ਰਾਕੇਸ਼ ਗਾਂਧੀ, ਜਲੰਧਰ : ਅਵਤਾਰ ਨਗਰ ਦੀ ਗਲੀ ਨੰਬਰ ਇਕ ਵਿਚ ਸਥਿਤ ਇਕ ਘਰ ਵਿਚ ਉਸ ਵੇਲੇ ਅੱਗ ਲੱਗ ਗਈ, ਜਦ ਘਰ ਦੇ ਮੈਂਬਰ ਕਿਧਰੇ ਬਾਹਰ ਗਏ ਹੋਏ ਸਨ। ਅੱਗ ਲੱਗਣ ਕਾਰਨ ਲੱਖਾਂ ਰੁਪਇਆਂ ਦਾ ਸਾਮਾਨ ਅਤੇ ਹਜ਼ਾਰਾਂ ਦੀ ਨਕਦੀ ਸੁਆਹ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਲਸ਼ਨ ਸਚਦੇਵਾ ਵਾਸੀ ਅਵਤਾਰ ਨਗਰ ਨੇ ਦੱਸਿਆ ਕਿ ਉਹ ਅੱਜ ਸਵੇਰੇ ਆਪਣੇ ਕੰਮ 'ਤੇ ਚਲਾ ਗਿਆ ਤੇ ਉਸ ਦੀ ਪਤਨੀ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਚਲੀ ਗਈ। ਕੁਝ ਸਮੇਂ ਬਾਅਦ ਗੁਆਂਢੀਆਂ ਨੇ ਉਸ ਦੀ ਪਤਨੀ ਨੂੰ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਚੋਂ ਧੂੰਆਂ ਨਿਕਲ ਰਿਹਾ ਹੈ। ਜਦ ਉਸ ਦੀ ਪਤਨੀ ਘਰ ਵਾਪਸ ਪਰਤੀ ਅਤੇ ਦਰਵਾਜ਼ਾ ਖੋਲ੍ਹ ਕੇ ਅੰਦਰ ਦੇਖਿਆ। ਅੰਦਰ ਅੱਗ ਦੇ ਭਾਂਬੜ ਮਚੇ ਹੋਏ ਸਨ, ਜਿਸ ਦੀ ਸੂਚਨਾ ਉਸ ਨੇ ਤੁਰੰਤ ਫਾਇਰ ਬਿ੍ਗੇਡ ਦੀ ਟੀਮ ਨੂੰ ਦਿੱਤੀ। ਫਾਇਰ ਬਿ੍ਗੇਡ ਦੀ ਟੀਮ ਨੇ ਜਦ ਤਕ ਮੌਕੇ 'ਤੇ ਆ ਕੇ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ, ਤਦ ਤਕ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ।

ਗੁਲਸ਼ਨ ਨੇ ਦੱਸਿਆ ਇਸ ਤੋਂ ਇਲਾਵਾ ਘਰ ਵਿਚ ਪਏ ਪੰਜਾਹ ਹਜ਼ਾਰ ਰੁਪਏ ਵੀ ਸੜ ਕੇ ਸੁਆਹ ਹੋ ਗਏ। ਗੁਲਸ਼ਨ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋ ਸਕਦਾ ਹੈ।