ਥਾਣਾ ਸਦਰ ਹੁਸ਼ਿਆਰਪੁਰ ਦੀ ਪੁਲਿਸ ਨੇ ਇਕ ਵਿਆਹੁਤਾ ਨੂੰ ਕਥਿਤ ਤੌਰ ‘ਤੇ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਉਸ ਦੇ ਪਤੀ ਤੇ ਸੱਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਸ ਦਾ ਦਿਓਰ ਅਜੇ ਵੀ ਪੁਲਿਸ ਦੀ ਗ੍ਰਿਫ਼ਤਾਰੀ ਤੋਂ ਬਾਹਰ ਹੈ। ਮ੍ਰਿਤਕਾ ਦੀ ਪਛਾਣ ਪ੍ਰਿਆ (31) ਪਤਨੀ ਰਾਜਨ ਵਾਸੀ ਅੰਮ੍ਰਿਤ ਨਗਰ, ਆਦਮਵਾਲ ਰੋਡ, ਹੁਸ਼ਿਆਰਪੁਰ ਵਜੋਂ ਹੋਈ ਹੈ।

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਥਾਣਾ ਸਦਰ ਹੁਸ਼ਿਆਰਪੁਰ ਦੀ ਪੁਲਿਸ ਨੇ ਇਕ ਵਿਆਹੁਤਾ ਨੂੰ ਕਥਿਤ ਤੌਰ ‘ਤੇ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਉਸ ਦੇ ਪਤੀ ਤੇ ਸੱਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਸ ਦਾ ਦਿਓਰ ਅਜੇ ਵੀ ਪੁਲਿਸ ਦੀ ਗ੍ਰਿਫ਼ਤਾਰੀ ਤੋਂ ਬਾਹਰ ਹੈ। ਮ੍ਰਿਤਕਾ ਦੀ ਪਛਾਣ ਪ੍ਰਿਆ (31) ਪਤਨੀ ਰਾਜਨ ਵਾਸੀ ਅੰਮ੍ਰਿਤ ਨਗਰ, ਆਦਮਵਾਲ ਰੋਡ, ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਿਸ ਮੁਤਾਬਕ ਪ੍ਰਿਆ ਦਾ ਵਿਆਹ ਕਰੀਬ 8 ਸਾਲ ਪਹਿਲਾਂ ਰਾਜਨ ਨਾਲ ਹੋਇਆ ਸੀ ਤੇ ਉਨ੍ਹਾਂ ਦਾ ਇਕ ਪੁੱਤਰ ਲਵ ਕੁਮਾਰ (6) ਵੀ ਹੈ। ਦੋਸ਼ ਹੈ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦਾ ਪਤੀ ਰਾਜਨ, ਸੱਸ ਰਾਣੋ ਤੇ ਦਿਓਰ ਪਰਮਵੀਰ ਉਸ ਨੂੰ ਨਿੱਕੀ-ਨਿੱਕੀ ਗੱਲ ’ਤੇ ਤਾਹਨੇ-ਮਿਹਣੇ ਮਾਰਦੇ ਸਨ ਤੇ ਕਥਿਤ ਤੌਰ ’ਤੇ ਤੰਗ-ਪਰੇਸ਼ਾਨ ਕਰਦੇ ਰਹਿੰਦੇ ਸਨ।
ਪੁਲਿਸ ਅਨੁਸਾਰ ਕਰੀਬ 15 ਦਿਨ ਪਹਿਲਾਂ ਪ੍ਰਿਆ ਦਾ ਭਰਾ ਅਭਿਸ਼ੇਕ ਸ਼ਰਮਾ ਵਾਸੀ ਪਿੰਡ ਘਾਗੋ ਰੋੜਾ ਵਾਲੀ ਆਪਣੀ ਪਤਨੀ ਰੇਖਾ ਰਾਣੀ ਸਮੇਤ ਉਸ ਨੂੰ ਮਿਲਣ ਆਇਆ ਸੀ। ਦੋਸ਼ ਹੈ ਕਿ ਉਸ ਰਾਤ ਪ੍ਰਿਆ ਦਾ ਦਿਓਰ ਪਰਮਵੀਰ ਕਥਿਤ ਤੌਰ ’ਤੇ ਸ਼ਰਾਬੀ ਹਾਲਤ ’ਚ ਆ ਕੇ ਉਸ ਨਾਲ ਗ਼ਲਤ ਵਿਵਹਾਰ ਕਰਨ ਲੱਗ ਪਿਆ, ਜਿਸ ‘ਤੇ ਪ੍ਰਿਆ ਨੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਮਾਮਲੇ ਸਬੰਧੀ ਜਦੋਂ ਪ੍ਰਿਆ ਦੇ ਪੇਕਾ ਪਰਿਵਾਰ ਵੱਲੋਂ ਪੰਚਾਇਤ ’ਚ ਗੱਲ ਕਰਨ ਲਈ ਉਸ ਦੇ ਪਤੀ ਰਾਜਨ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਕਥਿਤ ਤੌਰ ’ਤੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦੀ ਧਮਕੀ ਦਿੱਤੀ। ਦੋਸ਼ ਹੈ ਕਿ ਇਸ ਘਟਨਾ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ ਪ੍ਰਿਆ ਨੂੰ ਹੋਰ ਵੀ ਜ਼ਿਆਦਾ ਤੰਗ ਕੀਤਾ ਜਾਣ ਲੱਗ ਪਿਆ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ ਗਈ।
ਪੁਲਿਸ ਮੁਤਾਬਕ ਪ੍ਰਿਆ ਨੇ ਫੋਨ ’ਤੇ ਰੋਦੇ ਹੋਏ ਆਪਣੇ ਪੇਕਾ ਪਰਿਵਾਰ ਨੂੰ ਦੱਸਿਆ ਸੀ ਕਿ ਉਹ ਇਨ੍ਹਾਂ ਕਥਿਤ ਅੱਤਿਆਚਾਰਾਂ ਤੋਂ ਤੰਗ ਆ ਚੁੱਕੀ ਹੈ ਤੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਸਕਦੀ ਹੈ। ਪਰਿਵਾਰ ਵੱਲੋਂ ਉਸ ਨੂੰ ਸਮਝਾਇਆ ਗਿਆ ਕਿ ਉਹ ਜਲਦੀ ਆ ਕੇ ਮਾਮਲੇ ‘ਤੇ ਗੱਲਬਾਤ ਕਰਨਗੇ। ਇਸ ਦੌਰਾਨ ਬੀਤੇ ਸ਼ਨੀਵਾਰ ਦੁਪਹਿਰ ਕਰੀਬ 2:10 ਵਜੇ ਪ੍ਰਿਆ ਦੇ ਪਤੀ ਰਾਜਨ ਵੱਲੋਂ ਉਸ ਦੀ ਮਾਤਾ ਨੂੰ ਫੋਨ ਕਰ ਕੇ ਦੱਸਿਆ ਗਿਆ ਕਿ ਪ੍ਰਿਆ ਦੀ ਤਬੀਅਤ ਖ਼ਰਾਬ ਹੈ ਅਤੇ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਲੈ ਕੇ ਜਾਣਾ ਹੈ, ਜਿਸ ਲਈ ਪੈਸਿਆਂ ਦੀ ਲੋੜ ਹੈ। ਜਦੋਂ ਲੜਕੀ ਦਾ ਪੇਕਾ ਪਰਿਵਾਰ ਪੈਸੇ ਲੈ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਪ੍ਰਿਆ ਦੀ ਮੌਤ ਹੋ ਚੁੱਕੀ ਸੀ। ਦੋਸ਼ ਹੈ ਕਿ ਸਹੁਰਾ ਪਰਿਵਾਰ ਉਸ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਸੀ।
ਥਾਣਾ ਸਦਰ ਦੇ ਮੁੱਖ ਅਫ਼ਸਰ ਸਬ-ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਜੋਧਾ ਲਾਲ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਕੇ ਪਤੀ ਰਾਜਨ ਤੇ ਸੱਸ ਰਾਣੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਫ਼ਰਾਰ ਦਿਓਰ ਪਰਮਵੀਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਮਾਮਲੇ ਦੀ ਅਗਲੇਰੀ ਤਫ਼ਤੀਸ਼ ਕੀਤੀ ਜਾ ਰਹੀ ਹੈ।