ਪਿ੍ਤਪਾਲ ਸਿੰਘ, ਸ਼ਾਹਕੋਟ- ਤਹਿਸੀਲ ਸ਼ਾਹਕੋਟ ਤੋਂ ਬੱਸਾਂ ਰਾਹੀਂ ਜਲੰਧਰ ਰੇਲਵੇ ਸਟੇਸ਼ਨ ਲਈ ਤੇ ਉੱਥੋਂ ਸ਼੍ਰਮਿਕ ਐਕਸਪ੍ਰੈਸ (ਸਪੈਸ਼ਲ) ਰੇਲ ਗੱਡੀ ਰਾਹੀਂ ਬਿਹਾਰ ਰਵਾਨਾ ਹੋਏ ਪ੍ਰਵਾਸੀਆਂ ਨਾਲ ‘ਪੰਜਾਬੀ ਜਾਗਰਣ’ ਵਲੋਂ ਕੀਤੀ ਗਈ ਗੱਲਬਾਤ ਕੀਤੀ ਗਈ। ਇਸ ਦੌਰਾਨ ਉਕਤ ਪ੍ਰਵਾਸੀਆਂ ਨੇ ਜੋ ਬਿਆਨ ਕੀਤਾ ਉਹ ਸੱਚਮੁੱਚ ਹੀ ਸਾਧਾਰਨ ਬੰਦੇ ਲਈ ਲੂੰ-ਕੰਢੇ ਖੜੇ ਕਰ ਦੇਣ ਵਾਲਾ ਹੈ। ਪੇਸ਼ ਹਨ ਅਜਿਹੇ ਹੀ ਮਜ਼ਦੂਰਾਂ ਨਾਲ ਹੋਈ ਗੱਲ਼ਬਾਤ ਦੇ ਕੁਝ ਵਿਸ਼ੇਸ਼ ਅੰਸ਼-

40 ਵਰ੍ਹੇ ਪਹਿਲਾਂ ਭਰ ਜਵਾਨੀ ’ਚ ਬਿਹਾਰ ਤੋਂ ਮਜਦੂਰੀ ਲਈ ਆਉਣ ਵਾਲੇ ਸ਼ਿਵਾਨ ਯਾਦਵ ਦੀ ਇੱਛਾ ਸੀ ਕਿ ਉਸ ਦਾ ਆਖਰੀ ਸਾਹ ਪੰਜਾਬ ਦੀ ਧਰਤੀ ਤੇ ਨਿਕਲੇ। ਹੋਰਨਾਂ ਪਰਵਾਸੀ ਮਜਦੂਰਾਂ ਦੀ ਤਰ੍ਹਾਂ ਸ਼ਿਵਾਨ ਨੇ ਵੀ 15 ਸਾਲ ਦੀ ਉਮਰ ‘ਚ ਮਜ਼ਦੂਰੀ ਸ਼ੁਰੂ ਕੀਤੀ। ਇਸ ਵਾਰ ਵੀ ਉਹ ਘਰ ਤੋਂ ਇਸ ਆਸ ਨਾਲ ਆਇਆ ਸੀ ਕਿ ਕਮਾਈ ਕਰਨ ਉਪਰੰਤ ਬਜ਼ੁਰਗ ਪਿਤਾ ਦਾ ਹਰਨੀਆਂ ਦਾ ਅਪਰੇਸ਼ਨ ਕਰਵਾਏਗਾ ਪਰ ਕੋਰੋਨਾ ਵਾਇਰਸ ਨੇ ਉਸ ਦੀ ਜੇਬ ਤਾਂ ਖਾਲੀ ਕਰ ਦਿੱਤੀ ਤੇ ਪਿਤਾ ਦਾ ਇਲਾਜ ਕਰਵਾਉਣ ਦਾ ਸੁਪਨਾ ਵੀ ਚਕਨਾਚੂਰ ਕਰ ਦਿੱਤਾ। ਉਸ ਨੂੰ ਘਰ ਮੁੜਨ ਦੀ ਖੁਸ਼ੀ ਵੀ ਹੈ ਤੇ ਪਰਿਵਾਰ ਪਾਲਣ ਦਾ ਝੋਰਾ ਵੀ ਵੱਢ-ਵੱਢ ਖਾ ਰਿਹਾ ਹੈ। ਸ਼ਿਵਾਨ ਯਾਦਵ ਵਰਗੇ ਹਜ਼ਾਰਾਂ ਮਜ਼ਦੂਰ ਘਰਾਂ ਨੂੰ ਪਰਤੇ ਰਹੇ ਹਨ ਜਿੰਨਾਂ ਦੀਆਂ ਜੇਬਾਂ ਖਾਲੀ ਅਤੇ ਸਿਰ 'ਤੇ ਫਿਕਰਾਂ ਦੀ ਪੰਡ ਟਿਕੀ ਹੋਈ ਹੈ। ਇਹ ਮਜ਼ਦੂਰ ਹਰ ਸਾਲ ਸੀਜ਼ਨ ਲਾਉਣ ਅਤੇ ਮਜ਼ਦੂਰੀ ਦੇ ਹੋਰ ਕੰਮ ਕਰਨ ਲਈ ਪੰਜਾਬ ਆਉਂਦੇ ਹਨ। ਇਸ ਕਮਾਈ ਦੇ ਸਿਰ ਤੋਂ ਉਨਾਂ ਦਾ ਘਰ ਚੱਲਦਾ ਸੀ ਜੋ ਹੁਣ ਸੰਕਟ ’ਚ ਹੈ।

ਸ਼ਿਵਾਨ ਯਾਦਵ ਆਖਦਾ ਹੈ ਕਿ ਪੰਜਾਬ ਨੇ ਉਸ ਨੂੰ ਪੱਕਾ ਘਰ ਦਿੱਤਾ, ਬੱਚੇ ਵਿਆਹੇ ,ਪਰ ਅੱਜ ਉਸ ਦਾ ਮਨ ਡਾਢਾ ਉਦਾਸ ਹੈ। ਉਸ ਨੇ ਆਖਿਆ ਕਿ ਜਿਨਾਂ ਪਿੰਡਾਂ ’ਚ ਉਹ ਕੰਮ ਕਰਦਾ ਰਿਹਾ ਹੈ ਉਹ ਉਸ ਨੂੰ ਹੁਣ ਆਪਣੇ ਜਾਪਣ ਲੱਗੇ ਸਨ ਤੇ ਬਿਹਾਰ ਸਿਰਫ ਰੈਣ ਬਸੇਰਾ। ਭਰੇ ਮਨ ਨਾਲ ਉਸ ਨੇ ਕਿਹਾ ਕਿ ਜਿੱਧਰ ਕਿਸਮਤ ਲੈ ਚੱਲੀ ਹੈ, ਜਾ ਰਿਹਾ ਹਾਂ। ਉਸ ਨੇ ਕਿਹਾ ਕਿ ਪਤਾ ਨਹੀਂ ਹੁਣ ਜਿਉਂਦੇ ਜੀਅ ਪੰਜਾਬ ’ਚ ਪੈਰ ਪਾਉਣ ਦਾ ਮੌਕਾ ਮਿਲੇਗਾ ਜਾਂ ਨਹੀਂ।

ਬਿਹਾਰ ਦੇ ਛੱਪਰਾ ਜ਼ਿਲੇ ਤੋਂ ਪੰਜਾਬ ’ਚ ਮਜ਼ਦੂਰੀ ਲਈ ਆਇਆ ਲਖਨ ਯਾਦਵ ਸ਼ਾਹਕੋਟ ਵਿਖੇ ਸਬਜ਼ੀ ਵੇਚਦਾ ਸੀ ਅਤੇ ਰਾਤ ਨੂੰ ਚੌਕੀਂਦਾਰ ਵਜੋਂ ਡਿਊਟੀ ਕਰਦਾ ਹੈ।ਉਸ ਲਈ ਕਣਕ-ਝੋਨੇ ਦੇ ਸੀਜ਼ਨ ਮਗਰੋਂ ਪਿੰਡ ਗੇੜਾ ਮਾਰਨਾ ਸਿਰਫ ਰਸਮ ਜਿਹੀ ਬਣ ਗਈ ਸੀ ਪਰ ਉਸ ਦਾ ਘਰ ਦਿਲ ਨਹੀਂ ਲੱਗਦਾ ਸੀ। ਲਖਨ ਯਾਦਵ ਨੇ ਦੱਸਿਆ ਕਿ ਉਸ ਦਾ ਪਿਤਾ 1988 ’ਚ ਪਹਿਲੀ ਵਾਰ ਝੋਨਾ ਲਾਉਣ ਲਈਂ ਪੰਜਾਬ ਆਇਆ ਸੀ ਜਦੋਂ ਪੰਜਾਬ ਵਿਚ ਹਲਾਤ ਖਰਾਬ ਸਨ। ਉਸ ਦੇ ਸਾਥੀ ਮਜਦੂਰਾਂ ਨੇ ਜਦੋਂ ਪੰਜਾਬ ਛੱਡਣ ਦਾ ਫੈਸਲਾ ਕਰ ਲਿਆ ਤਾਂ ਉਸ ਦੇ ਪਿਤਾ ਨੂੰ ਪੰਜਾਬੀਆਂ ਦੇ ਮੋਹ ਨੇ ਪੈਰ ਨਾ ਪੱਟਣ ਦਿੱਤੇ। ਉਸ ਨੇ ਦੱਸਿਆ ਕਿ ਪਿਤਾ ਵੱਲੋਂ ਕੀਤੀ ਸਖਤ ਮਿਹਨਤ ਕਾਰਨ ਦਿਨ ਬਦਲੇ ਗਏ ਅਤੇ ਅੱਜ ਉਨ੍ਹਾਂ ਦਾ ਪਿੰਡ ਵਿਚ ਆਪਣਾ ਪੱਕਾ ਮਕਾਨ ਹੈ। ਲੱਖਣ ਯਾਦਵ ਆਖਦਾ ਹੈ ਕਿ ਉਸ ਨੇ ਵੀ ਪੰਜਾਬ ਨੂੰ ਕਰਮ ਭੂਮੀ ਬਣਾਇਆ, ਜਿਸ ਦੀ ਮਿੱਟੀ 'ਚੋਂ ਤਕਦੀਰ ਤਲਾਸ਼ਣ ਆਏ ਬਿਹਾਰੀ ਦੇ ਘਰ ਰੰਗ ਭਾਗ ਲੱਗਿਆ। ਜਿਸ ਨਾਲ ਉਸਨੇ ਪਰਿਵਾਰ ਨੂੰ ਚੰਗੀ ਜਿੰਦਗੀ ਦਿੱਤੀ। ਪੰਜਾਬ 'ਚੋਂ ਏਦਾਂ ਜਾਣਾ ਪਵੇਗਾ ਕਦੇ ਸੋਚਿਆ ਵੀ ਨਹੀਂ ਸੀ।

ਇਹ ਸਿਰਫ ਦੋ ਮਿਸਾਲਾਂ ਹਨ ਉਨ੍ਹਾਂ 117 ਪ੍ਰਵਾਸੀਆਂ 'ਚੋਂ ਜੋ ਸ਼ਾਹਕੋਟ ਤਹਿਸੀਲ ਦੇ ਪਿੰਡਾਂ ਵਿਚੋਂ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਲਈ ਰਵਾਨਾ ਹੋਏ। ਜਿਥੋਂ ਉਹ ਸ਼੍ਰਮਿਕ ਸਪੈਸ਼ਲ ਐਕਸਪ੍ਰੈਸ ਰੇਲ ਗੱਡੀ ਰਾਹੀ ਬਿਹਾਰ ਲਈ ਰਵਾਨਾ ਹੋ ਗਏ। ਇਨ੍ਹਾਂ ਪ੍ਰਵਾਸੀਆਂ ਦੇ ਚਿਹਰਿਆਂ ਤੇ ਘਰ ਪਰਤਣ ਦੀ ਖੁਸ਼ੀ ਅਤੇ ਪੰਜਾਬ ਛੱਡਣ ਦਾ ਦੁੱਖ ਸਾਫ ਝਲਕ ਰਿਹਾ ਸੀ। ਪ੍ਰਵਾਸੀ ਮਜਦੂਰਾਂ ਦਾ ਕਹਿਣਾ ਸੀ ਕਿ ਹੁਣ ਜਦੋਂ ਕੋਈ ਕੰਮ ਨਾ ਮਿਲਿਆ ਤਾਂ ਉਹ ਮਜ਼ਬੂਰੀ ਵੱਸ ਘਰਾਂ ਨੂੰ ਚੱਲੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਭੁੱਖੇ ਤਾਂ ਨਹੀਂ ਸੌਣ ਦਿੱਤਾ ਪਰ ਕੰਮ ਬੰਦ ਹੋਣ ਕਾਰਨ ਉਹ ਵੀ ਕਿੰਨੇ ਕੁ ਦਿਨ ਘਰ ਬੈਠਿਆਂ ਨੂੰ ਖੁਆਉਣਗੇ।

