ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕਿਸਾਨਾਂ ਨੂੰ ਮਿਆਰੀ ਅਤੇ ਸਰਟੀਫਾਈਡ ਬੀਜਾਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਲਈ ਖੇਤੀਬਾੜੀ ਅਤੇ ਕਿਸਾਨਾਂ ਭਲਾਈ ਵਿਭਾਗ ਵਲੋਂ ਅੱਜ ਗੈਰ ਮਿਆਰੀ ਅਤੇ ਅਣਅਧਿਕਾਰਤ ਬੀਜ ਵੇਚਣ 'ਤੇ ਇਕ ਬੀਜ ਡੀਲਰ ਦਾ ਲਾਇਸੈਂਸ ਮੁਅੱਤਲ ਕੀਤਾ ਗਿਆ ਅਤੇ ਸ਼ਾਹਕੋਟ ਵਿਖੇ ਇਕ ਹੋਰ ਬੀਜ ਡੀਲਰ ਦਾ ਲਾਇਸੈਂਸ ਰੱਦ ਕੀਤਾ ਗਿਆ। ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਰਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਅੱਜ ਸ਼ਾਹਕੋਟ ਵਿਖੇ ਪੀ.ਆਰ.-128 ਅਤੇ ਪੀ.ਆਰ.129 ਝੋਨੇ ਦੇ ਬੀਜ ਦੀ ਵਿਕਰੀ ਸਬੰਧੀ ਰਿਪੋਰਟ ਮਿਲਣ 'ਤੇ ਛਾਪੇਮਾਰੀ ਕਰਕੇ ਹਿੰਦੋਸਤਾਨ ਸੀਡ ਸਟੋਰ ਦਾ ਲਾਇਸੈਂਸ ਮੁਅੱਤਲ ਕੀਤਾ ਗਿਆ ਅਤੇ ਮਥੁਰਾ ਦਾਸ ਦੀਨਾ ਨਾਥ ਫਰਮ ਦਾ ਲਾਇਸੈਂਸ ਰੱਦ ਕੀਤਾ ਗਿਆ। ਡਾ. ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਲਗਾਏ ਗਏ ਲਾਕਡਾਊਨ ਦੌਰਾਨ ਵਿਭਾਗ ਵੱਲੋਂ ਕਿਸਾਨਾਂ ਨੂੰ ਮਿਆਰੀ ਅਤੇ ਸਰਟੀਫਾਈਡ ਬੀਜ ਖਰੀਦਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜਾਂਚ ਕੀਤੀ ਗਈ ਸੀ ਪਰ ਉਸ ਦੌਰਾਨ ਇਕ ਵੀ ਕੇਸ ਗੈਰ ਮਿਆਰੀ ਅਤੇ ਅਣਅਧਿਕਾਰਤ ਬੀਜ ਦਾ ਨਹੀਂ ਪਾਇਆ ਗਿਆ। ਜਾਂਚ ਮੁਹਿੰਮ ਨੂੰ ਆਉਣ ਵਾਲੇ ਦਿਨਾਂ ਦੌਰਾਨ ਵੀ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਜਲੰਧਰ ਵਿਖੇ ਕੋਈ ਗੈਰ ਮਿਆਰੀ ਅਤੇ ਅਣਧਿਕਾਰਤ ਬੀਜ ਵੇਚਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਜਾਵੇ।