ਜਤਿੰਦਰ ਪੰਮੀ, ਜਲੰਧਰ : ਭਾਰਤ ਸਰਕਾਰ ਵੱਲੋਂ ਵਿਦੇਸ਼ਾਂ 'ਚ ਫਸੇ ਭਾਰਤੀਆਂ ਤੇ ਐੱਨਆਰਆਈਜ਼ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤੀ ਜਾ ਪ੍ਰਕਿਰਿਆ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਨਾਲ ਸਬੰਧਤ ਭਾਰਤੀਆਂ ਤੇ ਐੱਨਆਰਆਈਜ਼ ਨੂੰ ਵਾਪਸ ਆਉਣ ਉਪਰੰਤ ਹੋਟਲਾਂ 'ਚ ਕੁਆਰੰਟਾਈਨ ਕਰਨ ਦੇ ਪ੍ਰਬੰਧ ਕੀਤੇ ਹਨ। ਪ੍ਰਸ਼ਾਸਨ ਨੇ ਜ਼ਿਲ੍ਹੇ 26 ਦੇ ਕਰੀਬ ਹੋਟਲਾਂ ਤੇ ਡੇਵੀਏਟ ਦੇ ਹੋਸਟਲ ਨੂੰ ਕੁਆਰੰਟਾਈਨ ਸੈਂਟਰ ਬਣਾਇਆ ਹੈ, ਜਿਥੇ ਵਿਦੇਸ਼ੋਂ ਪਰਤਣ ਵਾਲੇ ਭਾਰਤੀਆਂ ਤੇ ਐੱਨਆਰਆਈਜ਼ ਨੂੰ ਉਨ੍ਹਾਂ ਦੇ ਖਰਚੇ 'ਤੇ 14 ਦਿਨ ਲਈ ਕੁਆਰੰਟਾਈਨ ਹੋਣਾ ਪਵੇਗਾ। ਇਸ ਸਬੰਧੀ ਜਾਰੀ ਆਦੇਸ਼ਾਂ ਵਿਚ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਵਿਦੇਸ਼ੋਂ ਪਰਤਣ ਵਾਲੇ ਇਨ੍ਹਾਂ ਲੋਕਾਂ ਦੀ ਸਕਰੀਨਿੰਗ ਤੇ ਕੁਆਰੰਟੀਈਨ ਕਰਨ ਲਈ ਡਿਪਟੀ ਡਾਇਰੈਕਟਰ ਲੋਕਲ ਬਾਡੀਜ਼ ਅਨੁਪਮ ਕਲੇਰ ਨੂੰ ਨੋਡਲ ਅਫਸਰ ਲਾਇਆ ਗਿਆ ਹੈ। ਉਹ ਇਸ ਪ੍ਰਕਿਰਿਆ ਲਈ ਸਿਵਲ ਸਰਜਨ, ਪੁਲਿਸ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਦਿਹਾਤੀ ਨਾਲ ਤਾਲਮੇਲ ਕਰਨਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਪਣੇ ਖਰਚੇ 'ਤੇ ਵਿਦੇਸ਼ੋਂ ਪਰਤ ਰਹੇ ਯਾਤਰੀਆਂ (ਭਾਰਤੀ ਤੇ ਐੱਨਆਰਆਈ) ਲਈ ਸਵੈ ਖਰਚੇ 'ਤੇ (ਖਾਣੇ) ਸਮੇਤ ਹੋਟਲ ਨਿਸ਼ਚਿਤ ਕੀਤੇ ਗਏ ਹਨ, ਜਿਥੇ ਉਹ 14 ਦਿਨ ਤਕ ਰਹਿਣਗੇ। ਉਨ੍ਹਾਂ ਦੱਸਿਆ ਕਿ ਉਕਤ ਹੋਟਲਾਂ ਵਿਚ ਠਹਿਰਨ ਦੌਰਾਨ ਯਾਤਰੀਆਂ ਨੂੰ ਰਹਿਣ ਤੇ ਖਾਣ-ਪੀਣ ਦਾ ਖਰਚਾ ਆਪ ਕਰਨਾ ਪਵੇਗਾ। ਸਬ-ਡਵੀਜ਼ਨ ਨੰਬਰ 1 ਅਧੀਨ 6 ਹੋਟਲ ਬੁੱਕ ਕੀਤੇ ਗਏ ਹਨ, ਜਿਨ੍ਹਾਂ ਵਿਚ ਬੀਐੱਸਐੱਫ ਚੌਕ ਨੇੜੇ ਅੰਬੈਸਡਰ ਹੋਟਲ ਦੇ 33 ਕਮਰੇ, ਜਿਨ੍ਹਾਂ ਦਾ ਸਿੰਗਲ ਬੈੱਡ ਕਿਰਾਇਆ 3500 ਤੇ ਡਬਲ ਬੈੱਡ 4500 ਰੁਪਏ ਹੈ, ਐੱਚਐੱਮਵੀ ਕਾਲਜ ਦੇ ਸਾਹਮਣੇ ਓਸਿਸ ਇਨ ਓਕ ਟਾਵਰ ਦੇ 13 ਕਮਰੇ, ਜਿਨ੍ਹਾਂ ਦਾ ਸਿੰਗਲ ਬੈੱਡ ਕਿਰਾਇਆ 1500 ਤੇ ਡਬਲ ਬੈੱਡ ਕਿਰਾਇਆ 2700 ਰੁਪਏ ਹੈ। ਮਹਾਵੀਰ ਮਾਰਗ 'ਤੇ ਏਪੀਜੇ ਕਾਲਜ ਦੇ ਨਾਲ ਰਮਾਡਾ ਐਨਕੋਰ 'ਚ 30 ਕਮਰੇ, ਜਿਨ੍ਹਾਂ 'ਚ ਸਿੰਗਲ ਬੈੱਡ ਦਾ ਕਿਰਾਇਆ 3800 ਤੇ ਡਬਲ ਬੈੱਡ 4800 ਰੁਪਏ, ਸੁੱਖ ਮਹਿਲ ਹੋਟਲ 'ਚ 20 ਕਮਰੇ, ਜਿਨ੍ਹਾਂ 'ਚ ਸਿੰਗਲ ਬੈੱਡ ਦਾ ਕਿਰਾਇਆ 2250 ਤੇ ਡਬਲ ਬੈੱਡ ਦਾ ਕਿਰਾਇਆ 2700 ਰੁਪਏ ਹੈ। ਇਸੇ ਤਰ੍ਹਾਂ ਹੋਟਲ ਸਰੋਵਰ ਪੋਰਟਿਕੋ 'ਚ 45 ਕਮਰੇ, ਜਿਨ੍ਹਾਂ ਦਾ ਸਿੰਗਲ ਬੈੱਡ ਕਿਰਾਇਆ 2500 ਤੇ ਡਬਲ ਬੈੱਡ ਕਿਰਾਇਆ 3200 ਰੁਪਏ ਤੇ ਪੁਲਿਸ ਲਾਈਨ ਰੋਡ 'ਤੇ ਕੰਫਰਟ ਇਨ 'ਚ 34 ਕਮਰੇ, ਜਿਨ੍ਹਾਂ 'ਚ ਐਗਜ਼ੀਕਿਊਟਿਵ ਸਿੰਗਲ ਬੈੱਡ ਕਿਰਾਇਆ 4000, ਡਬਲ ਬੈੱਡ 4500 ਰੁਪਏ, ਸੈਮੀ ਸੂਟ ਸਿੰਗਲ ਬੈੱਡ 5500 ਤੇ ਸੈਮੀ ਸੂਟ ਡਬਲ 6000 ਅਤੇ ਪ੍ਰਰੈਜ਼ੀਡੈਂਟ ਸੂਟ ਦਾ ਕਿਰਾਇਆ 7500 ਰੁਪਏ, ਸ਼ੰਗਰੀਲਾ ਹੋਟਲ ਨਿਊ ਜਵਾਹਰ ਨਗਰ ਦੇ 10 ਕਮਰੇ ਜਿਨ੍ਹਾਂ 'ਚ ਸਿੰਗਲ ਬੈੱਡ ਦਾ ਕਿਰਾਇਆ 2500, ਡਬਲ ਬੈੱਡ ਦਾ ਕਿਰਾਇਆ 3500 ਰੁਪਏ, ਮੋਰਿਆ ਰਿਜੈਂਸੀ ਗੜ੍ਹਾ ਰੋਡ ਦੇ 15 ਕਮਰੇ, ਜਿਨ੍ਹਾਂ 'ਚ ਸਿੰਗਲ ਬੈੱਡ 3200, ਡਬਲ ਬੈੱਡ 4800 ਰੁਪਏ, ਇੰਦਰ ਪ੍ਰਸਥ ਆਦਰਸ਼ ਨਗਰ 'ਚ 10 ਕਮਰੇ, ਜਿਨ੍ਹਾਂ 'ਚ ਸਿੰਗਲ ਬੈੱਡ 2000, ਡਬਲ ਬੈੱਡ 3300 ਰੁਪਏ, ਸਨਸ਼ਾਈਨ ਹੋਟਲ ਮਾਡਲ ਟਾਊਨ ਦੇ 15 ਕਮਰੇ, ਜਿਨ੍ਹਾਂ 'ਚ ਸਿੰਗਲ ਬੈੱਡ 3000, ਡਬਲ ਬੈੱਡ 4500 ਰੁਪਏ, ਵ੍ਹਾਈਟ ਡਾਇਮੰਡ ਹੋਟਲ ਮਿੱਠਾਪੁਰ 'ਚ 8 ਕਮਰੇ, ਜਿਨ੍ਹਾਂ 'ਚ ਸਿੰਗਲ ਬੈੱਡ 2200 ਰੁਪਏ, ਡਬਲ ਬੈੱਡ 3500 ਰੁਪਏ, ਏਜੇ ਇੰਟਰਨੈਸ਼ਨਲ ਨੇੜੇ ਇਨਕਮ ਟੈਕਸ ਕਾਲੋਨੀ ਦੇ 14 ਕਮਰੇ, ਜਿਨ੍ਹਾਂ 'ਚ ਸਿੰਗਲ ਬੈੱਡ 3500 ਰੁਪਏ, ਡਬਲ ਬੈੱਡ 5000 ਰੁਪਏ, ਏਬੀ ਕਲਾਰਕਸ ਇਨ ਦੇ 15 ਕਮਰੇ ਜਿਨ੍ਹਾਂ 'ਚ ਸਿੰਗਲ ਬੈੱਡ ਡੀਲਕਸ 2600, ਡਬਲ ਬੈੱਡ ਡੀਲਕਸ 3200, ਐਗਜ਼ੀਕਿਊਟਿਵ ਸਿੰਗਲ 3000 ਤੇ ਐਗਜ਼ੀਕਿਊਟਿਵ ਡਬਲ 3600 ਰੁਪਏ, ਫਾਰਚੂਨ ਐਵੇਨਿਊ ਦੇ 45 ਕਮਰੇ, ਜਿਨ੍ਹਾਂ 'ਚ ਸਿੰਗਲ ਬੈੱਡ 4200 ਤੇ ਡਬਲ ਬੈੱਡ 5100 ਰੁਪਏ ਸ਼ਾਮਲ ਹਨ। ਇਸੇ ਤਰ੍ਹਾਂ ਸਬ-ਡਵੀਜ਼ਨ ਨੰਬਰ ਦੋ ਵਿਚ ਬੀ-1 ਭੁਲੱਥ ਰੋਡ ਕਰਤਾਰਪੁਰ ਦੇ 14 ਕਮਰੇ, ਜਿਥੇ ਕਮਰੇ ਦਾ ਕਿਰਾਇਆ 1500 ਰੁਪਏ, ਵ੍ਹਾਈਟ ਸਪੋਰਟ ਕਰਤਾਰਪੁਰ ਦੇ 17 ਕਮਰੇ, ਜਿਥੇ ਕਮਰੇ ਦਾ ਕਿਰਾਇਆ 1500, ਹਾਲੀਵੁੱਡ ਕਰਤਾਰਪੁਰ ਦੇ 17 ਕਮਰੇ, ਜਿਥੇ ਕਮਰੇ ਦਾ ਕਿਰਾਇਆ 1500, ਬੱਬਲ ਕਰਤਾਰਪੁਰ ਦੇ 11 ਕਮਰੇ, ਜਿਥੇ ਕਮਰੇ ਦਾ ਕਿਰਾਇਆ 1500, ਗਰੈਂਡ ਲਿੱਲੀ ਪਰਾਗਪੁਰ ਦੇ 22 ਕਮਰੇ, ਜਿਥੇ ਕਮਰੇ ਦਾ ਕਿਰਾਇਆ 2500, ਵਿਜੇ ਰਿਜ਼ਾਰਟ ਮਕਸੂਦਾਂ ਦੇ 10 ਕਮਰੇ, ਜਿਨ੍ਹਾਂ 'ਚ ਸਿੰਗਲ ਬੈੱਡ 2000, ਡਬਲ ਬੈੱਡ 3500, ਮਜੈਸਟਿਕ ਹਾਸਪੀਟੈਲਿਟੀ ਪਰਾਗਪੁਰ ਦੇ 15 ਕਮਰੇ, ਜਿਨ੍ਹਾਂ 'ਚ ਸਿੰਗਲ ਬੈੱਡ 3500 ਤੇ ਡਬਲ ਬੈੱਡ 5000 ਰੁਪਏ, ਪੀਪੀਆਰ ਹੋਟਲਰ ਨਾਮਦੇਵ ਚੌਕ ਦੇ 20 ਕਮਰੇ, ਜਿਨ੍ਹਾਂ 'ਚ ਸਿੰਗਲ ਬੈੱਡ 4000, ਡਬਲ ਬੈੱਡ 5500 ਰੁਪਏ, ਅਵਤਾਰ ਰਿਜੈਂਸੀ ਬਿਆਸ ਪਿੰਡ ਪਠਾਨਕੋਟ ਰੋਡ ਦੇ 10 ਕਮਰੇ, ਜਿਥੇ ਕਮਰੇ ਦਾ ਕਿਰਾਇਆ 1500 ਰੁਪਏ ਹੈ। ਸਬ-ਡਵੀਜ਼ਨ ਨਕੋਦਰ ਅਧੀਨ ਨਕੋਦਰ ਹੋਟਲ ਦੇ 6 ਕਮਰੇ, ਜਿਨ੍ਹਾਂ 'ਚ ਸਿੰਗਲ ਬੈੱਡ 3000, ਡਬਲ ਬੈੱਡ 4500 ਰੁਪਏ, ਸਬ-ਡਵੀਜ਼ਨ ਫਿਲੌਰ ਅਧੀਨ ਸਤਲੁਜ ਕਲਾਸਿਕ ਫਿਲੌਰ ਦੇ 20 ਕਮਰੇ, ਜਿਥੇ ਕਮਰੇ ਦਾ ਕਿਰਾਇਆ 2200 ਰੁਪਏ, ਤਾਜ ਹੋਟਲ ਫਿਲੌਰ ਦੇ 7 ਕਮਰੇ, ਜਿਨ੍ਹਾਂ 'ਚ ਕਮਰੇ ਦਾ ਕਿਰਾਇਆ 1500 ਰੁਪਏ ਨਿਰਧਾਰਤ ਕੀਤਾ ਗਿਆ ਹੈ। ਇਨ੍ਹਾਂ ਹੋਟਲਾਂ ਤੋਂ ਇਲਾਵਾ ਬਰਲਟਨ ਪਾਰਕ ਨੇੜੇ ਡੀਏਵੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ 100 ਕਮਰੇ, ਜਿਥੇ ਕਮਰੇ ਦਾ ਕਿਰਾਇਆ 1000 ਰੁਪਏ ਨਿਰਧਾਰਤ ਕੀਤਾ ਗਿਆ ਹੈ। ਡੀਸੀ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਹੋਟਲਾਂ ਦਾ ਇਹ ਕਿਰਾਇਆ ਪ੍ਰਤੀ ਦਿਨ ਦਾ ਹੋਵੇਗਾ, ਜਿਸ ਵਿਚ ਹੋਟਲ ਵਾਲੇ ਯਾਤਰੀ ਨੂੰ ਤਿੰਨ ਟਾਈਮ ਖਾਣਾ, ਦੋ ਟਾਈਮ ਚਾਹ ਅਤੇ ਇਕ ਟਾਈਮ ਦੁੱਧ ਮੁਹੱਈਆ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਹੋਟਲਾਂ ਦੇ ਬਾਹਰ 'ਕੁਆਰੰਟਾਈਨ ਫੈਸਿਲਟੀ' ਦਾ ਬੋਰਡ ਲਾਇਆ ਜਾਣਾ ਜ਼ਰੂਰੀ ਹੋਵੇਗੀ ਅਤੇ ਇਨ੍ਹਾਂ ਹੋਟਲਾਂ ਵਿਚ ਕੁਆਰੰਟਾਈਨ ਕੀਤੇ ਗਏ ਵਿਅਕਤੀਆਂ ਤੋਂ ਇਲਾਵਾ ਹੋਰ ਕਿਸੇ ਵੀ ਮਹਿਮਾਨ ਦੇ ਠਹਿਰਨ 'ਤੇ ਪਾਬੰਦੀ ਹੋਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਹੋਟਲਾਂ ਵਿਚ ਸਮੇਂ-ਸਮੇਂ 'ਤੇ ਸਿਹਤ ਵਿਭਾਗ ਦੀਆਂ ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਕਰਵਾਉਣ ਤੇ ਚੈਕਿੰਗ ਦੀ ਜ਼ਿੰਮੇਵਾਰੀ ਸਿਵਲ ਸਰਜਨ ਦੀ ਹੋਵੇਗੀ। ਇਸ ਦੇ ਨਾਲ ਹੀ ਵਿਦੇਸ਼ੋ ਪਰਤਣ ਵਾਲੇ ਯਾਤਰੀਆਂ ਦੀ ਸਕਰੀਨਿੰਗ ਲਈ ਮੈਡੀਕਲ ਟੀਮਾਂ ਨੂੰ ਪਹਿਲਾਂ ਹੀ ਤਿਆਰ ਰੱਖਣ ਦੀ ਜ਼ਿੰਮੇਵਾਰੀ ਵੀ ਸਿਵਲ ਸਰਜਨ ਦੀ ਹੋਵੇਗੀ ਜਦੋਂਕਿ ਸੁਰੱਖਿਆ ਦੇ ਪ੍ਰਬੰਧ ਪੁਲਿਸ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁਖੀ ਦਿਹਾਤੀ ਵੱਲੋਂ ਕੀਤੇ ਜਾਣਗੇ।