ਪੰਜਾਬੀ ਜਾਗਰਣ ਕੇਂਦਰ, ਜਲੰਧਰ: ਅੰਮ੍ਰਿਤਪਾਲ, ਜੋ ਇਸ ਵੇਲੇ ਰੂਪੋਸ਼ ਹੈ, ਦੇ ਮੁੱਦੇ ’ਤੇ ਅਮਰੀਕਾ, ਕੈਨੇਡਾ ਤੇ ਇੰਗਲੈਂਡ ਦੇ ਦੂਤਘਰਾਂ ਅਤੇ ਹਾਈ ਕਮਿਸ਼ਨਾਂ ਸਾਹਮਣੇ ਮੁੱਠੀ ਭਰ ਖ਼ਾਲਿਸਤਾਨ ਸਮੱਰਥਕਾਂ ਵੱਲੋਂ ਕੀਤੇ ਗਏ ਹਿੰਸਕ ਰੋਸ ਮੁਜ਼ਾਹਰਿਆਂ ਦਾ ਭਾਰਤ ਸਰਕਾਰ ਨੇ ਗੰਭੀਰ ਨੋਟਿਸ ਲਿਆ ਹੈ। ਸੂਤਰਾਂ ਅਨੁਸਾਰ ਹੁਣ ਅਜਿਹੇ ਸਾਰੇ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਮੌਜੂਦ ਵੀਡੀਓ ਕਲਿਪਿੰਗਜ਼ ਅਤੇ ਸੀਸੀਟੀਵੀ ਫੁਟੇਜ ਦੀ ਪੁਣ-ਛਾਣ ਕੀਤੀ ਜਾ ਰਹੀ ਹੈ ਅਤੇ ਰੋਸ ਪ੍ਰਦਰਸ਼ਨਾਂ ’ਚ ਉਨ੍ਹਾਂ ਦੀ ਸ਼ਮੂਲੀਅਤ ਦੇ ਪੁਖ਼ਤਾ ਸਬੂਤ ਮਿਲਣ ਤੋਂ ਬਾਅਦ ਇੱਕ ਨਵੀਂ ‘ਕਾਲ਼ੀ-ਸੂਚੀ’ (ਬਲੈਕ-ਲਿਸਟ) ਤਿਆਰ ਕੀਤੀ ਜਾਵੇਗੀ।

ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਇਹ ਸਾਰੇ ਘਟਨਾਕ੍ਰਮ ਬੇਹੱਦ ਮੰਦਭਾਗੇ ਕਹੇ ਜਾ ਸਕਦੇ ਹਨ। ਪਹਿਲੀ ਕਾਲ਼ੀ-ਸੂਚੀ ਖ਼ਤਮ ਕਰਵਾਉਣ ’ਚ ਚਾਰ ਦਹਾਕੇ ਲੱਗ ਗਏ ਸਨ ਕਿ ਹੁਣ ਇਕ ਹੋਰ ਅਜਿਹੀ ਸੂਚੀ ਤਿਆਰ ਹੋਣ ਲੱਗ ਪਈ ਹੈ ਤਾਂ ਸਮੂਹ ਪੰਜਾਬੀਆਂ ਦੇ ਮੱਥੇ ’ਤੇ ਤਿਉੜੀਆਂ ਦਾ ਉੱਭਰਨਾ ਕੁਦਰਤੀ ਹੈ। ਕੁਝ ਪ੍ਰਮੁੱਖ ਐੱਨਆਰਆਈਜ਼ ਤੇ ਦੇਸ਼-ਵਿਦੇਸ਼ ਦੇ ਹੋਰ ਰਹਿਨੁਮਾਵਾਂ ਦੀ ਸਲਾਹ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੇ ਪਿਛਲੀਆਂ ਸਰਕਾਰਾਂ ਵੱਲੋਂ ਤਿਆਰ ਕੀਤੀ ਕਾਲ਼ੀ-ਸੂਚੀ ਨੂੰ ਖ਼ਤਮ ਕਰਨ ਦੀ ਕਵਾਇਦ ਚਾਰ ਤੋਂ ਪੰਜ ਵਰ੍ਹੇ ਪਹਿਲਾਂ ਆਰੰਭੀ ਸੀ।

ਭਾਰਤ ਸਰਕਾਰ ਦਾ ਜ਼ਿਆਦਾਤਰ ਨਜ਼ਲਾ ਖ਼ਾਲਿਸਤਾਨੀ ਗੁੱਟਾਂ ’ਤੇ ਝੜੇਗਾ, ਜਿਨ੍ਹਾਂ ਦੇ ਆਗੂ ਪਿਛਲੇ ਕੁਝ ਸਮੇਂ ਦੌਰਾਨ ਭਾਰਤੀ ਦੂਤਘਰਾਂ ਅੱਗੇ ਰੋਸ ਮੁਜ਼ਾਹਰੇ ਕਰਦੇ ਦੇਖੇ ਗਏ ਸਨ। ਇਹ ਮੁਜ਼ਾਹਰੇ ਇੰਗਲੈਂਡ ਦੀ ਰਾਜਧਾਨੀ ਲੰਡਨ, ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਤੇ ਅਮਰੀਕੀ ਸ਼ਹਿਰ ਸਾਨ ਫ਼ਰਾਂਸਿਸਕੋ ’ਚ ਹੋਏ ਸਨ। ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਵੀ ਮੁਜ਼ਾਹਰਾਕਾਰੀਆਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇੱਧਰ ਦਿੱਲੀ ਪੁਲਿਸ ਵੀ ਆਪਣੇ ਪੱਧਰ ’ਤੇ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ’ਤੇ ਹੋਏ ਹਮਲਿਆਂ ਦੀ ਜਾਂਚ ਕਰ ਰਹੀ ਹੈ।

ਡੋਭਾਲ ਨੇ ਇੰਗਲੈਂਡ ਦੇ ਹਮਰੁਤਬਾ ਨਾਲ ਕੀਤੀ ਮੁਲਾਕਾਤ

ਇਸ ਦੌਰਾਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਇੰਗਲੈਂਡ ਦੇ ਹਮਰੁਤਬਾ ਨਾਲ ਮੁਲਾਕਾਤ ਕਰ ਲਈ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਰਿਸ਼ੀ ਸੁਨਕ ਸਰਕਾਰ ਦੇ ਸੰਪਰਕ ’ਚ ਵੀ ਹਨ। ਅਮਰੀਕਾ ਤੇ ਆਸਟ੍ਰੇਲੀਆ ਦੀਆਂ ਸਰਕਾਰਾਂ ਨੇ ਅੰਮ੍ਰਿਤਪਾਲ ਸਿੰਘ ਦੇ ਕੁਝ ਵੱਖਵਾਦੀ ਸਮਰਥਕਾਂ ਵਿਰੁੱਧ ਕਾਰਵਾਈ ਸ਼ੁਰੂ ਵੀ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਭਾਰਤ ਸਰਕਾਰ ਉਨ੍ਹਾਂ ਸਾਰੇ ਮੁਜ਼ਾਹਰਾਕਾਰੀਆਂ ਵਿਰੁੱਧ ਕਾਰਵਾਈ ਕਰਨ ਦੇ ਰੌਂਅ ’ਚ ਹੈ।

ਕੈਨੇਡੀਅਨ ਮੀਡੀਆ ਉਠਾਉਣ ਲੱਗਾ ਟਰੂਡੋ ’ਤੇ ਸਵਾਲ

ਕੈਨੇਡਾ ਤੇ ਅਮਰੀਕਾ ਸਮੇਤ ਬਹੁਤ ਸਾਰੇ ਦੇਸ਼ਾਂ ’ਚ ਹੁਣ ਪੰਜਾਬੀਆਂ ਦੀਆਂ ਅਜਿਹੀਆਂ ਰਿਪੋਰਟਾਂ ਦਾ ਹੜ੍ਹ ਜਿਹਾ ਆ ਗਿਆ ਹੈ। ਕੈਨੇਡੀਅਨ ਮੀਡੀਆ ਦਾ ਇੱਕ ਵਰਗ ਹੁਣ ਇਹ ਸਵਾਲ ਵੀ ਉਠਾ ਰਿਹਾ ਹੈ ਕਿ ਕੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਖ਼ਾਲਿਸਤਾਨ ਦੇ ਹਮਾਇਤੀਆਂ ਵਿਰੁੱਧ ਕੋਈ ਕਾਰਵਾਈ ਕਰੇਗੀ। ਉਹ ਵਰਗ ਕੁਝ ਇਸ ਤਰ੍ਹਾਂ ਪੇਸ਼ਕਾਰੀ ਦੇ ਰਿਹਾ ਹੈ ਕਿ ਟਰੂਡੋ ਸਰਕਾਰ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਕਰੇਗੀ। ਕਦੋਂ, ਕਿੱਥੇ, ਕੀ ਵਾਪਰਨਾ ਹੈ, ਇਹ ਤਾਂ ਹਾਲੇ ਭਵਿੱਖ ਦੇ ਗਰਭ ’ਚ ਹੈ ਪਰ ਫ਼ਿਲਹਾਲ ਅਫ਼ਵਾਹਾਂ ਤੇ ਕਿਆਸਅਰਾਈਆਂ ਦਾ ਬਾਜ਼ਾਰ ਗਰਮ ਹੈ।

Posted By: Tejinder Thind