ਮੁਰਝਾਏ ਚਿਹਰਿਆਂ ਨਾਲ ਘਰਾਂ ਵੱਲ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾ ਵੱਲੋਂ ਕੀਤੀ ਕਮਾਈ ਖਤਮ ਹੋ ਚੁੱਕੀ ਹੈ। ਪੰਜਾਬ ’ਚ ਹੁੰਦਿਆਂ ਉਨਾਂ ਨੂੰ ਫਿਕਰ ਨਹੀਂ ਸੀ ਪਰ ਕਰੋਨਾ ਵਾਇਰਸ ਨੇ ਉਨਾਂ ਨੂੰ ਮੁੜ ਬੇਰੁਜਗਾਰ ਕਰ ਦਿੱਤਾ ਹੈ। ਇਨ੍ਹਾਂ ਮਜ਼ਦੂਰਾਂ ਨੇ ਕਿਸਾਨਾਂ ਦੇ ਖੇਤਾਂ ਅਤੇ ਪਰਿਵਾਰਾਂ ਦੀ ਸੁੱਖ ਵੀ ਮੰਗੀ ਅਤੇ ਵਾਪਸੀ ਦੀ ਦੁਆ ਵੀ ਕੀਤੀ।

ਪ੍ਰਸ਼ਾਸਨ ਨੇ ਪੁੱਖਤਾ ਪ੍ਰਬੰਧ ਕਰ ਸ਼ਾਹਕੋਟ ਤੋਂ ਤੋਰੋ ਪ੍ਰਵਾਸੀ

ਐੱਸਡੀਐੱਮ ਸ਼ਾਹਕੋਟ ਡਾ. ਸੰਜੀਵ ਸ਼ਰਮਾ,ਤਹਿਸੀਲਦਾਰ ਪ੍ਰਦੀਪ ਕੁਮਾਰ, ਡੀਐੱਸਪੀ ਪਿਅਰਾ ਸਿੰਘ ਤੇ ਐੱਸਐੱਚਓ ਸੁਰਿੰਦਰ ਕੁਮਾਰ ਦੀ ਦੇਖ ਰੇਖ ਹੇਠ ਸਾਰੇ ਪ੍ਰਵਾਸੀਆਂ ਨੂੰ ਠੀਕ ਠਾਕ ਘਰ ਭੇਜਣ ਲਈ ਪ੍ਰਸ਼ਾਸ਼ਨ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਦੀ ਮੈਡੀਕਲ ਜਾਂਚ ਕਰਨ ਤੋਂ ਇਲਾਵਾ ਖਾਣ ਪਾਣ ਦਾ ਇੰਤਜ਼ਾਮ ਵੀ ਕੀਤਾ ਗਿਆ ਸੀ ਤਾਂ ਜੋ ਰਸਤੇ ਵਿਚ ਯਾਤਰੀਆਂ ਨੂੰ ਕੋਈ ਦਿੱਕਤ ਨਾ ਆਵੇ।

ਪ੍ਰਸ਼ਾਸ਼ਨ ਵਲੋਂ ਪ੍ਰਵਾਸੀਆਂ ਨੂੰ ਬੱਸਾਂ ਰਾਹੀਂ ਜਲੰਧਰ ਰੇਲਵੇ ਸਟੇਸ਼ਨ ਤੱਕ ਪਹੁੰਚਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਨ੍ਹਾਂ ਬੱਸਾਂ ਨੂੰ ਐੱਸਡੀਐੱਮ ਸ਼ਾਹਕੋਟ ਡਾ. ਸੰਜੀਵ ਸ਼ਰਮਾਂ ਨੇ ਰਵਾਨਾ ਕੀਤਾ। ਇਸ ਮੌਕੇ ਡਾ ਸ਼ਰਮਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਪ੍ਰਵਾਸੀਆਂ ਦੀ ਘਰ ਵਾਪਸੀ ਲਈ ਬੱਸ ਤੇ ਰੇਲ ਕਿਰਾਏ ਦਾ ਸਾਰਾ ਭਾਰ ਆਪ ਚੁੱਕਿਆ ਹੈ। ਪੰਜਾਬ ਸਰਕਾਰ ਇਸ ਸੰਕਟ ਦੇ ਸਮੇਂ ਵਿਚ ਫਸੇ ਦੂਜੇ ਰਾਜਾਂ ਦੇ ਲੋਕਾਂ ਦੀ ਹਰ ਸੰਭਵ ਮਦਦ ਕਰ ਰਹੀ ਹੈ।

Posted By: Sunil Thapa