ਰਾਕੇਸ਼ ਗਾਂਧੀ, ਜਲੰਧਰ : ਥਾਣਾ ਬਸਤੀ ਬਾਵਾ ਖੇਲ ਦੀ ਹੱਦ ਵਿਚ ਪੈਂਦੇ ਰਾਜਾ ਗਾਰਡਨ ਐਕਸਟੈਂਸ਼ਨ ਵਾਸੀ ਵਿਅਕਤੀ ਨੂੰ ਦੁਸਹਿਰਾ ਮਨਾਉਣ ਲਈ ਆਪਣੇ ਮਾਤਾ-ਪਿਤਾ ਦੇ ਘਰ ਜਾਣਾ ਉਸ ਵੇਲੇ ਮਹਿੰਗਾ ਪਿਆ ਜਦ ਉਨ੍ਹਾਂ ਦੀ ਗੈਰ-ਮੌਜੂਦਗੀ ਵਿਚ ਚੋਰਾਂ ਨੇ ਉਸ ਦੇ ਘਰ ਅੰਦਰ ਵੜ ਕੇ ਅਲਮਾਰੀਆਂ ਦੇ ਲਾਕਰ ਭੰਨ ਕੇ ਅੰਦਰੋਂ ਲੱਖਾਂ ਰੁਪਏ ਦੇ ਗਹਿਣੇ ਤੇ ਹਜ਼ਾਰਾਂ ਰੁਪਏ ਦੀ ਨਕਦੀ ਤੋਂ ਇਲਾਵਾ ਬਹੁਤ ਸਾਰਾ ਕੀਮਤੀ ਸਾਮਾਨ ਚੋਰੀ ਕਰ ਲਿਆ। ਉਕਤ ਘਟਨਾ ਕਾਲੋਨੀ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।

ਜਾਣਕਾਰੀ ਦਿੰਦੇ ਹੋਏ ਰਾਜੇਸ਼ ਗੋਇਲ ਵਾਸੀ ਰਾਜਾ ਗਾਰਡਨ ਐਕਸਟੈਂਸਨ ਨੇ ਦੱਸਿਆ ਕਿ ਉਨ੍ਹਾਂ ਦੀ ਪੀਰ ਬੋਦਲਾ ਬਾਜ਼ਾਰ ਵਿਚ ਪ੍ਰਰੀਤੀ ਟੈਕਸਟਾਈਲ ਨਾਂ ਦੀ ਦੁਕਾਨ ਹੈ। ਸੋਮਵਾਰ ਛੁੱਟੀ ਹੋਣ ਕਾਰਨ ਜਦ ਸਕੂਲੋਂ ਬੱਚੇ ਆਏ ਤਾਂ ਉਹ ਦੁਸਹਿਰਾ ਮਨਾਉਣ ਲਈ ਫਿਲੌਰ ਰਹਿੰਦੇ ਆਪਣੇ ਮਾਤਾ-ਪਿਤਾ ਦੇ ਘਰ ਚਲੇ ਗਏ। ਜਦ ਫਿਲੌਰ ਤੋਂ ਵਾਪਸ ਆਏ ਤੇ ਘਰ ਦਾ ਮੁੱਖ ਗੇਟ ਖੋਲ੍ਹ ਕੇ ਅੰਦਰ ਵੜੇ ਤਾਂ ਰਸੋਈ ਦੀ ਖਿੜਕੀ ਦੀ ਗਰਿੱਲ ਆਪਣੀ ਥਾਂ ਤੋਂ ਉੱਖੜੀ ਹੋਈ ਸੀ। ਜਦ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਸਾਰੇ ਕਮਰਿਆਂ ਵਿਚ ਸਾਮਾਨ ਖਿੱਲਰਿਆ ਪਿਆ ਸੀ। ਅਲਮਾਰੀਆਂ ਦੇ ਲਾਕਰ ਟੁੱਟੇ ਪਏ ਸਨ ਤੇ ਸਾਰਾ ਸਾਮਾਨ ਕੱਢ ਕੇ ਬਾਹਰ ਸੁੱਟਿਆ ਹੋਇਆ ਸੀ। ਜਦ ਉਨ੍ਹਾਂ ਨੇ ਲਾਕਰ ਚੈੱਕ ਕੀਤੇ ਤਾਂ ਉਨ੍ਹਾਂ ਵਿਚੋਂ 30 ਤੋਲੇ ਸੋਨੇ ਦੇ ਗਹਿਣੇ, ਅੱਧਾ ਕਿਲੋ ਚਾਂਦੀ, 90 ਹਜ਼ਾਰ ਰੁਪਏ ਦੀ ਨਕਦੀ, ਕੈਮਰਾ ਤੇ ਬੱਚਿਆਂ ਦੀ ਗੋਲਕ ਵੀ ਗਾਇਬ ਸੀ। ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਨੇ ਗਲੀ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਉਸ ਵਿਚ ਐਕਟਿਵਾ ਉਪਰ ਦੋ ਨੌਜਵਾਨ ਤੜਕੇ ਤਿੰਨ ਵਜੇ ਆਉਂਦੇ ਹੋਏ ਦਿਖਾਈ ਦਿੱਤੇ ਤੇ ਸਾਢੇ ਤਿੰਨ ਵਜੇ ਉਹੀ ਐਕਟਵਾ ਵਾਪਸ ਜਾਂਦੀ ਹੋਈ ਦਿਖਾਈ ਦਿੱਤੀ ਜਿਸ ਤੋਂ ਲੱਗਦਾ ਹੈ ਕਿ ਉਕਤ ਚੋਰੀ ਦੀ ਵਾਰਦਾਤ ਨੂੰ ਉਨ੍ਹਾਂ ਐਕਟਿਵਾ ਸਵਾਰ ਨੌਜਵਾਨਾਂ ਨੇ ਹੀ ਅੰਜਾਮ ਦਿੱਤਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਸਤੀ ਬਾਵਾ ਖੇਲ ਦੇ ਏਐੱਸਆਈ ਰੇਸ਼ਮ ਸਿੰਘ ਪੁਲਸ ਮੁਲਾਜ਼ਮਾਂ ਤੇ ਫਿੰਗਰ ਪਿ੍ਰੰਟ ਮਾਹਰਾਂ ਨਾਲ ਮੌਕੇ 'ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ।