ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪਰਾਲੀ ਪ੍ਰਬੰਧਨ ਸਬੰਧੀ ਲਗਾਇਆ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ
ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪਰਾਲੀ ਪ੍ਰਬੰਧਨ ਸਬੰਧੀ ਲਗਾਇਆ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ
Publish Date: Wed, 12 Nov 2025 06:04 PM (IST)
Updated Date: Wed, 12 Nov 2025 06:07 PM (IST)

ਅੰਕੁਸ਼ ਗੋਇਲ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਇਸ ਗੱਲ ‘ਤੇ ਲਗਾਤਾਰ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਕਿਸਾਨ ਪਰਾਲੀ ਨੁੰ ਅੱਗ ਨਾ ਲਾਉਣ ਅਤੇ ਮੁਹਿੰਮ ਰੂਪ ਵਿੱਚ ਸਿਫਾਰਿਸ਼ ਤਕਨੀਕਾਂ ਅਪਣਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ। ਇਸੇ ਲੜੀ ਅਧੀਨ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜ਼ਿਲ੍ਹਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਵੱਲੋਂ ਕੇ.ਵੀ.ਕੇ. ਕੈਂਪਸ ਵਿਖੇਪਰਾਲੀ ਪ੍ਰਬੰਧਨ ਸਬੰਧੀ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਵਿਧਾਇਕ ਚੱਬੇਵਾਲ ਡਾ. ਇਸ਼ਾਂਕ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਨਿਰਦੇਸ਼ਕ ਆਈ.ਸੀ.ਏ.ਆਰ.ਅਟਾਰੀ ਲੁਧਿਆਣਾ ਡਾ. ਪਰਵਿੰਦਰ ਸ਼ਿਉਰਾਣ ਤੇ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਦਪਿੰਦਰ ਸਿੰਘ ਵੀ ਮੌਜੂਦ ਸਨ। ਵਿਧਾਇਕ ਚੱਬੇਵਾਲ ਡਾ. ਇਸ਼ਾਂਕ ਕੁਮਾਰ ਨੇ ਦੱਸਿਆ ਕਿ ਪੰਜਾਬ ਦੀ ਆਰਥਿਕਤਾ ਕਿਸਾਨੀ ‘ਤੇ ਨਿਰਭਰ ਹੈ। ਕਿਸਾਨਾਂ ਦੁਆਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਖੇਤੀਬਾੜੀ ਬਾਬਤ ਨਵੀਨਤਮ ਸਿਫਾਰਿਸ਼ਾਂ ਨੂੰ ਅਪਣਾਇਆ ਜਾਵੇ, ਖਾਸ ਕਰ ਕੁਦਰਤੀ ਸਰੋਤਾਂ ਦੀ ਸੰਭਾਲ ਤਕਨੀਕਾਂ। ਪੀ.ਏ.ਯੂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ ਡਾ. ਮਨਿੰਦਰ ਸਿੰਘ ਬੌਂਸ ਨੇ ਕਿਸਾਨ ਭਲਾਈ ਸਬੰਧੀ ਕੇਂਦਰ ਦੀਆਂ ਪਸਾਰ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਨਿਰਦੇਸ਼ਕ ਆਈ.ਸੀ.ਏ.ਆਰ.ਅਟਾਰੀ ਲੁਧਿਆਣਾ ਡਾ. ਪਰਵਿੰਦਰ ਸ਼ਿਉਰਾਣ ਨੇ ਕਿਹਾ ਕਿ ਕਿਸਾਨ ਆਪਣੇ ਇਲਾਕੇ ਅਤੇ ਜ਼ਮੀਨ ਅਨੁਸਾਰ ਵੱਖ-ਵੱਖ ਤਕਨੀਕਾਂ ਅਪਣਾ ਕੇ ਪਰਾਲੀ ਨੂੰ ਸੰਭਾਲਣ ਅਤੇ ਅੱਗ ਲਗਾਉਣ ਦੇ ਰੁਝਾਨ ਨੂੰ ਠੱਲ੍ਹ ਪਾਉਣ। ਮੁੱਖ ਖੇਤੀਬਾੜੀ ਅਫ਼ਸਰ ਦਪਿੰਦਰ ਸਿੰਘ ਨੇ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਚਲਾਈ ਮੁਹਿੰਮ ਵਿੱਚ ਭਰਪੂਰ ਯੋਗਦਾਨ ਪਾਉਣ ਵਾਲੇ ਹੁਸ਼ਿਆਰਪੁਰ ਦੇ ਅਗਾਂਹਵਧੂ ਕਿਸਾਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦੇ ਯਤਨਾਂ ਸਦਕਾ ਇਸ ਸਾਲ ਪਰਾਲੀ ਨੂੰ ਅੱਗ ਲਾਉਣ ਦੇ ਕੇਸ 29 ਤੋਂ ਘੱਟ ਕੇ 15 ਹੀ ਰਹਿ ਗਏ ਹਨ। ਸਹਿਯੋਗੀ ਪ੍ਰੋਫੈਸਰ ਡਾ. ਪਰਮਿੰਦਰ ਸਿੰਘ ਨੇ ਝੋਨੇ ਦੀ ਪਰਾਲੀ ਦੀ ਬਾਇਓ ਗੈਸ ਪਲਾਂਟ, ਊੂਰਜਾ, ਖਾਦ, ਖੁੰਬ ਉਤਪਾਦਨ, ਗੱਤਾ ਉਦਯੋਗ ਤੇ ਪਸ਼ੂ ਖੁਰਾਕ ਵਜੋਂ ਵਰਤੋਂ ਅਤੇ ਪਸ਼ੂਆਂ ਦੀ ਮੌਸਮੀ ਸਾਂਭ-ਸੰਭਾਲ ਬਾਰੇ ਜਾਣਕਾਰੀ ਸਾਂਝੀ ਕੀਤੀ। ਸਹਿਯੋਗੀ ਪ੍ਰੋਫੈਸਰ ਗੁਰਪ੍ਰਤਾਪ ਸਿੰਘ ਨੇ ਕਣਕ ਦੇ ਕਾਸ਼ਤ ਬਾਬਤ ਜ਼ਰੂਰੀ ਨੁਕਤੇ ਦੱਸੇ। ਸਹਾਇਕ ਪ੍ਰੋਫੈਸਰ ਡਾ. ਅਜੈਬ ਸਿੰਘ ਨੇ ਝੋਨੇ ਦੀ ਪਰਾਲੀ ਪ੍ਰਬੰਧਨ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਅਤੇ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਰੀ ਦੀ ਉਤਮ ਕਾਰਜਕੁਸ਼ਲਤਾ ਸਬੰਧੀ ਪਹਿਲੂਆਂ ਬਾਰੇ ਜਾਣੂੰ ਕਰਵਾਇਆ। ਸਹਾਇਕ ਪ੍ਰੋਫੈਸਰ ਡਾ. ਪ੍ਰਭਜੋਤ ਕੌਰ ਨੇ ਹਾੜ੍ਹੀ ਦੀਆਂ ਫ਼ਸਲਾਂ ਦੇ ਸਰਵਪੱਖੀ ਕੀਟ ਪ੍ਰਬੰਧਨ ਬਾਰੇ ਜਾਣਕਾਰੀ ਮੁਹੱਈਆ ਕਰਵਾਈ। ਸਹਾਇਕ ਪ੍ਰੋਫੈਸਰ ਡਾ. ਕਰਮਵੀਰ ਸਿੰਘ ਗਰਚਾ ਨੇ ਪੌਸ਼ਟਿਕ ਘਰੇਲੂ ਬਗੀਚੀ ਤੇ ਖੁੰਭਾਂ ਦੀ ਕਾਸ਼ਤ ਬਾਰੇ ਦੱਸਿਆ ਅਤੇ ਸਹਾਇਕ ਪ੍ਰੋਫੈਸਰ ਡਾ. ਸੁਖਦੀਪ ਕੌਰ ਨੇ ਪੌਸ਼ਟਿਕ ਖੁਰਾਕ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਮਹਿਮਾਨਾਂ ਵੱਲੋਂ ਇਨ੍ਹਾਂ ਕਿਸਾਨਾਂ ਨੂੰ ਪਿਛਲੇ ਸਾਲਾਂ ਤੋਂ ਪਰਾਲੀ ਪ੍ਰਬੰਧਨ ਵਿੱਚ ਕੀਤੇ ਮਹੱਤਵਪੂਰਣ ਉਪਰਾਲਿਆਂ ਬਾਬਤ ਸਨਮਾਨਿਤ ਵੀ ਕੀਤਾ ਗਿਆ।