ਮਦਨ ਭਾਰਦਵਾਜ, ਜਲੰਧਰ

ਨਗਰ ਨਿਗਮ ਦੀ ਬਿਲਡਿੰਗ ਬਰਾਂਚ ਨੇ ਚਹਾਰ ਬਾਗ਼ ਵਿਖੇ ਨਾਜਾਇਜ਼ ਤੌਰ 'ਤੇ ਉਸਾਰੀ ਗਈ ਬਿਲਡਿੰਗ ਸੀਲ ਕਰ ਦਿੱਤੀ। ਐੱਮਟੀਪੀ ਅਨੁਸਾਰ ਉਕਤ ਪੁਰਾਣੀ ਇਮਾਰਤ ਅਮਨਦੀਪ ਸਿੰਘ ਨਾਮਕ ਵਿਅਕਤੀ ਨੇ ਖ਼ਰੀਦੀ ਸੀ ਅਤੇ ਉਹ ਬਿਨਾਂ ਨਕਸ਼ਾ ਪਾਸ ਕਰਾਏ ਦੂਜੀ ਮੰਜ਼ਿਲ 'ਤੇ ਲੈਂਟਰ ਪਾਉਣ ਦੀ ਤਿਆਰੀ ਕਰ ਰਿਹਾ ਸੀ ਜਿਸ ਦੀ ਸ਼ਿਕਾਇਤ ਆਉਣ 'ਤੇ ਉਕਤ ਬਿਲਡਿੰਗ ਨੂੰ ਸੀਲ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਨਗਰ ਨਿਗਮ ਤੇ ਸਿਵਲ ਪੁਲਿਸ ਫੋਰਸ ਸ਼ਹਿਰ ਵਿਚ ਸਰਗਰਮ ਰਹਿਣ ਕਾਰਨ ਨਗਰ ਨਿਗਮ ਨੂੰ ਪੁਲਿਸ ਫੋਰਸ ਨਾ ਮਿਲਣ ਕਾਰਨ ਨਾਜਾਇਜ਼ ਉਸਾਰੀਆਂ ਵਿਰੁੱਧ ਕਾਰਵਾਈ ਰੁਕੀ ਹੋਈ ਹੈ। ਇਸ ਸਬੰਧੀ ਐੱਮਟੀਪੀ ਪਰਮਪਾਲ ਸਿੰਘ ਅਨੁਸਾਰ ਪੁਲਿਸ ਫੋਰਸ ਦੀ ਮੰਗ ਲਈ ਪੁਲਿਸ ਪ੍ਰਸ਼ਾਸਨ ਨੂੰ ਬਾਕਾਇਦਾ ਪੱਤਰ ਲਿਖਿਆ ਹੋਇਆ ਹੈ ਅਤੇ ਜਿਸ ਤਰ੍ਹਾਂ ਹੀ ਫੋਰਸ ਮੁਹੱਈਆ ਹੋਵੇਗੀ ਤਾਂ ਨਾਜਾਇਜ਼ ਉਸਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਏਗੀ।

ਵਰਨਣਯੋਗ ਹੈ ਕਿ ਸ਼ਹਿਰ ਵਿਚ ਕੋਰੋਨਾ ਮਹਾਮਾਰੀ ਕਾਰਨ ਲੱਗੇ ਲਾਕਡਾਊਨ ਕਾਰਨ ਸੱਤਾਧਾਰੀ ਪਾਰਟੀ ਨਾਲ ਸਬੰਧਤ ਸਿਆਸੀ ਆਗੂਆਂ ਨੇ ਵਧੇਰੇ ਨਾਜਾਇਜ਼ ਉਸਾਰੀਆਂ ਕਰ ਰੱਖੀਆਂ ਹਨ ਅਤੇ ਕਈਆਂ ਦੇ ਨਗਰ ਨਿਗਮ ਦੀ ਬਿਲਡਿੰਗ ਬਰਾਂਚ ਨੇ ਕੰਮ ਰੁਕਵਾ ਕੇ ਉਨ੍ਹਾਂ ਖ਼ਿਲਾਫ਼ ਸਬੰਧਤ ਥਾਣਿਆਂ ਵਿਚ ਐੱਫਆਈਆਰ ਕਰਨ ਸਬੰਧੀ ਦਰਖਾਸਤਾਂ ਦੇ ਰੱਖੀਆਂ ਹਨ ਜਿਨ੍ਹਾਂ ਵਿਰੁੱਧ ਸਿਆਸੀ ਦਬਾਅ ਕਾਰਨ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।