੀਖਿਆ ਕਰ ਕੇ ਬਲੈਕ ਸਪਾਟ ਦੀ ਥਾਂ ਸੁਧਾਰ ਹੋਵੇ ਤੇ ਨਾਜਾਇਜ਼ ਕੱਟ ਬਣਾਉਣ ਵਾਲਿਆ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।

ਸਵਾਲ-ਸੁਪਰੀਮ ਕੋਰਟ ਨੇ ਹੁਕਮ ਦਿੱਤੇ ਸਨ ਕਿ ਜ਼ਿਲ੍ਹਾ ਰੋਡ ਸੇਫਟੀ ਕਮੇਟੀ 'ਚ ਲੋਕ ਨੁਮਾਇੰਦਿਆਂ ਨੂੰ ਮੈਂਬਰ ਬਣਾਇਆ ਜਾਵੇ। ਤੁਸੀਂ ਕਿਹੜੇ-ਕਿਹੜੇ ਜ਼ਿਲ੍ਹੇ ਦੀ ਰੋਡ ਸੇਫਟੀ ਕਮੇਟੀ ਦੇ ਮੈਂਬਰ ਹੋ? ਕੀ ਮੀਟਿੰਗਾਂ 'ਚ ਲਗਾਤਾਰ ਹਾਜ਼ਰ ਹੁੰਦੇ ਹੋ?

ਜਵਾਬ-ਮੇਰੀ ਜਾਣਕਾਰੀ 'ਚ ਤਾਂ ਜਲੰਧਰ ਅਜਿਹੀ ਕੋਈ ਕਮੇਟੀ ਹੀ ਨਹੀਂ ਹੈ। ਜੇ ਹੈ ਤਾਂ ਉਨ੍ਹਾਂ ਨੂੰ ਇਸ ਦੀ ਮੀਟਿੰਗ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਦੇ ਸੂਚਿਤ ਹੀ ਨਹੀਂ ਕੀਤਾ। ਡਿਪਟੀ ਕਮਿਸ਼ਨਰ ਨਾਲ ਇਸ ਸਬੰਧੀ ਗੱਲ ਕਰਕੇ ਜਾਣਕਾਰੀ ਹਾਸਲ ਕਰਾਂਗਾ। ਜੇ ਕਮੇਟੀ ਹੈ ਤਾਂ ਮੈਂਬਰ ਕੌਣ ਹਨ ਤੇ ਹੁਣ ਤਕ ਕਿੰਨੀਆਂ ਮੀਟਿੰਗਾਂ ਹੋਈਆਂ ਹਨ।

ਸਵਾਲ-ਹਾਦਸੇ ਨਾ ਹੋਣ, ਇਸ ਲਈ ਜ਼ਿਲ੍ਹਾ ਰੋਡ ਸੇਫਟੀ ਕਮੇਟੀਆਂ ਦੀਆਂ ਮੀਟਿੰਗਾਂ ਕਰ ਕੇ ਭਵਿੱਖ ਦੀ ਯੋਜਨਾ ਤਿਆਰ ਕਰ ਸਕਦੀਆਂ ਹਨ ਪਰ ਲੋਕ ਸਭਾ ਹਲਕਾ ਜਲੰਧਰ 'ਚ ਤਾਂ ਕਮੇਟੀਆਂ ਦੀਆਂ ਤਾਂ ਤੈਅ ਸਮੇਂ 'ਤੇ ਨਿਯਮਿਤ ਆਨਲਾਈਨ ਤੇ ਪ੍ਰਤੱਖ ਬੈਠਕਾਂ ਨਹੀਂ ਹੋ ਰਹੀਆਂ ਹਨ। ਇਸ ਲਾਪਰਵਾਹੀ ਬਾਰੇ ਤੁਹਾਡਾ ਕੀ ਨਜ਼ਰੀਆ ਹੈ?

ਜਵਾਬ-ਹਰ ਜ਼ਿਲ੍ਹੇ 'ਚ ਰੋਡ ਸੇਫਟੀ ਕਮੇਟੀ ਜ਼ਰੂਰੀ ਹੈ ਤਾਂ ਜੋ ਆਵਾਜਾਈ ਨਾਲ ਜੁੜੇ ਬੁਨਿਆਦੀ ਢਾਂਚੇ 'ਚ ਜੋ ਘਾਟਾਂ ਹਨ, ਉਹ ਦੂਰ ਕਰਨ ਦੀ ਯੋਜਨਾ ਤਿਆਰ ਹੋ ਸਕੇ। ਜੇ ਕਮੇਟੀਆਂ ਬਣੀਆਂ ਹਨ ਤਾਂ ਭਵਿੱਖ 'ਚ ਇਸ ਦੀਆ ਨਿਯਮਿਤ ਮੀਟਿੰਗਾਂ ਕਰਨ ਦੀ ਰੂਪਰੇਖਾ ਤਿਆਰ ਕਰਾਂਗੇ। ਰੋਡ ਸੇਫਟੀ ਕਮੇਟੀ ਦੀਆਂ ਮੀਟਿੰਗਾਂ ਸਬੰਧੀ ਲਾਪਰਵਾਹੀ ਕਰਨ ਵਾਲਿਆਂ ਤੋਂ ਜਵਾਬ ਤਲਬੀ ਵੀ ਕਰਾਂਗੇ।

ਸਵਾਲ-ਜ਼ਿਲ੍ਹਾ ਰੋਡ ਸੇਫਟੀ ਕਮੇਟੀਆਂ ਦੀਆਂ ਮੀਟਿੰਗਾਂ ਨਿਯਮਿਤ ਤੌਰ 'ਤੇ ਹੋਣ, ਇਸ ਲਈ ਤੁਸੀਂ ਕੀ ਯਤਨ ਕਰੋਗੇ?

ਜਵਾਬ-ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰ ਕੇ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਲਗਾਤਾਰ ਕਰਵਾਈ ਜਾਵੇਗੀ। ਹਰ ਮਹੀਨੇ ਇਕ ਮੀਟਿੰਗ ਜ਼ਰੂਰੀ ਹੈ ਤਾਂ ਕਿ ਜੋ ਵੀ ਸੁਝਾਅ ਆਉਂਦੇ ਹਨ, ਉਹ ਲਾਗੂ ਕਰਨ ਦੀ ਸਮੀਖਿਆ ਵੀ ਹੁੰਦੀ ਰਹੇ।

ਸਵਾਲ-ਲੋਕ ਸਭਾ ਹਲਕਾ ਜਲੰਧਰ 'ਚ ਇਕ ਸਰਕਾਰੀ ਟਰੋਮਾ ਸੈਂਟਰ ਹੈ। ਉਪਕਰਨ ਕਾਫੀ ਹਨ ਪਰ ਸਟਾਫ ਦੀ ਘਾਟ ਹੈ, ਜਿਸ ਕਾਰਨ ਹਾਦਸਿਆਂ 'ਚ ਜ਼ਖ਼ਮੀ ਹੋਣ ਵਾਲੇ ਲੋਕਾਂ ਨੂੰ ਇਲਾਜ ਦੀ ਪੂਰੀ ਸਹੂਲਤ ਨਹੀਂ ਮਿਲਦੀ। ਇਸ ਲਈ ਕੀ ਕਦਮ ਚੁੱਕੇ ਜਾਣਗੇ?

ਜਵਾਬ-ਪੰਜਾਬ 'ਚ ਸਿਹਤ ਮੰਤਰੀ ਹੁੰਦਿਆਂ ਟਰੋਮਾ ਸੈਂਟਰ ਸਥਾਪਤ ਕਰਵਾਏ ਸਨ। ਐੱਮਪੀ ਲੈਡ ਗ੍ਾਂਟ ਨਾਲ ਵੀ ਸਹਿਯੋਗ ਕੀਤਾ। ਜੇ ਸਟਾਫ ਦੀ ਘਾਟ ਹੈ ਤਾਂ ਸੂਬਾ ਸਰਕਾਰ ਨੂੰ ਇਸ ਲਈ ਤੁਰੰਤ ਪ੍ਰਬੰਧ ਕਰਨੇ ਚਾਹੀਦੇ ਹਨ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਮੁਹੱਲਾ ਕਲੀਨਿਕਾਂ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਜੋ ਸਰਕਾਰੀ ਡਿਸਪੈਂਸਰੀਆਂ ਚੱਲ ਰਹੀਆਂ ਸਨ, ਉਹ ਵੀ ਬੰਦ ਕਰ ਦਿੱਤੀਆਂ ਹਨ। ਜੇਕਰ ਟਰੋਮਾ ਸੈਂਟਰ 'ਚ ਹੀ ਮੈਡੀਕਲ ਸਟਾਫ ਨਹੀਂ ਹੈ ਤਾਂ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। 'ਆਪ' ਸਰਕਾਰ ਡਰਾਮਾ ਸਰਕਾਰ ਬਣ ਗਈ ਹੈ।

