ਜਤਿੰਦਰ ਪੰਮੀ, ਜਲੰਧਰ

ਲੋਕਾਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਆਈਲੈੱਟਸ ਕੋਚਿੰਗ ਸੈਂਟਰਾਂ ਨੂੰ ਮੁੜ ਖੋਲ੍ਹਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਹ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਲਾਈਵ ਦੌਰਾਨ ਕੀਤਾ। ਜਲੰਧਰ ਵਾਸੀ ਨਨੀਤ ਕੌਰ ਵੱਲੋਂ ਫੇਸਬੁੱਕ ਲਾਈਵ ਦੌਰਾਨ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕਿਹਾ ਕਿ ਉਹ ਨਿੱਜੀ ਤੌਰ 'ਤੇ ਇਨ੍ਹਾਂ ਸੈਂਟਰ ਦੇ ਖੁੱਲ੍ਹਣ ਦੇ ਖਿਲਾਫ਼ ਨਹੀਂ ਹਨ। ਲਾਕਡਾਊਨ ਸਬੰਧੀ ਦਿਸ਼ਾ ਨਿਰਦੇਸ਼ ਕੇਂਦਰ ਸਰਕਾਰ ਵੱਲੋਂ ਕੌਮੀ ਆਫ਼ਤ ਪ੍ਰਬੰਧਨ ਐਕਟ ਅਨੁਸਾਰ ਜਾਰੀ ਕੀਤੇ ਜਾਂਦੇ ਹਨ ਜਿਸ ਤਹਿਤ ਇਨ੍ਹਾਂ ਸੈਂਟਰਾਂ ਨੂੰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੰਦ ਹਾਲ ਦੀ ਘੜੀ ਬੰਦ ਕੀਤਾ ਗਿਆ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਆਈਲੈੱਟਸ ਸੈਂਟਰਾਂ ਨੂੰ ਖੋਲਣ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ ਪਰ ਉਹ ਇਨ੍ਹਾਂ ਸੈਂਟਰਾਂ ਨੂੰ ਖੋਲ੍ਹਣ ਦਾ ਮੁੱਦਾ ਕੇਂਦਰ ਸਰਕਾਰ ਕੋਲ ਉਠਾਉਣਗੇ।

ਦੇਸ਼ ਵਿਚ ਲਗਾਤਾਰ ਵਧ ਰਹੇ ਕੋਵਿਡ ਦੇ ਕੇਸਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ 'ਚ ਲਗਾਤਾਰ ਕੋਵਿਡ ਦੇ ਕੇਸ ਵਧ ਰਹੇ ਹਨ ਜਦਕਿ ਪੰਜਾਬ ਵਿੱਚ ਇਹ ਅੰਕੜਾ 6000 ਹਜ਼ਾਰ ਤਕ ਪਹੁੰਚ ਗਿਆ ਹੈ ਅਤੇ 157 ਮੌਤਾਂ ਹੁਣ ਤੱਕ ਹੋਈਆਂ ਹਨ। ਉਨ੍ਹਾਂ ਦੁਹਰਾਇਆ ਕਿ ਇਸ ਸਬੰਧੀ ਸਾਰੀਆਂ ਸਾਵਧਾਨੀਆਂ ਅਪਣਾਉਣਾ ਬਹੁਤ ਜ਼ਰੂਰੀ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਅਸੀਂ ਸਿਰਫ਼ ਕੰਟਰੋਲ ਕਰ ਸਕਦੇ ਹਾਂ, ਇਲਾਜ ਨਹੀਂ, ਮੁੱਖ ਮੰਤਰੀ ਨੇ ਇਹ ਕਹਿੰਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ 'ਮਿਸ਼ਨ ਫ਼ਹਿਤ' ਤਹਿਤ ਸਰਪੰਚਾਂ ਅਤੇ ਹੋਰਨਾਂ ਵੱਲੋਂ ਕੋਵਿਡ-19 ਮਹਾਮਾਰੀ ਤੋਂ ਬਚਾਅ ਲਈ ਦੱਸੇ ਜਾ ਰਹੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਅਨੇਕਾ ਉਪਰਾਲੇ ਕੀਤਾ ਜਾ ਰਹੇ ਹਨ। ਸੂਬੇ 'ਚ ਐਂਬੂਲੈਂਸ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਕਿਹਾ ਕਿ ਇਸ ਸਾਲ 400 ਐਂਬੂਲੈਂਸ ਦੇ ਟੀਚੇ ਨੂੰ ਪ੍ਰਰਾਪਤ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ 'ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਬਲਾਕ 'ਚ 5-5 ਕੁੱਲ 750 ਖੇਡ ਸਟੇਡੀਅਮ ਬਣਾਏ ਜਾਣਗੇ।