ਜੇਐੱਨਐੱਨ, ਜਲੰਧਰ : ਪੰਜਾਬ 'ਚ ਕਿ ਵਾਰ ਮੁੜ ਇਕ ਹੀ ਦਿਨ 'ਚ ਕੋਰੋਨਾ ਦੇ ਇਨਫੈਕਟਿਡਾਂ ਦਾ ਅੰਕੜਾ ਇਕ ਹਜ਼ਾਰ ਨੂੰ ਪਾਰ ਕਰ ਗਿਆ ਹੈ। ਸ਼ਨਿਚਰਵਾਰ ਨੂੰ 1004 ਲੋਕ ਪਾਜ਼ੇਟਿਵ ਪਾਏ ਗਏ ਤੇ ਕੋਰੋਨਾ ਕਾਰਨ 21 ਲੋਕਾਂ ਦੀ ਮੌਤ ਹੋਈ । ਸੂਬੇ 'ਚ ਇਕ ਦਿਨ ਪਹਿਲਾਂ ਵੀ 1024 ਤੇ ਬੁੱਧਵਾਰ ਨੂੰ 1015 ਲੋਕ ਇਨਫੈਕਟਿਡ ਪਾਏ ਗਏ ਸਨ।

ਇਕ ਦਿਨ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਲਾਈਵ ਪ੍ਰਰੋਗਰਾਮ 'ਚ ਕਿਹਾ ਸੀ ਕਿ ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਇਸ ਮਹੀਨੇ ਦੇ ਅੰਤ 'ਚ ਜਾਂ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ 'ਚ ਸਿਖਰ 'ਤੇ ਪੁੱਜ ਸਕਦੀ ਹੈ। ਸ਼ਨਿਚਰਵਾਰ ਨੂੰ ਇਨਫੈਕਟਿਡ ਮਿਲੇ ਮਰੀਜ਼ਾਂ 'ਚ ਪਠਾਨਕੋਟ ਦੇ ਵਿਧਾਇਕ ਅਮਿਤ ਵਿਜ ਵੀ ਸ਼ਾਮਲ ਹਨ। ਉਨ੍ਹਾਂ ਖ਼ੁਦ ਨੂੰ ਘਰ 'ਚ ਹੀ ਆਈਸੋਲੇਟ ਕਰ ਲਿਆ ਹੈ। ਇਸ ਦੇ ਨਾਲ ਹੀ ਕੋਰੋਨਾ ਜੇਲ੍ਹਾਂ 'ਚ ਵੀ ਦਾਖ਼ਲ ਹੋ ਗਿਆ ਹੈ। ਅੰਮਿ੍ਤਸਰ ਦੀ ਕੇਂਦਰੀ ਜੇਲ੍ਹ ਤੇ ਤਰਨਤਾਰਨ ਦੀ ਜੇਲ੍ਹ 'ਚ 42 ਕੈਦੀ ਤੇ ਹਵਾਲਾਤੀ ਇਨਫੈਕਟਿਡ ਪਾਏ ਗਏ ਹਨ।

ਸੂਬੇ 'ਚ ਸਭ ਤੋਂ ਜ਼ਿਆਦਾ 168 ਮਰੀਜ਼ ਲੁਧਿਆਣੇ ਤੋਂ ਮਿਲੇ ਹਨ। ਇੱਥੇ ਹੀ ਸਭ ਤੋਂ ਜ਼ਿਆਦਾ 12 ਲੋਕਾਂ ਦੀ ਮੌਤ ਹੋਈ ਹੈ। ਪਟਿਆਲੇ 'ਚ 142 ਤੇ ਅੰਮਿ੍ਤਸਰ ਚ 111 ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਮੋਹਾਲੀ 'ਚ 95, ਬਠਿੰਡੇ 'ਚ 94 ਤੇ ਜਲੰਧਰ 'ਚ 66 ਲੋਕ ਇਨਫੈਕਟਿਡ ਪਾਏ ਗਏ ਹਨ।