Hoshiarpur Crime : ਪਿੰਡ ਭਾਰਟਾ ਦੇ 21 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਦੋ ਮੁਲਜ਼ਮ ਗ੍ਰਿਫ਼ਤਾਰ
ਥਾਣਾ ਚੱਬੇਵਾਲ ਦੀ ਪੁਲਿਸ ਨੇ ਮਾਹਿਲਪੁਰ ਨਾਲ ਲੱਗਦੇ ਪਿੰਡ ਭਾਰਟਾ ਗਣੇਸ਼ਪੁਰ ਦੇ ਇੱਕ 21 ਸਾਲਾ ਨੌਜਵਾਨ ਦੇ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Publish Date: Sun, 24 May 2026 05:40 PM (IST)
Updated Date: Sun, 24 May 2026 05:44 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਥਾਣਾ ਚੱਬੇਵਾਲ ਦੀ ਪੁਲਿਸ ਨੇ ਮਾਹਿਲਪੁਰ ਨਾਲ ਲੱਗਦੇ ਪਿੰਡ ਭਾਰਟਾ ਗਣੇਸ਼ਪੁਰ ਦੇ ਇੱਕ 21 ਸਾਲਾ ਨੌਜਵਾਨ ਦੇ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਉਂਕਾਰ ਭੋਪਾਲ ਪੁੱਤਰ ਮੋਹਣ ਲਾਲ ਵਾਸੀ ਭਾਰਟਾ ਨੇ ਥਾਣਾ ਚੱਬੇਵਾਲ ਦੀ ਪੁਲਿਸ ਨੂੰ ਦਿੱਤੀ ਦਰਖਾਸਤ ’ਚ ਦੱਸਿਆ ਕਿ ਮੇਰਾ ਲੜਕਾ ਭੁਪਿੰਦਰ ਭੁਪਾਲ ਉਮਰ ਕਰੀਬ 21 ਸਾਲ ਜੋ ਕਿ ਅਰਸਾ ਕਰੀਬ ਦੋ ਮਹੀਨੇ ਤੋਂ ਫੀਕੋ ਕੰਪਨੀ ਦੇ ਮਾਲਕ ਹਰਵਿੰਦਰ ਸਿੰਘ ਦੇ ਨਾਲ ਪਿੰਡਾਂ ਵਿੱਚ ਘੁੰਮ ਫਿਰ ਕੇ ਕਿਸ਼ਤਾਂ ਤੇ ਸਮਾਨ ਸਪਲਾਈ ਕਰਨ ਦਾ ਅਤੇ ਰਿਕਵਰੀ ਕਰਨ ਦਾ ਕੰਮ ਕਰਦਾ ਸੀ, 21 ਮਈ ਨੂੰ ਸਵੇਰੇ ਵਕਤ ਕਰੀਬ 9:30 ਵਜੇ ਆਪਣੇ ਕੰਮ ਤੇ ਆਪਣੀ ਐਕਟਿਵਾ ਨੰਬਰੀ (ਪੀ.ਬੀ.24ਐਫ.3612) ’ਤੇ ਸਵਾਰ ਹੋ ਕੇ ਘਰੋਂ ਗਿਆ ਸੀ ਤਾਂ ਦੇਰ ਸ਼ਾਮ ਵਕਤ ਕਰੀਬ 9:00 ਵਜੇ ਉਸ ਨੇ ਆਪਣੇ ਲੜਕੇ ਨੂੰ ਫੋਨ ਕਰਕੇ ਪੁੱਛਿਆ ਕਿ ਘਰ ਕਿਉਂ ਨਹੀਂ ਆਇਆ ਜਿਸ ਨੇ ਦੱਸਿਆ ਕਿ ਉਹ ਅਤੇ ਉਸ ਦਾ ਦੋਸਤ ਸਮਿਤ ਸਿੰਘ ਉਰਫ ਬੱਬੂ ਮਾਨ ਪੁੱਤਰ ਲਖਵਿੰਦਰ ਸਿੰਘ ਵਾਸੀ ਨੂਰਪੁਰ ਬ੍ਰਾਹਮਣਾ ਅਜੇ ਤੱਕ ਫੀਲਡ ਵਿੱਚ ਹੀ ਕਿਸ਼ਤਾਂ ਇਕੱਠੀਆਂ ਕਰ ਰਹੇ ਹਨ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਭਗਤੂਪੁਰ ਨਕਲਾਂ ਦੇਖਣ ਜਾਣਾਂ ਹੈ ਅਤੇ ਰਾਤ 12:00 ਵਜੇ ਤੱਕ ਵਾਪਸ ਆ ਜਾਣਗੇ।
ਵਕਤ ਕਰੀਬ 11:15 ਪੀ.ਐਮ. ਵਜੇ ਜਦੋਂ ਉਸ ਨੇ ਆਪਣੇ ਲੜਕੇ ਦੇ ਮੋਬਾਇਲ ਫੋਨ ਤੇ ਸੰਪਰਕ ਕੀਤਾ ਤਾਂ ਉਸ ਨੇ ਉਸ ਨੂੰ ਕਿਹਾ ਕਿ ਅੱਜ ਉਸ ਨੇ ਆਪਣੇ ਦੋਸਤ ਕੁਲਵੀਰ ਸਿੰਘ ਉਰਫ ਮੰਗੂ ਪੁੱਤਰ ਪਰਮਜੀਤ ਸਿੰਘ ਵਾਸੀ ਖੈਰੜ ਅੱਛਰਵਾਲ ਦੇ ਘਰ ਰੁਕਣਾਂ ਹੈ। ਉਸ ਤੋਂ ਬਾਅਦ ਉਸ ਦੇ ਲੜਕੇ ਦਾ ਮੋਬਾਇਲ ਫੋਨ ਬੰਦ ਆਉਣ ਲੱਗ ਪਿਆ।
ਉਨ੍ਹਾਂ ਦੱਸਿਆ ਕਿ 22 ਮਈ ਨੂੰ ਸਵੇਰੇ ਉਠਦੇ ਹੀ ਉਸ ਨੇ ਆਪਣੇ ਲੜਕੇ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਜਦ ਉਹ ਭਾਲ ਕਰਦੇ ਕਰਦੇ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ ਵਕਤ ਕਰੀਬ 1:00 ਵਜੇ ਦੁਪਹਿਰ ਪਿੰਡ ਸਰਿਹਾਲਾ ਕਲਾਂ ਖੇਤਾਂ ਨੂੰ ਜਾਂਦੇ ਕੱਚੇ ਰਸਤੇ ਵੱਲ ਨੂੰ ਜਾ ਰਹੇ ਸੀ ਤਾਂ ਖੇਤਾਂ ਨੂੰ ਜਾਂਦੇ ਕੱਚੇ ਰਸਤੇ ਪਰ ਉਸ ਦੇ ਲੜਕੇ ਦੀ ਉਕਤ ਨੰਬਰੀ ਐਕਟਿਵਾ ਖੜੀ ਸੀ ਤੇ ਕੋਲ ਹੀ ਉਸ ਦੇ ਲੜਕੇ ਭੁਪਿੰਦਰ ਭੁਪਾਲ ਦੀ ਲਾਸ਼ ਪਈ ਸੀ ਜਿਸ ਨੂੰ ਉਸ ਨੇ ਹਿਲਾ ਜੁਲਾ ਕੇ ਦੇਖਿਆ ਤਾਂ ਉਹ ਨਹੀਂ ਹਿੱਲਿਆ ਉਸ ਦੀ ਮੋਤ ਹੋ ਚੁੱਕੀ ਸੀ। ਜਿਸ ਸਬੰਧੀ ਮੁੱਕਦਮਾ ਦਰਜ ਕਰਕੇ ਪੁਲਿਸ ਨੇ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ।