ਰਾਕੇਸ਼ ਗਾਂਧੀ, ਜਲੰਧਰ : ਜਲੰਧਰ-ਅੰਮਿ੍ਤਸਰ ਹਾਈਵੇਅ 'ਤੇ ਪੈਂਦੇ ਫੋਕਲ ਪੁਆਇੰਟ ਲਾਗੇ ਤੇਜ਼ ਰਫ਼ਤਾਰ ਕਾਰ ਅਵਾਰਾ ਪਸ਼ੂ ਨੂੰ ਬਚਾਉਣ ਦੇ ਯਤਨਾਂ ਵਿਚ ਖੰਭੇ ਜਾ ਟਕਰਾਈ, ਜਿਸ ਨਾਲ ਕਾਰ ਵਿਚ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ ਜਦਕਿ ਬਜ਼ੁਰਗ ਔਰਤ ਗੰਭੀਰ ਜ਼ਖ਼ਮੀ ਹੋ ਗਈ। ਜ਼ਖ਼ਮੀ ਔਰਤ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਾਸੀ ਗਗਨਦੀਪ ਸਿੰਘ, ਪਤਨੀ ਗੁਰਕਿਰਨਦੀਪ ਕੌਰ ਤੇ ਮਾਤਾ ਨਾਲ ਆਪਣੀ ਕਾਰ ਵਿਚ ਲੁਧਿਆਣਾ ਤੋਂ ਅੰਮਿ੍ਤਸਰ ਵੱਲ ਜਾ ਰਹੇ ਸਨ। ਜਦੋਂ ਉਹ ਜਲੰਧਰ ਦੇ ਫੋਕਲ ਪੁਆਇੰਟ ਲਾਗੇ ਪੁੱਜੇ ਤਾਂ ਅਚਾਨਕ ਉਨ੍ਹਾਂ ਦੀ ਕਾਰ ਅੱਗੇ ਅਵਾਰਾ ਪਸ਼ੂ ਆ ਗਿਆ ਜਿਸ ਨੂੰ ਗਗਨਦੀਪ ਸਿੰਘ ਨੇ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਰ ਦੀ ਰਫ਼ਤਾਰ ਜ਼ਿਆਦਾ ਹੋਣ ਕਾਰਨ ਉਹ ਆਪਣੀ ਗੱਡੀ ਤੋਂ ਤਵਾਜ਼ਨ ਗੁਆ ਬੈਠਾ ਤੇ ਕਾਰ ਜਾ ਕੇ ਖੰਭੇ ਵਿਚ ਜਾ ਵੱਜੀ।

ਟੱਕਰ ਇੰਨੀ ਜਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਗਗਨਦੀਪ ਸਿੰਘ ਤੇ ਉਨ੍ਹਾਂ ਦੀ ਪਤਨੀ ਗੁਰਕਿਰਨਦੀਪ ਕੌਰ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਮਾਂ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਈ। ਹਾਦਸੇ ਦੀ ਇਤਲਾਹ ਮਿਲਦਿਆਂ ਹੀ ਚੌਕੀ ਫੋਕਲ ਪੁਆਇੰਟ ਦੇ ਏਐੱਸਆਈ ਪਰਮਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਜਦਕਿ ਗੰਭੀਰ ਰੂਪ ਵਿਚ ਜ਼ਖ਼ਮੀ ਬਜ਼ੁਰਗ ਔਰਤ ਨੂੰ ਇਲਾਜ ਲਈ ਪਠਾਨਕੋਟ ਚੌਕ ਲਾਗੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।