ਪੁਲਿਸ ਨੇ ਦੱਸਿਆ ਕਿ ਮੁਸਤੈਦ ਮੁਲਾਜ਼ਮਾਂ ਨੇ ਤੁਰੰਤ ਗੱਡੀ ਰੁਕਵਾ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਸ਼ੱਕ ਦੇ ਅਧਾਰ 'ਤੇ ਉਸ ਵਿਅਕਤੀ ਨੂੰ ਘੇਰ ਕੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸਨੇ ਆਪਣੀ ਪਛਾਣ ਵਿਕਾਸ ਐਰੀ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਜੈਜੋਂ, ਵਜੋਂ ਦੱਸੀ।

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹੇ ਅੰਦਰ ਨਸ਼ਿਆਂ ਦੇ ਫੈਲ ਰਹੇ ਜਾਲ ਨੂੰ ਤੋੜਨ ਲਈ ਹੁਸ਼ਿਆਰਪੁਰ ਪੁਲਿਸ ਵੱਲੋਂ ਚਲਾਈ ਜਾ ਰਹੀ ਸਖ਼ਤ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀਆਂ ਟੀਮਾਂ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਮੁਸਤੈਦੀ ਵਰਤਦੇ ਹੋਏ ਚਾਰ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਅਤੇ ਨਸ਼ੇ ਦੀ ਹਾਲਤ ਵਿੱਚ ਕਾਬੂ ਕਰਕੇ ਐਨ.ਡੀ.ਪੀ.ਐਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਹਨ।
ਪੁਰਹੀਰਾਂ ਬਾਈਪਾਸ ਕੋਲ ਨੀਲੇ ਬੋਰੇ 'ਚੋਂ ਮਿਲੀ ਅੱਠ ਕਿਲੋ ਤੋਂ ਵੱਧ ਭੁੱਕੀ, ਇੱਕ ਕਾਬੂ
ਇੰਡਸਟਰੀਅਲ ਫੋਕਲ ਪੁਆਇੰਟ ਪੁਰਹੀਰਾਂ ਥਾਣੇ ਦੇ ਏ.ਐਸ.ਆਈ. ਦੀਪਕ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਸਰਕਾਰੀ ਗੱਡੀ ਵਿੱਚ ਇਲਾਕੇ ਅੰਦਰ ਸ਼ੱਕੀ ਵਾਹਨਾਂ ਅਤੇ ਮਾੜੇ ਅਨਸਰਾਂ ਦੀ ਚੈਕਿੰਗ ਲਈ ਨਿਕਲੀ ਹੋਈ ਸੀ। ਪੁਰਹੀਰਾਂ-ਫਗਵਾੜਾ ਬਾਈਪਾਸ 'ਤੇ ਨਾਕਾਬੰਦੀ ਦੌਰਾਨ ਜਦੋਂ ਪੁਲਿਸ ਪਾਰਟੀ ਜਾਹਰਾ ਜਹੂਰ ਗੁਰਦੁਆਰਾ ਸਾਹਿਬ ਤੋਂ ਗਸ਼ਤ ਕਰਦੀ ਹੋਈ ਵਰਧਮਾਨ ਫੈਕਟਰੀ ਵੱਲ ਜਾ ਰਹੀ ਸੀ, ਤਾਂ ਈ.ਐੱਸ.ਆਈ. ਹਸਪਤਾਲ ਦੇ ਮੋੜ ਕੋਲ ਇੱਕ ਪੈਦਲ ਆ ਰਿਹਾ ਨੌਜਵਾਨ ਪੁਲਿਸ ਦੇ ਰਾਡਾਰ 'ਤੇ ਆ ਗਿਆ। ਪੁਲਿਸ ਨੂੰ ਦੇਖਦਿਆਂ ਹੀ ਉਸਨੇ ਆਪਣੇ ਸੱਜੇ ਮੋਢੇ 'ਤੇ ਚੁੱਕਿਆ ਨੀਲੇ ਰੰਗ ਦਾ ਪਲਾਸਟਿਕ ਦਾ ਬੋਰਾ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਪਿੱਛੇ ਨੂੰ ਭੱਜਣ ਦੀ ਕੋਸ਼ਿਸ਼ ਕਰਨ ਲੱਗਾ।
ਪੁਲਿਸ ਨੇ ਦੱਸਿਆ ਕਿ ਮੁਸਤੈਦ ਮੁਲਾਜ਼ਮਾਂ ਨੇ ਤੁਰੰਤ ਗੱਡੀ ਰੁਕਵਾ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਸ਼ੱਕ ਦੇ ਅਧਾਰ 'ਤੇ ਉਸ ਵਿਅਕਤੀ ਨੂੰ ਘੇਰ ਕੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸਨੇ ਆਪਣੀ ਪਛਾਣ ਵਿਕਾਸ ਐਰੀ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਜੈਜੋਂ, ਵਜੋਂ ਦੱਸੀ। ਪੁਲਿਸ ਮੁਤਾਬਕ ਜਦੋਂ ਸੜਕ ਕਿਨਾਰੇ ਸੁੱਟੇ ਗਏ ਨੀਲੇ ਪਲਾਸਟਿਕ ਦੇ ਬੋਰੇ ਦਾ ਮੂੰਹ ਖੋਲ੍ਹ ਕੇ ਤਲਾਸ਼ੀ ਲਈ ਗਈ, ਤਾਂ ਉਸ ਵਿੱਚੋਂ ਕਥਿਤ ਤੌਰ ’ਤੇ 08 ਕਿਲੋ 460 ਗ੍ਰਾਮ ਡੋਡੇ ਚੂਰਾ ਪੋਸਤ (ਭੁੱਕੀ) ਬਰਾਮਦ ਹੋਈ।
ਝਾੜੀਆਂ ਦੀ ਓਹਲੇ ਸਿਲਵਰ ਪੰਨੀ 'ਤੇ ਨਸ਼ਾ ਕਰਦਾ ਨੌਜਵਾਨ ਰੰਗੇ ਹੱਥੀਂ ਦਬੋਚਿਆ
ਥਾਣਾ ਮਾਡਲ ਟਾਊਨ ਦੇ ਏ.ਐਸ.ਆਈ. ਰਾਮ ਮੂਰਤੀ ਦੀ ਅਗਵਾਈ ਹੇਠ ਪੁਲਿਸ ਟੀਮ ਪ੍ਰਾਈਵੇਟ ਵਾਹਨ 'ਤੇ ਸਵਾਰ ਹੋ ਕੇ ਭਗਤ ਨਗਰ ਇਲਾਕੇ 'ਚ ਚੈਕਿੰਗ ਕਰ ਰਹੀ ਸੀ। ਜਦੋਂ ਪੁਲਿਸ ਪਾਰਟੀ ਵਣ ਵਿਭਾਗ ਦੇ ਦਫ਼ਤਰ ਬਸੀ ਜਾਨਾਂ ਦੇ ਪਿੱਛੇ ਵਾਲੇ ਕੱਚੇ ਰਸਤੇ ਤੋਂ ਹੁੰਦੇ ਹੋਏ ਪਿੰਡ ਹਰਦੋਖਾਨਪੁਰ ਵੱਲ ਜਾ ਰਹੀ ਸੀ, ਤਾਂ ਰਾਹ ਦੇ ਸੱਜੇ ਪਾਸੇ ਝਾੜੀਆਂ ਦੀ ਓਹਲੇ ਇੱਕ ਨੌਜਵਾਨ ਸ਼ੱਕੀ ਹਾਲਤ ਵਿੱਚ ਬੈਠਾ ਦਿਖਾਈ ਦਿੱਤਾ।
ਪੁਲਿਸ ਅਨੁਸਾਰ ਉਕਤ ਨੌਜਵਾਨ ਕਥਿਤ ਤੌਰ ’ਤੇ ਆਪਣੇ ਸੱਜੇ ਹੱਥ ਵਿੱਚ ਫੜੇ ਲਾਈਟਰ ਨਾਲ ਖੱਬੇ ਹੱਥ ਵਾਲੀ ਸਿਲਵਰ ਵਰਕ ਦੀ ਪੰਨੀ ਦੇ ਹੇਠਾਂ ਅੱਗ ਬਾਲ ਰਿਹਾ ਸੀ ਅਤੇ 10 ਰੁਪਏ ਦੇ ਨੋਟ ਨੂੰ ਰੋਲ ਕਰਕੇ ਬਣਾਈ ਪਾਈਪ ਰਾਹੀਂ ਉੱਡ ਰਹੇ ਧੂੰਏਂ ਨੂੰ ਨੱਕ ਰਾਹੀਂ ਅੰਦਰ ਖਿੱਚ ਰਿਹਾ ਸੀ। ਪੁਲਿਸ ਨੂੰ ਸਾਹਮਣੇ ਦੇਖ ਕੇ ਉਹ ਘਬਰਾ ਗਿਆ ਅਤੇ ਨਸ਼ੇ ਦੀ ਸਮੱਗਰੀ ਸੁੱਟ ਕੇ ਭੱਜਣ ਲੱਗਾ। ਪੁਲਿਸ ਪਾਰਟੀ ਨੇ ਮੁਸਤੈਦੀ ਦਿਖਾਉਂਦੇ ਹੋਏ ਉਸਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ, ਜਿਸਦੀ ਪਛਾਣ ਸੁਰਿੰਦਰ ਸਿੰਘ ਪੁੱਤਰ ਲੇਟ ਸੁਰਜੀਤ ਸਿੰਘ ਵਾਸੀ ਸਥਾਨਕ ਮੁਹੱਲਾ ਨੀਲ ਕੰਠ ਵਜੋਂ ਹੋਈ ਹੈ।
ਡੋਪ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਦੋ ਨੌਜਵਾਨ ਕਾਬੂ
ਥਾਣਾ ਮੇਹਟੀਆਣਾ ਦੇ ਏ.ਐਸ.ਆਈ. ਸਤਨਾਮ ਸਿੰਘ ਸਮੇਤ ਸਾਥੀ ਮੁਲਾਜ਼ਮਾਂ ਦੇ ਪਿੰਡ ਮੁਖਲਿਆਣਾ ਤੋਂ ਪੰਡੌਰੀ ਕੱਦ ਹੁੰਦੇ ਹੋਏ ਅੱਤੋਵਾਲ ਵੱਲ ਗਸ਼ਤ 'ਤੇ ਸਨ। ਜਦੋਂ ਪੁਲਿਸ ਪਾਰਟੀ ਤਨੂੰਲੀ ਪੁੱਲ ਦੇ ਬਾਹਰ ਮੌਜੂਦ ਸੀ, ਤਾਂ ਇੱਕ ਖ਼ਾਸ ਮੁਖ਼ਬਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਇਲਾਕੇ ਦੇ ਦੋ ਨੌਜਵਾਨ ਜੋ ਨਸ਼ੇ ਦੇ ਆਦੀ ਹਨ, ਇਸ ਵੇਲੇ ਪੰਡੌਰੀ ਕੱਦ ਦੇ ਨਜ਼ਦੀਕ ਨਸ਼ੇ ਦੀ ਲੋਰ ਵਿੱਚ ਘੁੰਮ ਰਹੇ ਹਨ।
ਪੁਲਿਸ ਨੇ ਦੱਸਿਆ ਕਿ ਮੁਖ਼ਬਰ ਦੀ ਪੱਕੀ ਸੂਚਨਾ ਦੇ ਅਧਾਰ 'ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਨੌਜਵਾਨਾਂ ਨੂੰ ਘੇਰ ਕੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਪਹਿਲੇ ਨੇ ਆਪਣਾ ਨਾਮ ਸਰਨਪ੍ਰੀਤ ਸਿੰਘ ਪੁੱਤਰ ਗੁਰਮੀਤ ਚੰਦ ਅਤੇ ਦੂਜੇ ਨੇ ਅਰੁਨ ਕੁਮਾਰ ਪੁੱਤਰ ਮਲਕੀਤ ਸਿੰਘ, ਦੋਵੇਂ ਵਾਸੀ ਪਿੰਡ ਪੰਡੌਰੀ ਕੱਦ ਦੱਸਿਆ। ਪੁਲਿਸ ਦੋਵਾਂ ਨੂੰ ਹਿਰਾਸਤ ਵਿੱਚ ਲੈ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚੀ, ਜਿੱਥੇ ਉਨ੍ਹਾਂ ਦਾ ਡੋਪ ਟੈਸਟ ਕਰਵਾਇਆ ਗਿਆ, ਜੋ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ।