ਮਨੁਪਾਲ ਸ਼ਰਮਾ, ਜਲੰਧਰ : ਮਹਾਨਗਰ ਦੇ ਸਾਬਕਾ ਐੱਸਐੱਸਪੀ, ਪੁਲਿਸ ਕਮਿਸ਼ਨਰ ਤੇ ਆਈਜੀ ਜ਼ੋਨਲ ਰਹਿ ਚੁੱਕੇ ਆਈਪੀਐੱਸ ਅਧਿਕਾਰੀ ਅਰਪਿਤ ਸ਼ੁਕਲਾ ਦੀ ਡਾ. ਬੇਟੀ ਖ਼ਿਆਤੀ ਸ਼ੁਕਲਾ ਨੇ ਆਰਮੀ ’ਚ ਬਤੌਰ ਕੈਪਟਨ ਕਮਿਸ਼ਨ ਪ੍ਰਾਪਤ ਕੀਤਾ ਹੈ। ਆਈਪੀਐੱਸ ਅਰਪਿਤ ਸ਼ੁਕਲਾ ਮੌਜੂਦਾ ਸਮੇਂ ’ਚ ਪੰਜਾਬ ਪੁਲਿਸ ’ਚ ਅਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ (ਏਡੀਜੀਪੀ) ਦੇ ਅਹੁਦੇ ’ਤੇ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ’ਚ ਬਤੌਰ ਡਾਇਰੈਕਟਰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਸ਼ੁਕਲਾ ਪਰਿਵਾਰ ’ਚ ਖ਼ਿਆਤੀ ਚੌਥੀ ਪੀੜ੍ਹੀ ਹੈ, ਜੋ ਕਿਸੇ ਅਨੁਸ਼ਾਸਿਤ ਫੋਰਸ ’ਚ ਵਰਦੀ ਪਾ ਕੇ ਆਪਣੀਆਂ ਸੇਵਾਵਾਂ ਦੇਵੇਗੀ। ਖ਼ਿਆਤੀ ਸ਼ੁਕਲਾ ਦੇ ਦਾਦਾ ਵੀ ਆਈਪੀਐੱਸ ਅਧਿਕਾਰੀ ਸੀ। ਖ਼ਿਆਤੀ ਸ਼ੁਕਲਾ ਦੇ ਮੰਗੇਤਰ ਵੀ ਬਤੌਰ ਆਈਏਐੱਸ ਅਧਿਕਾਰੀ ਵਿਦੇਸ਼ ’ਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਡਾਕਟਰ ਖ਼ਿਆਤੀ ਸ਼ੁਕਲਾ ਦੀ ਮਾਤਾ ਡਾ. ਸ਼ਰੂਤੀ ਸ਼ੁਕਲਾ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ’ਚ ਸਟੇਟ ਕੋਆਰਡੀਨੇਟਰ ਦੇ ਅਹੁਦੇ ’ਤੇ ਆਪਣੀਆਂ ਸੇਵਾਵਾਂ ਦੇ ਰਹੀ ਹੈ।

ਡਾ. ਖ਼ਿਆਤੀ ਸ਼ੁਕਲਾ ਨੇ ਅੰਮਿ੍ਰਤਸਰ ਮੈਡੀਕਲ ਕਾਲਜ ਤੋਂ ਐੱਮਬੀਬੀਐੱਸ ਕੀਤੀ ਸੀ। ਉਹ ਆਰਮੀ ਮੈਡੀਕਲ ਕੋਰ ’ਚ ਬਤੌਰ ਡਾਕਟਰ ਹੀ ਆਪਣੀਆਂ ਸੇਵਾਵਾਂ ਦੇਵੇਗੀ। ਡਾ. ਖ਼ਿਆਤੀ ਸ਼ੁਕਲਾ ਨੇ ਆਪਣੀ ਇਸ ਉਪਲੱਬਧੀ ਦਾ ਕ੍ਰੇਡਿਟ ਪਿਤਾ ਅਰਪਿਤ ਸ਼ੁਕਲਾ, ਮਾਤਾ ਸ਼ਰੂਤੀ ਸ਼ੁਕਲਾ ਤੇ ਭਰਾ ਅਰਜਿਤ ਸ਼ੁਕਲਾ ਦੀ ਲਗਾਤਾਰ ਹੌਸਲਾ-ਅਫਜ਼ਾਈ, ਸ਼ੁਭਕਾਮਨਾਵਾਂ ਤੇ ਮਿਹਨਤ ਨੂੰ ਦਿੱਤਾ ਹੈ। ਅਰਪਿਤ ਸ਼ੁਕਲਾ ਤੇ ਸ਼ਰੂਤੀ ਸ਼ੁਕਲਾ ਨੇ ਕਿਹਾ ਕਿ ਸਮਾਜ ’ਚ ਬੇਟੀਆਂ ਦਾ ਅੱਗੇ ਵਧਣਾ ਹੀ ਸਮਾਜ ਨੂੰ ਅੱਗੇ ਲੈ ਕੇ ਜਾ ਸਕਦਾ ਹੈ। ਇਸੀ ਕਾਰਨ ਉਨ੍ਹਾਂ ਨੇ ਕਿਹਾ ਖ਼ਿਆਤੀ ਨੂੰ ਆਪਣੀ ਕਰੀਅਰ ਖ਼ੁਦ ਚੁਣਨ ਦੀ ਆਜ਼ਾਦੀ ਦਿੱਤੀ ਅਤੇ ਉਸਨੂੰ ਲਗਾਤਾਰ ਅੱਗੇ ਵਧਣ ਤੇ ਮਿਹਨਤ ਕਰਨ ਲਈ ਪ੍ਰੋਤਸਾਹਿਤ ਕਰਦੇ ਹਨ।

Posted By: Ramanjit Kaur