ਜੇਐੱਨਐੱਨ, ਜਲੰਧਰ : ਬਸਤੀ ਸ਼ੇਖ ਦੇ ਤੇਜ਼ ਮੋਹਨ ਨਗਰ ਦੇ ਰਹਿਣ ਵਾਲੇ ਵਿਅਕਤੀ 'ਤੇ ਉਸ ਦੀ ਪਤਨੀ ਨੇ ਕੁੱਟਮਾਰ ਕਰ ਕੇ ਦੂਜੀ ਅੌਰਤ ਲਈ ਉਸ ਨੂੰ ਛੱਡਣ ਦਾ ਦੋਸ਼ ਲਾਇਆ ਹੈ। ਹੁਸ਼ਿਆਰਪੁਰ ਦੇ ਪਿੰਡ ਨੈਨੋਵਾਲ ਵਾਸੀ ਅੰਜਲੀ ਪੁੱਤਰੀ ਸੰਤੋਖ ਕੁਮਾਰ ਨੇ ਪੁਲਿਸ ਕਮਿਸ਼ਨਰ ਦਫ਼ਤਰ 'ਚ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਪੰਜ ਸਾਲ ਪਹਿਲਾਂ ਉਸ ਦਾ ਵਿਆਹ ਜਲੰਧਰ ਦੇ ਤੇਜ਼ ਮੋਹਨ ਨਗਰ ਦੇ ਰਹਿਣ ਵਾਲੇ ਵਿਅਕਤੀ ਨਾਲ ਹੋਇਆ ਸੀ। ਉਸ ਨੇ ਦੋਸ਼ ਲਾਉਂਦਿਆਂ ਕਿਹਾ ਕਿ ਵਿਆਹ ਤੋਂ ਬਾਅਦ ਹੀ ਪਤੀ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਸੀ। ਕੁਝ ਦਿਨ ਪਹਿਲਾਂ ਉਸ ਦਾ ਪਤੀ ਸ਼ਰਾਬ ਦੇ ਨਸ਼ੇ 'ਚ ਘਰ ਆਇਆ ਤੇ ਕੁੱਟਮਾਰ ਕਰਨ ਲੱਗਾ। ਇਸ ਤੋਂ ਬਾਅਦ ਉਸ ਦੇ ਪਤੀ ਨੇ ਕਿਹਾ ਕਿ ਉਸ ਦੇ ਕਿਸੇ ਹੋਰ ਅੌਰਤ ਨਾਲ ਨਾਜਾਇਜ਼ ਸਬੰਧ ਹਨ, ਜਿਸ ਨਾਲ ਉਹ ਹੁਣ ਆਪਣੀ ਅੱਗੇ ਦੀ ਜ਼ਿੰਦਗੀ ਗੁਜ਼ਾਰੇਗਾ। ਪੀੜਤ ਅੰਜਲੀ ਨੇ ਕਿਹਾ ਕਿ ਉਸ ਦਿਨ ਤੋਂ ਬਾਅਦ ਉਸ ਦਾ ਪਤੀ ਵਾਪਸ ਨਹੀਂ ਆਇਆ ਤੇ ਨਾ ਹੀ ਉਸ ਦਾ ਮੋਬਾਈਲ ਨੰਬਰ ਲੱਗ ਰਿਹਾ ਹੈ। ਉਸ ਦਾ 11 ਮਹੀਨਿਆਂ ਦਾ ਇਕ ਪੁੱਤਰ ਹੈ, ਜਿਸ ਦੀ ਦੇਖਭਾਲ ਉਹ ਇਕੱਲੀ ਕਰ ਰਹੀ ਹੈ। ਉਸ ਨੇ ਪੁਲਿਸ ਤੋਂ ਮੰਗ ਕਰਦਿਆਂ ਕਿਹਾ ਕਿ ਪਤੀ ਦਾ ਪਤਾ ਲਾਇਆ ਜਾਵੇ ਤੇ ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਤੋਂ ਕਾਰਵਾਈ ਕੀਤੀ ਜਾਵੇ।