ਜੇਐੱਨਐੱਨ, ਗੁਰਾਇਆ : ਮੰਗਲਵਾਰ ਰਾਤ ਪੁਲਿਸ ਨਾਕੇਬੰਦੀ ਦੌਰਾਨ ਕਾਰ ਸਵਾਰ ਤਿੰਨ ਨੌਜਵਾਨਾਂ ਤੋਂ 1 ਕਰੋੜ 98 ਹਜ਼ਾਰ ਰੁਪਏ ਬਰਾਮਦ ਕਰਨ ਤੋਂ ਬਾਅਦ ਹੁਣ ਇਸ ਮਾਮਲੇ ਦੀ ਜਾਂਚ ਇਨਕਮ ਟੈਕਸ ਵਿਭਾਗ ਨੂੰ ਸੌਂਪ ਦਿੱਤੀ ਗਈ ਹੈ। ਮਾਮਲੇ ਦੀ ਜਾਣਕਾਰੀ ਹੋਣ ਤੋਂ ਬਾਅਦ ਬੁੱਧਵਾਰ ਦੁਪਹਿਰ ਗੁਰਾਇਆ ਪਹੁੰਚੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਵੀਰਵਾਰ ਨੂੰ ਤਿੰਨੋਂ ਹੀ ਮੁਲਜ਼ਮਾਂ ਤੋਂ ਪੁੱਛਗਿੱਛ ਕਰਨਗੇ। ਮੰਗਲਵਾਰ ਰਾਤ ਨੂੰ ਪੁਲਿਸ ਨੇ ਕਾਰ ਸਵਾਰ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਸੀ ਜਿਨ੍ਹਾਂ ਦੀ ਪਛਾਣ ਅਲੌਕਿਕ ਵਾਸੀ ਸਰਹਿੰਦ, ਵਿਜੇ ਸ਼ਰਮਾ ਵਾਸੀ ਖੰਨਾ, ਮਸਤਾਨਾ ਸ਼ਾਹ ਵਾਸੀ ਯਮੁਨਾਨਗਿਰ ਹਰਿਆਣਾ ਦੇ ਰੂਪ ਵਿਚ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਤਿੰਨਾਂ ਨੌਜਵਾਨਾਂ ਨੂੰ ਥਾਣੇ ਲੈ ਕੇ ਆਈ ਸੀ। ਤਿੰਨੋਂ ਨੌਜਵਾਨ ਫੜੀ ਗਈ ਨਗਦੀ ਬਾਰੇ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੇ ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਇਨਕਮ ਟੈਕਸ ਵਿਭਾਗ ਨੂੰ ਸੌਂਪ ਦਿੱਤੀ ਗਈ ਹੈ।