ਸਵਾਲ-ਹਾਈਵੇ 'ਤੇ ਬੇਨਿਯਮੀਆਂ ਦੂਰ ਕੀਤੀਆਂ ਜਾਣ, ਹਾਦਸੇ ਨਾ ਹੋਣ, ਲੋਕਾਂ ਦੀ ਜਾਨ ਬਚੀ ਰਹੇ, ਕੀ ਤੁਸੀਂ ਇਸ ਸਬੰਧੀ ਸੰਸਦ 'ਚ ਆਵਾਜ਼ ਚੁੱਕੀ ਹੈ ਜਾਂ ਆਉਣ ਵਾਲੇ ਸਮੇਂ 'ਚ ਚੁੱਕੋਗੇ?

ਜਵਾਬ-ਹਾਈਵੇ 'ਚ ਜੋ ਘਾਟਾਂ ਹਨ, ਉਸ 'ਤੇ ਕਈ ਵਾਰ ਸੰਸਦ 'ਚ ਚਰਚਾ ਕੀਤੀ ਹੈ। ਜਦੋਂ ਸੜਕਾਂ ਦੇ ਨਿਰਮਾਣ ਲਈ ਗ੍ਾਂਟ ਜਾਰੀ ਕਰਨ 'ਤੇ ਗੱਲ ਹੋਈ ਤਾਂ ਇਹ ਖਾਮੀਆਂ ਚੁੱਕੀਆਂ ਹਨ। ਇਨ੍ਹਾਂ 'ਚ ਸੁਧਾਰ ਦੀ ਗੱਲ ਲਗਾਤਾਰ ਕਰਦਾ ਆ ਰਿਹਾ ਹਾਂ। ਹੁਣ ਅਗਲੇ ਸੈਸ਼ਨ 'ਚ ਵੀ 'ਜਾਗਰਣ ਸਮੂਹ' ਦੇ ਸਰਵੇ ਦੇ ਅਧਾਰ 'ਤੇ ਸਮੱਸਿਆਵਾਂ ਸੰਸਦ ਸਾਹਮਣੇ ਰੱਖਾਂਗਾ। ਕੇਂਦਰੀ ਸੜਕ ਮੰਤਰੀ ਨੂੰ ਪੱਤਰ ਵੀ ਲਿਖਿਆ ਹੈ, ਉਨ੍ਹਾਂ ਨੂੰ ਨਿੱਜੀ ਤੌਰ 'ਤੇ ਵੀ ਮਿਲਿਆ ਹਾਂ।

-ਠੰਢ ਵਧ ਰਹੀ ਹੈ। ਧੁੰਦ ਕਾਰਨ ਹਾਦਸਿਆਂ ਦਾ ਵੀ ਖ਼ਤਰਾ ਹੈ। ਜਲੰਧਰ ਲੋਕ ਸਭਾ ਖੇਤਰ 'ਚ ਕੌਮੀ ਮਾਰਗ 'ਤੇ 112 ਬਾਟਲਨੈੱਕ ਹਨ। ਹਾਈਵੇ 'ਤੇ 42 ਬਲੈਕ ਸਪਾਟ ਹਨ, ਜਿੱਥੇ ਲਗਾਤਾਰ ਹਾਦਸੇ ਹੋ ਰਹੇ ਹਨ। ਉੱਥੇ ਵਿਵਸਥਾ 'ਚ ਸੁਧਾਰ ਲਈ ਕੌਮੀ ਮਾਰਗ ਅਥਾਰਟੀ ਲਈ ਕੀ ਨਿਰਦੇਸ਼ ਹਨ?

ਜਵਾਬ-ਪੂਰਾ ਹਾਈਵੇ ਮੈਂ ਦੇਖਿਆ ਹੋਇਆ ਹੈ। ਵਧੇਰੇ ਫਲਾਈਓਵਰ ਹੀ ਬਾਟਲਨੈੱਕ ਬਣ ਗਏ ਹਨ। ਅਜਿਹੇ ਕਈ ਪੁਆਇੰਟ ਹਨ, ਜਿੱਥੇ ਲਗਾਤਾਰ ਹਾਦਸੇ ਹੋ ਰਹੇ ਹਨ। ਇਨ੍ਹਾਂ ਬਲੈਕ ਸਪਾਟ ਦੀ ਪਛਾਣ ਵੀ ਹੋ ਚੁੱਕੀ ਹੈ। ਇਸ ਲਈ ਇਨ੍ਹਾਂ 'ਤੇ ਚਰਚਾ ਕਰਨ ਦੀ ਬਜਾਏ ਸੁਧਾਰ ਲਈ ਕੰਮ ਕਰਨਾ ਚਾਹੀਦਾ ਹੈ। ਇਸ ਹਫਤੇ ਕੌਮੀ ਹਾਈਵੇ ਅਥਾਰਟੀ ਨਾਲ ਇਸ ਬਾਰੇ ਗੱਲ ਹੋਵੇਗੀ।

