ਜੇਐੱਨਐੱਨ, ਜਲੰਧਰ : ਸਿਵਲ ਹਸਪਤਾਲ 'ਚ ਸਾਫ਼-ਸਫ਼ਾਈ ਤੇ ਕਾਰਜ ਪ੍ਰਣਾਲੀ ਦੀ ਜਾਂਚ ਲਈ ਸੂਬਾ ਪੱਧਰੀ ਚੱਲ ਰਹੇ ਕਾਇਆ ਕਲਪ ਪ੍ਰਰਾਜੈਕਟ ਤਹਿਤ ਵੀਰਵਾਰ ਨੂੰ ਜਾਂਚ ਹੋਵੇਗੀ। ਜਾਂਚ ਕਰਵਾਉਣ ਲਈ ਦੋ ਦਿਨ ਪਹਿਲਾਂ ਸ਼ੁਰੂ ਹੋਈਆਂ ਤਿਆਰੀਆਂ ਅਧੂਰੀਆਂ ਹੋਣ ਕਾਰਨ ਹਸਪਤਾਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਮੈਡੀਕਲ ਕਾਲਜ ਦੇ ਬਰਾਬਰ ਸਮਰੱਥਾ ਰੱਖਣ ਵਾਲੇ ਸਿਵਲ ਹਸਪਤਾਲ ਦੇ ਮਾਪਦੰਡ ਆਮ ਹਸਪਤਾਲਾਂ ਦੇ ਮੁਕਾਬਲੇ ਖਰੇ ਨਹੀਂ ਉਤਰ ਰਹੇ। ਹਸਪਤਾਲ 'ਚ 40 ਸਟਾਫ ਨਰਸਾਂ ਤੇ 60 ਦਰਜਾ ਚਾਰ ਮੁਲਾਜ਼ਮ ਘੱਟ ਹੋਣ ਤੇ ਫੰਡ ਦੀ ਘਾਟ ਕਾਰਨ ਕਾਇਆ ਕਲਪ 'ਚ ਅੱਵਲ ਆਉਣ ਦਾ ਸੁਪਨਾ ਧੁੰਦਲਾ ਪੈਂਦਾ ਜਾ ਰਿਹਾ ਹੈ। ਬੁੱਧਵਾਰ ਨੂੰ ਹਸਪਤਾਲ ਦਾ ਸਟਾਫ ਕਾਇਆ ਕਲਪ ਦੀ ਦੌੜ 'ਚ ਸ਼ਾਮਲ ਹੋਣ ਲਈ ਹੱਥ ਪੈਰ ਮਾਰਦਾ ਰਿਹਾ। ਵਾਰਡਾਂ 'ਚ ਸਫਾਈ ਦਾ ਸਿਲਸਿਲਾ ਚੱਲਦਾ ਰਿਹਾ ਪਰ ਪਖਾਨਿਆਂ ਦੀ ਹਾਲਤ ਨਹੀਂ ਸੁਧਰੀ। ਪਾਰਕਿੰਗ ਵਾਲੀ ਥਾਂ ਤੇ ਜੱਚਾ-ਬੱਚਾ ਵਾਰਡ ਦੇ ਆਲੇ-ਦੁਆਲੇ ਗੰਦਗੀ ਢੇਰ ਚੁਕਾਉਣ ਦੀ ਹਿੰਮਤ ਨਹੀਂ ਦਿਖਾਈ। ਉਥੇ ਜੱਚਾ-ਬੱਚਾ ਵਾਰਡ ਦੇ ਨੇੜੇ ਪੁਰਾਣੀ ਇਮਾਰਤ ਦੇ ਨਾਲ ਲੱਗਦੇ ਇਲਾਕੇ 'ਚ ਬੰਦ ਸੀਵਰੇਜ ਦੀ ਸਮੱਸਿਆ ਵੀ ਕਾਇਆ ਕਲਪ ਨੂੰ ਗ੍ਹਿਣ ਲਾ ਸਕਦੀ ਹੈ। ਇਸ ਪ੍ਰਰਾਜੈਕਟ ਲਈ ਹਸਪਤਾਲ ਦੇ ਕੁਝ ਅਧਿਕਾਰੀ ਵੀ ਦਿਲਚਸਪੀ ਨਹੀਂ ਦਿਖਾ ਰਹੇ ਹਨ। ਸਿਵਲ ਹਸਪਤਾਲ ਦੀ ਐੱਮਐੱਸ ਡਾ. ਮਨਦੀਪ ਕੌਰ ਨੇ ਦੱਸਿਆ ਕਿ ਹਸਪਤਾਲ ਦਾ ਸਟਾਫ ਸਾਫ਼-ਸਫ਼ਾਈ ਤੇ ਰਿਕਾਰਡ ਤਿਆਰ ਕਰਨ 'ਚ ਰੁੱਝਾ ਹੋਇਆ ਹੈ। ਵੀਰਵਾਰ ਨੂੰ ਜਾਂਚ ਤੋਂ ਬਾਅਦ ਰਿਪੋਰਟ ਦੇ ਨਤੀਜੇ ਸਾਹਮਣੇ ਆ ਜਾਣਗੇ।