ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਦੇ ਗਵਰਨਿੰਗ ਕੌਂਸਲ ਦੇ ਸਾਬਕਾ ਪ੍ਰਧਾਨ ਸਾਬਕਾ ਮੈਂਬਰ ਪਾਰਲੀਮੈਂਟ, ਸਾਬਕਾ ਮੰਤਰੀ ਪੰਜਾਬ ਸਵ. ਬਲਬੀਰ ਸਿੰਘ ਦੇ 83ਵੇਂ ਜਨਮ ਦਿਵਸ ਨੂੰ ਸਮਰਪਿਤ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਇਕ ਵਿਸ਼ੇਸ਼ ਮਿਲਣੀ ਕਰਵਾਈ ਗਈ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਨਾਮਵਰ ਸ਼ਖ਼ਸੀਅਤ ਡਾ. ਐੱਸਪੀਐੱਸ ਵਿਰਕ, ਫਾਊਂਡਰ, ਵਿਰਕ ਹਸਪਤਾਲ ਜਲੰਧਰ ਸ਼ਾਮਲ ਹੋਏ। ਉਨ੍ਹਾਂ ਦਾ ਸਵਾਗਤ ਕਰਦਿਆਂ ਗਵਰਨਿੰਗ ਕੌਂਸਲ ਦੇ ਪ੍ਰਧਾਨ ਬਲਬੀਰ ਕੌਰ, ਸੰਯੁਕਤ ਸਕੱਤਰ ਜਸਪਾਲ ਸਿੰਘ ਵੜੈਚ ਅਤੇ ਪਿੰ੍ਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਗੁਲਦਸਤਾ ਤੇ ਯਾਦਗਾਰੀ ਚਿੰਨ੍ਹ ਭੇਟ ਕਰਦੇ ਹੋਏ ਨਿੱਘੇ ਸ਼ਬਦਾਂ ਨਾਲ 'ਜੀ ਆਇਆਂ' ਆਖਿਆ। ਡਾਕਟਰ ਵਿਰਕ ਨੇ ਕਾਲਜ ਪ੍ਰਤੀ ਆਪਣਾ ਮੋਹ ਪ੍ਰਗਟ ਕਰਦਿਆਂ ਧੰਨਵਾਦੀ ਸ਼ਬਦਾਂ ਵਿਚ ਕਾਲਜ ਵੱਲੋਂ ਕਰਵਾਏ ਜਾਂਦੇ ਇਸ ਵਿਸ਼ੇਸ਼ ਮਿਲਣੀ ਸਮਾਗਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਆਪਣੀਆਂ ਪ੍ਰਰਾਪਤੀਆਂ ਦਾ ਸਿਹਰਾ ਕਾਲਜ ਸਿਰ ਬੰਨ੍ਹਦੇ ਹੋਏ ਆਪਣੇ-ਆਪ ਨੂੰ ਖੁਸ਼-ਕਿਸਮਤ ਦੱਸਿਆ। ਪਿੰ੍. ਡਾ. ਗੁਰਪਿੰਦਰ ਸਿੰਘ ਸਮਰਾ ਨੇ ਕਿਹਾ ਕਿ ਕਾਲਜ ਦੇ ਮਾਣ-ਮੱਤੇ ਇਤਿਹਾਸ ਨੂੰ ਸਿਰਜਣ ਵਿਚ ਇਸ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦਾ ਅਹਿਮ ਯੋਗਦਾਨ ਹੈ।

ਸਮਾਗਮ ਦੌਰਾਨ ਪੋ੍. ਸੁਖਦੇਵ ਸਿੰਘ ਮੁਖੀ ਸੰਗੀਤ ਵਿਭਾਗ ਤੇ ਵਿਦਿਆਰਥੀਆਂ ਵੱਲੋਂ ਗੀਤ, ਗਜ਼ਲ ਅਤੇ ਲੋਕ ਗੀਤ ਗਾ ਕੇ ਵਾਤਾਵਰਨ ਨੂੰ ਸੁਹਾਵਣਾ ਤੇ ਖੁਸ਼ਗਵਾਰ ਬਣਾਇਆ ਗਿਆ। ਡਾ. ਸੁਰਿੰਦਰ ਪਾਲ ਮੰਡ ਨੇ ਖੂਬਸੂਰਤ ਸ਼ਾਇਰਾਨਾ ਅੰਦਾਜ਼ ਵਿਚ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ਪੋ੍. ਸੰਜੀਵ ਆਨੰਦ ਡਾਇਰੈਕਟਰ ਅਲੂਮਨੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।