ਸਵਾਲ-ਜਲੰਧਰ ਨਾਲ ਜੁੜੇ ਕੌਮੀ ਹਾਈਵੇ 'ਤੇ ਐਗਜ਼ਟਿ ਤੇ ਐਂਟਰੀ ਸਬੰਧੀ 78 ਨਾਜਾਇਜ਼ ਕੱਟ ਹਨ, ਜੋ ਹਾਦਸਿਆਂ ਦਾ ਵੱਡਾ ਕਾਰਨ ਬਣ ਰਹੇ ਹਨ। ਇਨ੍ਹਾਂ ਨੂੰ ਬੰਦ ਕਰਵਾਉਣ ਲਈ ਕੀ ਕੀਤਾ ਜਾ ਰਿਹਾ ਹੈ?

ਜਵਾਬ-ਕੌਮੀ ਮਾਰਗ 'ਤੇ ਢਾਬਿਆਂ, ਪੈਟਰੋਲ ਪੰਪ ਮਾਲਕਾਂ, ਕਾਰੋਬਾਰੀਆਂ ਸਮੇਤ ਪ੍ਰਭਾਵਸ਼ਾਲੀ ਲੋਕਾਂ ਨੇ ਆਪਣੀ ਸਹੂਲਤ ਲਈ ਨਾਜਾਇਜ਼ ਕੱਟ ਬਣਾ ਲਏ ਹਨ। ਹਾਈਵੇ 'ਤੇ ਗੱਡੀਆਂ ਤੇਜ਼ ਰਫਤਾਰ ਹੁੰਦੀਆਂ ਹਨ ਤੇ ਅਕਸਰ ਇਹ ਨਾਜਾਇਜ਼ ਕੱਟ ਹੀ ਹਾਦਸੇ ਦਾ ਕਾਰਨ ਬਣ ਰਹੇ ਹਨ। ਕੌਮੀ ਮਾਰਗ ਦੇ ਨਾਲ ਮੀਟਿੰਗ 'ਚ ਇਸ ਬਾਰੇ ਗੱਲ ਕਰਕੇ ਬੰਦ ਕਰਵਾਏ ਜਾਣਗੇ। ਹਾਈਵੇ ਟੀਮ ਨੂੰ ਇਸ 'ਤੇ ਰੁਟੀਨ 'ਚ ਸਰਵੇ ਕਰ ਕੇ ਕਾਰਵਾਈ ਕਰਨੀ ਚਾਹੀਦੀ ਹੈ।

ਸਵਾਲ-ਹਾਈਵੇ ਦੀ ਡਿਜ਼ਾਈਨਿੰਗ 'ਚ 17 ਖਾਮੀਆਂ ਸਾਹਮਣੇ ਆਈਆਂ ਹਨ। ਇਨ੍ਹਾਂ 'ਚ ਵੱਡੇ ਪੱਧਰ 'ਤੇ ਸੁਧਾਰ ਲਈ ਕੀ ਕੀਤਾ ਜਾ ਰਿਹਾ ਹੈ?

ਜਵਾਬ-ਫਿਲੌਰ 'ਚ ਐਂਟਰੀ ਲਈ ਫਲਾਈਓਵਰ ਦੇ ਡਿਜ਼ਾਈਨ 'ਚ ਗੜਬੜੀ ਹੈ। ਇਸ ਕਾਰਨ ਹਾਦਸੇ ਵਾਪਰ ਰਹੇ ਹਨ। ਫਿਲੌਰ 'ਚ ਐਂਟਰੀ ਲਈ ਕੋਈ ਸਹੀ ਰਸਤਾ ਨਹੀਂ ਹੈ। ਸਰਵਿਸ ਲੇਨ ਵੀ ਖ਼ਤਰਨਾਕ ਹੈ। ਅਜਿਹੀਆਂ ਹੀ ਪੀਏਪੀ ਫਲਾਈਓਵਰ 'ਚ ਖਾਮੀਆਂ ਹਨ। ਸੜਕਾਂ ਫੋਰਲੇਨ ਹੋ ਗਈਆਂ ਹਨ ਪਰ ਪੀਏਪੀ ਆਰਓਬੀ ਹਾਲੇ ਵੀ ਛੋਟਾ ਹੈ ਕਿਉਂਕਿ ਸੜਕ ਨੂੰ ਫੋਰਲੇਨ ਕਰਨ ਮੌਕੇ ਰੇਲਵੇ ਨਾਲ ਤਾਲਮੇਲ ਨਹੀਂ ਕੀਤਾ ਗਿਆ। ਹੁਣ ਕੌਮੀ ਮਾਰਗ ਅਥਾਰਟੀ ਦੇ ਅਫਸਰਾਂ ਨੂੰ ਕਿਹਾ ਹੈ ਕਿ ਰੇਲਵੇ ਨਾਲ ਤਾਲਮੇਲ ਕਰਕੇ ਰੇਲਵੇ ਲਾਈਨ ਦੇ ਉਪਰ ਵੀ ਪੁਲ ਚੌੜਾ ਕੀਤਾ ਜਾਵੇ। ਜਲੰਧਰ ਤੋਂ ਅੰਮਿ੍ਤਸਰ ਜਾਣ ਲਈ ਪਹਿਲਾਂ ਰਾਮਾ ਮੰਡੀ ਜਾਣਾ ਪੈਂਦਾ ਹੈ। ਅਜਿਹੀਆਂ ਸਾਰੀਆਂ ਖਾਮੀਆਂ ਕੇਂਦਰੀ ਮੰਤਰਾਲੇ ਸਾਹਮਣੇ ਚੁੱਕੀਆਂ ਹਨ। ਇਸ 'ਤੇ ਸੰਸਦ 'ਚ ਵੀ ਚਰਚਾ ਕੀਤੀ ਹੈ। ਇਕ ਵਾਰ ਮੰਤਰੀ ਨੂੰ ਮਿਲਾਂਗਾ ਤਾਂ ਕਿ ਹਾਈਵੇ ਨੂੰ ਲੋਕਾਂ ਲਈ ਸੁਰੱਖਿਅਤ ਬਣਾਇਆ ਜਾ ਸਕੇ।

ਸਵਾਲ-ਫਲਾਈਓਵਰ ਦੀ ਉਸਾਰੀ ਦੇ ਅਧੂਰੇ ਕੰਮ ਤੋਂ ਲੋਕ ਪਰੇਸ਼ਾਨ ਹਨ। ਵਿਸ਼ੇਸ਼ ਕਰ ਕੇ ਆਦਮਪੁਰ ਤੇ ਪੀਏਪੀ ਚੌਕ 'ਚ ਟ੍ਰੈਫਿਕ ਸਮੱਸਿਆ ਕਾਫੀ ਹੈ, ਇਸ ਸਬੰਧੀ ਕੀ ਕਰ ਰਹੇ ਹੋ?

ਜਵਾਬ-ਆਦਮਪੁਰ ਫਲਾਈਓਵਰ ਦੀ ਉਸਾਰੀ ਪੀਡਬਲਿਊਡੀ ਕੋਲ ਹੈ। ਇਸ ਵੇਲੇ ਪੰਜਾਬ 'ਚ ਰੇਤਾ ਦੀ ਘਾਟ ਹੈ ਤੇ ਕੀਮਤ ਵੀ ਦੁੱਗਣੀ ਹੋ ਗਈ ਹੈ। ਕੱਚੇ ਮਾਲ ਦੀ ਘਾਟ ਕਾਰਨ ਉਸਾਰੀ 'ਚ ਦੇਰੀ ਹੋ ਰਹੀ ਹੈ। ਪੰਜਾਬ ਦੀ 'ਆਪ' ਸਰਕਾਰ ਨੇ ਰੇਤਾ, ਬੱਜਰੀ ਸਸਤੀ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਦੁੱਗਣੀ ਕੀਮਤ 'ਤੇ ਵੀ ਰੇਤ-ਬੱਜਰੀ ਨਹੀਂ ਮਿਲ ਰਹੀ। ਪੀਏਪੀ 'ਚ ਕੰਮ ਤੇਜ਼ ਕਰਨ ਲਈ ਕਿਹਾ ਹੈ।